ਕੇਂਦਰ ਵੱਲੋਂ ਸਿਹਤ ਬਜਟ ‘ਚ ਕਟੌਤੀ ਦਾ ਬਾਦਲ ਨੇ ਕੀਤਾ ਵਿਰੋਧ

ਕੇਂਦਰ ਵੱਲੋਂ ਸਿਹਤ ਬਜਟ ‘ਚ ਕਟੌਤੀ ਦਾ ਬਾਦਲ ਨੇ ਕੀਤਾ ਵਿਰੋਧ

ਪੰਜਾਬ ਨੂੰ 95 ਕਰੋੜ ਰੁਪਏ ਦੇ ਘੱਟ ਫੰਡ ਹਾਸਲ ਹੋਏ
ਲੰਬੀ/ਬਿਊਰੋ ਨਿਊਜ਼ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਦੋ ਸਾਲਾਂ ਵਿਚ ਦੇਸ਼ ਵਿੱਚ ਸਿਹਤ ਬਜਟ ਘਟਾਉਣ ਨਾਲ ਪੰਜਾਬ ਦੇ ਕੇਂਦਰੀ ਸਿਹਤ ਫੰਡਾਂ ਵਿੱਚ 15 ਫ਼ੀਸਦ ਕਟੌਤੀ ਨੂੰ ਗੈਰਵਾਜਬ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਬਿਨਾਂ ਕੋਈ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਅਜਿਹੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਪੂਰਾ ਬਜਟ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬਜਟ ਕਟੌਤੀ ਨਾਲ ਪੰਜਾਬ ਨੂੰ 95 ਕਰੋੜ ਰੁਪਏ ਦੇ ਘੱਟ ਫੰਡ ਹਾਸਲ ਹੋਏ ਹਨ।
ਮੁੱਖ ਮੰਤਰੀ ਇੱਥੇ ਲੰਬੀ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਮੌਕੇ ਗੱਲਬਾਤ ਕਰ ਰਹੇ ਸਨ। ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਰਕੇ ਦਿੱਲੀ ਵਿੱਚ ਹੋਏ ਪ੍ਰਦੂਸ਼ਣ ਸਬੰਧੀ ਦਿੱਲੀ ਸਰਕਾਰ ਦੇ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਅਨਾਜ ਵੀ ਦਿੱਲੀ ਨੂੰ ਦੇ ਰਹੇ ਹਨ। ਝੋਨੇ ਦੀ ਖਰੀਦ ਸਬੰਧੀ ਊਣਤਾਈਆਂ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਗਿੱਲਾ ਝੋਨਾ ਮੰਡੀਆਂ ਵਿੱਚ ਨਹੀਂ ਲਿਆਉਣਾ ਅਤੇ ਝੋਨੇ ਦੀ ਖਰੀਦ ਨੂੰ ਸੁਚੱਜਾ ਬਣਾਉਣ ਲਈ ਸੂਬਾ ਸਰਕਾਰ ਦੇ ਅਧਿਕਾਰੀ ਜ਼ਿਲ੍ਹੇ ਵਿਚ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਵਾਅਦੇ ਅਤੇ ਫੋਕੇ ਨਾਅਰਿਆਂ ਵਾਲੀ ਪਾਰਟੀ ਹੈ। ਇਸ ਪਾਰਟੀ ਦਾ ਨਾ ਤਾਂ ਕੋਈ ਪਿਛੋਕੜ ਹੈ ਅਤੇ ਨਾ ਹੀ ਮੁਲਕ ਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਪਾਏ ਯੋਗਦਾਨ ਦੀ ਕੋਈ ਗਿਣਾਉਣਯੋਗ ਪ੍ਰਾਪਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੂਬੇ ਦੇ ਪੇਂਡੂ ਜੀਵਨ ਅਤੇ ਖੇਤੀਬਾੜੀ ਬਾਰੇ ਮੁੱਢਲੀਆਂ ਗੱਲਾਂ ਦਾ ਵੀ ਗਿਆਨ ਨਹੀਂ ਹੈ।
ਇਸ ਤੋਂ ਪਹਿਲਾਂ ਪਿੰਡ ਕੱਟਿਆਂਵਾਲੀ, ਕਰਮਪੱਟੀ, ਰੱਤਾ ਟਿੱਬਾ, ਮੋਹਲਾਂ, ਰਾਣੀ ਵਾਲਾ ਤੇ ਹੋਰ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਪਿਛਲਾ ਰਿਕਾਰਡ ਕਿਸਾਨ ਤੇ ਗਰੀਬ ਵਿਰੋਧੀ ਰਿਹਾ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਮੁਲਕ ਵਿੱਚ ਪਹਿਲੀ ਵਾਰ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਸਨ ਜਦਕਿ ਕੈਪਟਨ ਨੇ ਇਹ ਸਹੂਲਤ ਬੰਦ ਕਰਕੇ ਕਿਸਾਨਾਂ ‘ਤੇ ਵਿੱਤੀ ਬੋਝ ਪਾਇਆ ਸੀ। ਇਸੇ ਤਰ੍ਹਾਂ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਕੇ ਸੂਬੇ ਦੇ ਪਾਣੀ ਖੋਹਣ ਲਈ ਘੜੀ ਗਈ ਸਾਜ਼ਿਸ਼ ਵਿੱਚ ਸੂਬੇ ਦੇ ਕਾਂਗਰਸ ਮੁਖੀ ਵੀ ਸ਼ਾਮਲ ਸਨ।