ਬਹਿਬਲ ਕਾਂਡ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ

ਬਹਿਬਲ ਕਾਂਡ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ

ਪੰਥਕ ਆਗੂਆਂ ਨੇ ਸਰਬੱਤ ਖ਼ਾਲਸਾ ਦੀ ਸਫ਼ਲਤਾ ‘ਤੇ ਜ਼ੋਰ ਦਿੱਤਾ
ਜੈਤੋ/ਬਿਊਰੋ ਨਿਊਜ਼ :
ਪਿੰਡ ਬਹਿਬਲ ਖੁਰਦ ਵਿੱਚ ਬਹਿਬਲ ਕਾਂਡ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਮੁਤਵਾਜ਼ੀ ਜਥੇਦਾਰਾਂ ਤੋਂ ਇਲਾਵਾ ਪੰਥਕ ਜਥੇਬੰਦੀਆਂ ਦੇ ਕਈ ਵੱਡੇ ਆਗੂ ਪੁੱਜੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਸਮੇਤ ਬਸਪਾ ਆਗੂ ਕਿੱਕਰ ਸਿੰਘ ਧਾਲੀਵਾਲ ਪੁੱਜੇ ਪਰ ਰਵਾਇਤੀ ਰਾਜਨੀਤਕ ਪਾਰਟੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਨੁਮਾਇੰਦੇ ਨੇ ਹਾਜ਼ਰੀ ਨਹੀਂ ਭਰੀ। ਇਸ ਮੌਕੇ ਪੰਥਕ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ 10 ਨਵੰਬਰ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਸਰਬੱਤ ਖ਼ਾਲਸਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੰਗਤ ਨੂੰ ਪੁੱਜਣ ਦਾ ਸੱਦਾ ਦਿੱਤਾ। ਇਸ ਮੌਕੇ ਬਹਿਬਲ ਕਾਂਡ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਪਰਿਵਾਰਕ ਮੈਂਬਰ ਅਤੇ ਜ਼ਖ਼ਮੀ ਹੋਏ ਬੇਅੰਤ ਸਿੰਘ ਦਾ ਸਨਮਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਫ਼ਾਰਗ ਪੰਜ ਪਿਆਰੇ ਵੀ ਸਮਾਗਮ ਵਿੱਚ ਆਏ ਅਤੇ ਇਨ੍ਹਾਂ ਦੀ ਅਗਵਾਈ ਕਰਨ ਵਾਲੇ ਭਾਈ ਸਤਨਾਮ ਸਿੰਘ ਨੇ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਸੰਦੇਸ਼ ਤਹਿਤ ਕੌਮ ਦੀ ਇਕਮੁੱਠਤਾ ਜੁਟਾਉਣ ਦਾ ਯਤਨ ਕੀਤਾ। ਸਾਲ ਪਹਿਲਾਂ ਵਾਪਰੇ ਬਹਿਬਲ ਕਾਂਡ ਦਾ ਜ਼ਿਕਰ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦਾ ਸ਼ਾਂਤਮਈ ਵਿਰੋਧ ਕਰਨ ਵਾਲੀ ਨਿਹੱਥੀ ਸਿੱਖ ਸੰਗਤ ‘ਤੇ ਗੋਲੀਆਂ ਚਲਾਉਣ ਵਾਲਿਆਂ ਵਿਰੁੱਧ ਅਜੇ ਤੱਕ ਕਾਰਵਾਈ ਨਾ ਹੋਣਾ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਬੁਲਾਰਿਆਂ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਪੜਤਾਲ ‘ਤੇ ਕਿੰਤੂ-ਪ੍ਰੰਤੂ ਕਰਦਿਆਂ ਰਿਪੋਰਟ ਨੂੰ ਪੱਖਪਾਤੀ ਤੇ ਅਧੂਰੀ ਕਹਿ ਕੇ ਰੱਦ ਕਰ ਦਿੱਤਾ। ਉਨ੍ਹਾਂ ਜਸਟਿਸ (ਸੇਵਾਮੁਕਤ) ਮਾਰਕੰਡੇ ਕਾਟਜੂ ਕਮਿਸ਼ਨ ਵੱਲੋਂ ਘਟਨਾ ਦੀ ਕੀਤੀ ਪੜਤਾਲ ਨੂੰ ਦਰੁਸਤ ਕਹਿੰਦਆਂ ਸਰਕਾਰ ਨੂੰ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਕੈਪਟਨ ਹਰਚਰਨ ਸਿੰਘ ਖੰਡਾ, ਹਰਪਾਲ ਸਿੰਘ ਚੀਮ ਤੇ ਸਤਨਾਮ ਸਿੰਘ ਖੰਡਾ ਹਾਜ਼ਰ ਸਨ।

