ਮਹਿਜ਼ ਘੋੜੇ ਬਦਲਣ ਨਾਲ ਪਾਰਟੀ ਦੀ ਗੱਡੀ ਨਹੀਂ ਰਿੜ੍ਹਣੀ: ਕੰਵਰ ਸੰਧੂ

ਮਹਿਜ਼ ਘੋੜੇ ਬਦਲਣ ਨਾਲ ਪਾਰਟੀ ਦੀ ਗੱਡੀ ਨਹੀਂ ਰਿੜ੍ਹਣੀ: ਕੰਵਰ ਸੰਧੂ

ਪੰਜਾਬ ਵਿੱਚ ਪਾਰਟੀ ਦੀ ਹਾਰ ਅਤੇ ਆਗੂਆਂ ਦੀਆਂ ਗਲਤੀਆਂ ਦੀ ਜ਼ੁੰਮੇਵਾਰੀ ਤੈਅ ਕਰਕੇ ਦੇਸ਼-ਵਿਦੇਸ਼ 
ਵਿਚਲੇ ਸਭਨਾਂ ਵਾਲੰਟੀਅਰਾਂ ਨਾਲ ਵਿਚਾਰਾਂ ਬਾਅਦ ਭਵਿੱਖ ‘ਚ ਕਾਮਯਾਬੀ ਲਈ ਠੋਸ ਕਦਮ ਚੁੱਕੇ ਜਾਣ
ਚੰਡੀਗੜ੍ਹ/ਬਿਊਰੋ ਨਿਊਜ਼:
ਸੀਨੀਅਰ ਪੱਤਰਕਾਰ ਅਤੇ ਖਰੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪੁਨਰਗਠਨ ਵਜੋਂ ਸੋਮਵਾਰ ਨੂੰ ਕੀਤੀਆਂ ਤਬਦੀਲੀਆਂ ਬਾਰੇ ਕਿਹਾ, ”ਮਹਿਜ਼ ਘੋੜੇ ਬਦਲਣ ਨਾਲ ਪਾਰਟੀ ਦੀ ਗੱਡੀ ਨਹੀਂ ਰਿੜ੍ਹਣੀ। ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨ ਤੋਂ ਕਿਤੇ ਵੱਧ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਗੰਭੀਰਤਾ ਅਤੇ ਸੁਹਿਰਦਤਾ ਨਾਲ ਯਤਨ ਕਰਨ ਦੀ ਲੋੜ ਹੈ।” ਉਹ ਲੋਕ ਸਭਾ ਮੈਂਬਰ  ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਅਤੇ ਅਮਨ ਅਰੋੜਾ ਨੂੰ ਮੀਤ ਪ੍ਰਧਾਨ ਬਣਾਏ ਜਾਣ ਸਬੰਧੀ ਟਿਪਣੀ ਕਰ ਰਹੇ ਸਨ।
ਕੈਨੇਡਾ ਦੇ ਭਰਵੀਂ ਪੰਜਾਬੀ ਵਸੋਂ ਵਾਲੇ ਸ਼ਹਿਰ ਟੋਰਾਂਟੋ ਤੋਂ ਟੈਲੀਫੋਨ ਉੱਤੇ ਗੱਲਬਾਤ ਕਰਦਿਆਂ ਕੰਵਰ ਸੰਧੂ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿੱਚ ਬੁਲਾਈ ਮੀਟਿੰਗ ਦੌਰਾਨ ਅਹੁਦੇਦਾਰ ਲਾਉਣ ਬਾਰੇ ਫੈਸਲੇ ਲੈਣ ਤੋਂ ਪਹਿਲਾਂ ਪਾਰਟੀ ਦੀ ਪੰਜਾਬ ਚੋਣਾਂ ਵਿੱਚ ਹਾਰ, ਪਾਰਟੀ ਆਗੂਆਂ ਦੀ ਕਾਰਗੁਜ਼ਾਰੀ ਬਾਰੇ ਈਮਾਨਦਾਰੀ ਨਾਲ ਵਿਚਾਰ ਵਟਾਂਦਰਾ ਕਰਨਾ ਅਤੇ ਹਾਰ ਦੇ ਕਾਰਨਾਂ ਅਤੇ ਗਲਤੀਆਂ ਬਦਲੇ ਜ਼ੁੰਮੇਵਾਰੀ ਨਿਰਧਾਰਤ ਕੀਤੀ ਜਾਣੀ ਲਾਜ਼ਮੀ ਸੀ। ਇਸ ਲੇਖੇ ਜੋਖੇ ਵਾਲੀ ਮੀਟਿੰਗ ਵਿੱਚ ਪਾਰਟੀ ਦੇ ਲੋਕ ਸਭਾ ਮੈਂਬਰਾਂ, ਪਾਰਟੀ ਵਿਧਾਇਕਾਂ, ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਪੁਰਾਣੇ ਵਾਲੰਟੀਅਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ।’
ਕੰਵਰ ਸੰਧੂ ਨੇ ਕਿਹਾ, ‘ਸਭ ਤੋਂ ਵੱਧ ਦੁਖਦਾਈ ਗੱਲ ਹੈ ਕਿ ਅਸੀਂ ਵਿਦੇਸ਼ਾਂ ਵਿਚਲੇ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਹਮਾਇਤੀਆਂ ਇੱਥੋਂ ਤੱਕ ਕਿ ਐਨ.ਆਰ.ਆਈ. ਇਕਾਈਆਂ ਨੂੰ ਪੁਰੀ ਤਰ੍ਹਾਂ ਅਣਗੌਲਿਆਂ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ‘ਚ ਅਦਲਾ-ਬਦਲੀ ਕਰ ਲਈ। ਟੋਰਾਂਟੋ ‘ਚ ਬਹੁਤ ਸਾਰੇ ਪਾਰਟੀ ਵਾਲੰਟੀਅਰਾਂ ਅਤੇ ਸਮਰਥਕਾਂ ਨੇ ਮੈਨੂੰ ਮਿਲ ਕੇ ਜਾਂ ਟੈਲੀਫੋਨ ਰਾਹੀਂ ਪਾਰਟੀ ਦੀ ਸਥਿਤੀ ਅਤੇ ਫੈਸਲਿਆਂ ਸਬੰਧੀ ਗਹਿਰਾ ਰੋਸ ਪ੍ਰਟਾਇਆ ਹੈ।’
ਉਨ੍ਹਾਂ ਕਿਹਾ, ”ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਪਰ ਆਪਣੀ ਗੱਲ ਕਹਿਣੀ ਮੇਰੀ ਨੈਤਿਕ ਜ਼ੁੰਮੇਵਾਰੀ ਬਣਦੀ ਹੈ। ਮੈਂ ਆਸ ਰੱਖਦਾ ਹਾਂ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਮੇਰੀਆਂ ਤੇ ਮੇਰੇ ਵਰਗੇ ਹੋਰਨਾਂ ਵਾਲੰਟੀਅਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਉਮੀਦਾਂ ਉੱਤੇ ਪੂਰਿਆਂ ਉਤਰਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।”