ਈਡਨਬਰਗ ਗੁਰੂਘਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ

ਈਡਨਬਰਗ ਗੁਰੂਘਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ

ਲੰਡਨ/ਬਿਊਰੋ ਨਿਊਜ਼ :

ਸਕਾਟਲੈਂਡ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਇੰਗਲੈਂਡ ਦੇ ਈਡਨਬਰਗ (ਈਡਨਬਰਾ) ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਲੈ ਕੇ 49 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਵਿਅਕਤੀ ਨੂੰ ਈਡਨਬਰਗ ਸ਼ੈਰਿਫ ਕੋਰਟ ‘ਚ ਪੇਸ਼ ਕੀਤਾ ਗਿਆ, ਹਾਲਾਂਕਿ ਉਸ ਦਾ ਨਾਂਅ ਜਨਤਕ ਨਹੀਂ ਕੀਤਾ ਗਿਆ। ਇਹ ਘਟਨਾ ਮੰਗਲਵਾਰ 28 ਅਗਸਤ ਨੂੰ ਤੜਕਸਾਰ ਵਾਪਰੀ ਸੀ, ਜਿਸ ਦੌਰਾਨ ਗੁਰਦੁਆਰਾ ਸਾਹਿਬ ‘ਤੇ ਹਮਲੇ ਕਾਰਨ ਮੁੱਖ ਦੁਆਰ ਨੁਕਸਾਨਿਆਂ ਗਿਆ ਸੀ। ਜ਼ਿਕਰਯੋਗ ਹੈ ਕਿ ਜਿਸ ਥਾਂ ‘ਤੇ ਇਹ ਗੁਰਦੁਆਰਾ ਸਾਹਿਬ ਸਥਾਪਤ ਹੈ, ਉੱਥੇ ਪਹਿਲਾਂ ਚਰਚ ਸੀ। ਇਹ ਗੁਰਦੁਆਰਾ ਸਾਹਿਬ ਸਕਾਟਲੈਂਡ ਦਾ ਇੱਕੋ-ਇਕ ਗੁਰਦੁਆਰਾ ਹੈ, ਜਿੱਥੇ 500 ਦੇ ਕਰੀਬ ਸਿੱਖ ਸ਼ਰਧਾਲੂ ਆਉਂਦੇ ਹਨ।
ਸਕਾਟਲੈਂਡ ਦੀ ਫ਼ਸਟ ਮੰਤਰੀ ਨਿਕੋਲਾ ਸਟ੍ਰਜਨ ਅਤੇ ਸਕਾਟਲੈਂਡ ਦੇ ਨਿਆਂ ਸਕੱਤਰ ਹਮਜ਼ਾ ਯੂਸਫ਼ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ। ਦੋਵਾਂ ਨੇ ਇਸ ਘਟਨਾ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਮਪੀ. ਤਨਮਨਜੀਤ ਸਿੰਘ ਢੇਸੀ, ਐਮਪੀ. ਵਰਿੰਦਰ ਸ਼ਰਮਾ ਸਮੇਤ ਹੋਰ ਕਈ ਸੰਸਦ ਮੈਂਬਰਾਂ ਤੇ ਲੋਕਾਂ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਬੇਨਤੀ ਕੀਤੀ ਕਿ ਇਸ ਘਟਨਾ ‘ਤੇ ਕਾਰਵਾਈ ਕੀਤੀ ਜਾਵੇ ਅਤੇ ਸਿੱਖਾਂ ਖ਼ਿਲਾਫ਼ ਹੋ ਰਹੇ ਨਫ਼ਰਤੀ ਅਪਰਾਧਾਂ ਵਿਰੁੱਧ ਢੁਕਵੇਂ ਕਦਮ ਉਠਾਏ ਜਾਣ। ਸਿੱਖ ਫੈੱਡਰੇਸ਼ਨ ਯੂਕੇ. ਦੇ ਭਾਈ ਨਰਿੰਦਰਜੀਤ ਸਿੰਘ ਨੇ ਕਿਹਾ ਕਿ ਉਕਤ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਅਤੇ ਅਜਿਹੇ ਹਮਲੇ ਨਫ਼ਰਤੀ ਅਪਰਾਧਾਂ ਨਾਲ ਜੁੜੇ ਹੋਏ ਹਨ।