ਕੌਮਾਂਤਰੀ ਮਾਂ ਬੋਲੀ ਦਿਵਸ ‘ਤੇ ਪੰਜਾਬੀ ਹਿਤੈਸ਼ੀਆਂ ਵਲੋਂ ਰੋਸ ਮਾਰਚ ਅਤੇ ਗ੍ਰਿਫ਼ਤਾਰੀਆਂ

ਕੌਮਾਂਤਰੀ ਮਾਂ ਬੋਲੀ ਦਿਵਸ ‘ਤੇ ਪੰਜਾਬੀ ਹਿਤੈਸ਼ੀਆਂ ਵਲੋਂ ਰੋਸ ਮਾਰਚ ਅਤੇ ਗ੍ਰਿਫ਼ਤਾਰੀਆਂ

ਕਈ ਘੰਟਿਆਂ ਬਾਅਦ ਕੀਤੀ ਰਿਹਾਈ
ਚੰਡੀਗੜ੍ਹ/ਬਿਊਰੋ ਨਿਊਜ਼ :
ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਚੰਡੀਗੜ੍ਹ ਪੰਜਾਬੀ ਮੰਚ ਦੇ ਸੱਦੇ ‘ਤੇ ਵੱਖ ਵੱਖ ਵਰਗਾਂ ਦੇ ਪੰਜਾਬੀ ਹਿਤੈਸ਼ੀਆਂ ਨੇ ਪੰਜਾਬ ਰਾਜ ਭਵਨ ਵੱਲ ਰੋਸ ਮਾਰਚ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ। ਗ੍ਰਿਫ਼ਤਾਰੀਆਂ ਦੇਣ ਵਾਲਿਆਂ ਵਿਚ ਔਰਤਾਂ, ਬਜ਼ੁਰਗ, ਲੇਖਕ ਤੇ ਵਿਦਿਆਰਥੀ ਸ਼ਾਮਲ ਸਨ। ਪੰਜਾਬੀ ਮੰਚ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਤੇ ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਚੰਡੀਗੜ੍ਹ ਗੁਰਦੁਆਰਾ ਸੰਗਠਨ ਦੇ ਚੇਅਰਮੈਨ ਅਜਾਇਬ ਸਿੰਘ, ਜਥੇਦਾਰ ਤਾਰਾ ਸਿੰਘ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ ਤੇ ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ ਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਬੁੜੈਲ, ਜਥੇਦਾਰ ਗੁਰਨਾਮ ਸਿੰਘ ਸਿੱਧੂ, ਪਿੰਡ ਹੱਲੋਮਾਜਰਾ ਦੇ ਸਾਬਕਾ ਸਰਪੰਚ ਸੁਖਜੀਤ ਸਿੰਘ ਅਤੇ ਮੁਹਾਲੀ ਦੇ ਕੌਂਸਲਰ ਸਤਬੀਰ ਸਿੰਘ ਧਨੋਆ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਗਈ।
ਰਾਜ ਭਵਨ ਵੱਲੋਂ ਵਫ਼ਦ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਪਰ ਮੰਚ ਨੇ ਇਹ ਸੱਦਾ ਠੁਕਰਾ ਕੇ ਹਰ ਹੀਲੇ ਮਾਰਚ ਕਰਨ ਦਾ ਐਲਾਨ ਕੀਤਾ, ਜਿਸ ਕਾਰਨ ਪੁਲੀਸ ਨੇ ਮਸਜਿਦ ਗਰਾਊਂਡ ਨੂੰ ਚੁਫੇਰਿਓਂ ਘੇਰ ਲਿਆ। ਪੰਜਾਬੀ ਹਿਤੈਸ਼ੀਆਂ ਨੇ ਰੋਸ ਮਾਰਚ ਸ਼ੁਰੂ ਕਰ ਦਿੱਤਾ ਅਤੇ ਪੁਲੀਸ ਨੇ ਉਨ੍ਹਾਂ ਨੂੰ ਨਾਕੇ ਲਾ ਕੇ ਰੋਕ ਲਿਆ। ਪੁਲੀਸ ਨੇ ਜਲ ਤੋਪਾਂ ਬੀੜ ਲਈਆਂ ਅਤੇ ਕੁੱਝ ਸਮਾਂ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਗਰਮਾ ਗਰਮੀ ਵੀ ਹੋਈ। ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰਕੇ ਸਮੂਹਕ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕੀਤਾ ਤਾਂ ਪੁਲੀਸ ਅਧਿਕਾਰੀਆਂ ਨੇ ਤੁਰੰਤ ਬੱਸਾਂ ਮੰਗਵਾ ਲਈਆਂ। ਇਸ ਮੌਕੇ 500 ਦੇ ਕਰੀਬ ਲੋਕ ਗ੍ਰਿਫਤਾਰੀ ਲਈ ਅੱਗੇ ਆਏ ਪਰ ਪੁਲੀਸ ਕੋਲ ਬੱਸਾਂ ਘੱਟ ਹੋਣ ਕਾਰਨ ਕੇਵਲ 105 ਜਣੇ ਹੀ ਗ੍ਰਿਫ਼ਤਾਰ ਕੀਤੇ ਗਏ। ਪੁਲੀਸ ਨੇ ਇਨ੍ਹਾਂ ਨੂੰ ਮਨੀਮਾਜਰਾ ਦੇ ਥਾਣੇ ਵਿੱਚ ਬੰਦ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਥਾਣੇ ਵਿਚ ਧਰਨਾ ਮਾਰ ਦਿੱਤਾ। ਪੁਲੀਸ ਨੇ ਸ਼ਾਮ ਵੇਲੇ ਐਸਡੀਐਮ ਮੂਹਰੇ ਪੇਸ਼ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ। ਗ੍ਰਿਫਤਾਰੀਆਂ ਦੇਣ ਵਾਲਿਆਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਦੀਪਕ ਸ਼ਰਮਾ, ਡਾ. ਸੁਰਿੰਦਰ ਗਿੱਲ, ਡਾ. ਅਨੂਪ ਸਿੰਘ, ਕਸ਼ਮੀਰ ਕੌਰ ਸੰਧੂ, ਦਵਿੰਦਪ੍ਰੀਤ ਕੌਰ, ਅਮਰਜੀਤ ਕੌਰ ਹਿਰਦੇ, ਜਗਦੀਪ ਕੌਰ ਕੁਰਾਲੀ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਕਰਮਜੀਤ ਸਿੰਘ ਕੁਰੂਕਸ਼ੇਤਰ, ਬਲਕਾਰ ਗਿੱਲ, ਸੁਖਦਰਸ਼ਨ ਨੱਤ, ਮੱਖਣ ਕੁਹਾੜ, ਸੁਲੱਖਣ ਸਰਹੱਦੀ, ਚੰਡੀਗੜ੍ਹ ਲੇਖਕ ਸਭਾ ਦੇ ਪ੍ਰਧਾਨ ਸ੍ਰੀ ਰਾਮ ਅਰਸ਼, ਸਿੱਖ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰਮੁਹੰਮਦ, ਸੀਪੀਆਈ ਐਮਐਲ ਲਿਬਰੇਸ਼ਨ ਦੇ ਕੰਵਲਜੀਤ ਸਿੰਘ,  ਬਲਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਗਰੇਵਾਲ, ਸੀਪੀਆਈ ਚੰਡੀਗੜ੍ਹ ਦੇ ਸਕੱਤਰ ਰਾਜ ਕੁਮਾਰ ਅਤੇ ਸੀਪੀਆਈ ਪੰਜਾਬ ਦੇ ਸਾਬਕਾ ਸਕੱਤਰ ਭੁਪਿੰਦਰ ਸਾਂਬਰ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਸ਼ਾਮਲ ਸਨ।
ਪਹਿਲਾਂ ਰੈਲੀ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਤਕਰੀਬਨ 12 ਲੱਖ ਵਸਨੀਕਾਂ ਉਤੇ ਅੰਗਰੇਜ਼ੀ ਥੋਪ ਕੇ ਮਾਂ ਬੋਲੀ ਦਾ ਕਤਲ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਸੰਵਿਧਾਨ ਅਨੁਸਾਰ ਦੇਸ਼ ਦੇ ਕਿਸੇ ਵੀ ਸੂਬੇ ਦੀ ਸਰਕਾਰੀ ਭਾਸ਼ਾ ਉਥੋਂ ਦੇ ਬਾਸ਼ਿੰਦਿਆਂ ਦੀ ਮਾਂ ਬੋਲੀ ਹੀ ਨਿਰਧਾਰਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਹੁਕਮਰਾਨਾਂ ਨੇ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਉਸਾਰੇ ਚੰਡੀਗੜ੍ਹ ਨੂੰ ਅੱਜ ਤੱਕ ਪੰਜਾਬ ਹਵਾਲੇ ਨਹੀਂ ਕੀਤਾ ਅਤੇ ਪੰਜਾਬੀਆਂ ਦੀ ਮਾਂ ਬੋਲੀ ਨੂੰ ਵੀ ਪੂਰੀ ਤਰ੍ਹਾਂ ਪ੍ਰਸ਼ਾਸਨ ਵਿਚੋਂ ਨਿਕਾਲਾ ਦੇ ਕੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗੇ ਜਾ ਰਹੇ ਹਨ। ਉਨ੍ਹਾਂ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਸਵਾਲ ਕੀਤਾ ਕਿ ਜਦੋਂ ਚੰਡੀਗੜ੍ਹ ਦੇ 12 ਲੱਖ ਵਿਚੋਂ ਇਕ ਵੀ ਵਸਨੀਕ ਦੀ ਮਾਂ ਬੋਲੀ ਅੰਗਰੇਜ਼ੀ ਨਹੀਂ ਹੈ ਤਾਂ ਫਿਰ ਇਸ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਕਿਵੇਂ ਦਿੱਤਾ ਹੈ? ਰੈਲੀ ਵਿੱਚ ਸੀਨੀਅਰ ਲੇਖਕ ਗੁਲਜ਼ਾਰ ਸਿੰਘ ਸੰਧੂ, ਮੋਹਨ ਭੰਡਾਰੀ, ਡਾ. ਆਤਮਜੀਤ, ਮਲਕੀਅਤ ਕੌਰ ਬਸਰਾ, ਡਾ. ਲਾਭ ਸਿੰਘ ਖੀਵਾ ਤੇ ਨਾਇਬ ਸਿੰਘ ਦਾਊਂਮਾਜਰਾ ਸ਼ਾਮਲ ਸਨ।