ਸਾਲ ਬੀਤ ਗਿਆ ਪਰ ਕਾਰਵਾਈ ਨਹੀਂ ਹੋਈ :
ਫ਼ਰੀਦਕੋਟ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਅਤੇ ਬਰਗਾੜੀ ਕਾਂਡ ਦੇ ਇੱਕ ਸਾਲ ਮਗਰੋਂ ਵੀ ਪੰਜਾਬ ਪੁਲੀਸ, ਸਰਕਾਰ ਤੇ ਸੀਬੀਆਈ ਦੇ ਹੱਥ ਖਾਲੀ ਹਨ। ਦੱਸਣਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਹਿਲੀ ਜੂਨ 2015 ਨੂੰ ਪਿੰਡ ਦੇ ਗੁਰਦੁਆਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਸੀ ਅਤੇ ਇਸੇ ਦੇ ਪੱਤਰੇ ਪਿੰਡ ਬਰਗਾੜੀ ਵਿਚੋਂ ਮਿਲੇ ਸਨ। ਇਸ ਮਗਰੋਂ ਸੰਗਤ ਨੇ ਬੇਅਦਬੀ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਕੋਟਕਪੂਰਾ ਚੌਕ ਵਿਚ ਧਰਨਾ ਲਾ ਦਿੱਤਾ ਸੀ। ਪੁਲੀਸ ਨੇ ਇਹ ਧਰਨਾ ਚੁਕਵਾਉਣ ਲਈ 14 ਅਕਤੂਬਰ 2015 ਦੀ ਰਾਤ ਨੂੰ ਸਿੱਖਾਂ ‘ਤੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ਤੋਂ ਭੜਕੇ ਸਿੱਖਾਂ ਨੇ ਪਿੰਡ ਬਹਿਬਲ ਕਲਾਂ ਕੋਲ ਸ਼ਾਂਤਮਈ ਤਰੀਕੇ ਨਾਲ ਸੜਕ ‘ਤੇ ਚੱਕਾ ਜਾਮ ਕੀਤਾ ਸੀ ਤੇ ਪੁਲੀਸ ਵੱਲੋਂ ਜਾਮ ਖੁਲ੍ਹਵਾਉਣ ਲਈ ਸਿੱਖ ਸੰਗਤ ਉੱਪਰ ਗੋਲੀਆਂ ਚਲਾਉਣ ਨਾਲ ਗੁਰਜੀਤ ਸਿੰਘ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਸਨ। ਇਸ ਮਾਮਲੇ ਵਿਚ ਪੰਜਾਬ ਸਰਕਾਰ ਅਜੇ ਤੱਕ ਕਿਸੇ ਪੁਲੀਸ ਅਧਿਕਾਰੀ ਦੀ ਸ਼ਨਾਖ਼ਤ ਨਹੀਂ ਕਰ ਸਕੀ ਹੈ। ਸੂਤਰਾਂ ਅਨੁਸਾਰ ਕੋਤਾਹੀ ਵਰਤਣ ਵਾਲੇ ਅਫ਼ਸਰਾਂ ਨੂੰ ਕੁਝ ਸਮਾਂ ਪਹਿਲਾਂ ਚੁੱਪ-ਚੁਪੀਤੇ ਵਿਦੇਸ਼ ਭੇਜ ਦਿੱਤਾ ਸੀ ਤੇ ਸਖ਼ਤ ਵਿਰੋਧ ਮਗਰੋਂ ਇਨ੍ਹਾਂ ਅਧਿਕਾਰੀਆਂ ਨੂੰ ਵਾਪਸ ਆਉਣਾ ਪਿਆ ਸੀ। ਪੰਜਾਬ ਸਰਕਾਰ ਇਨ੍ਹਾਂ ਅਧਿਕਾਰੀਆਂ ਨੂੰ ਚੁੱਪ ਚੁਪੀਤੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੇਣ ਬਾਰੇ ਵਿਚਾਰ ਕਰ ਰਹੀ ਹੈ।