ਟਰੰਪ ਦੇ ਯਾਤਰਾ ਪਾਬੰਦੀ ਵਾਲੇ ਹੁਕਮ ਅਣਮਿੱਥੇ ਸਮੇਂ ਲਈ ਰੋਕੇ

ਟਰੰਪ ਦੇ ਯਾਤਰਾ ਪਾਬੰਦੀ ਵਾਲੇ ਹੁਕਮ ਅਣਮਿੱਥੇ ਸਮੇਂ ਲਈ ਰੋਕੇ

ਵਾਸ਼ਿੰਗਟਨ/ਬਿਊਰੋ ਨਿਊਜ਼ :
ਮੁਸਲਿਮ ਬਹੁਗਿਣਤੀ ਵਾਲੇ ਛੇ ਮੁਲਕਾਂ ਤੋਂ ਲੋਕਾਂ ਦੀ ਯਾਤਰਾ ਉਤੇ ਪਾਬੰਦੀ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ ਹੁਕਮਾਂ ਉਤੇ ਰੋਕ ਨੂੰ ਹਵਾਈ ਦੇ ਫੈਡਰਲ ਜੱਜ ਨੇ ਅਣਮਿੱਥੇ ਸਮੇਂ ਤੱਕ ਵਧਾ ਦਿੱਤਾ।
ਜ਼ਿਲ੍ਹਾ ਜੱਜ ਡੈਰੇਕ ਵਾਟਸਨ ਨੇ ਦੋ ਹਫ਼ਤੇ ਪਹਿਲਾਂ ਸੋਧੇ ਕਾਰਜਕਾਰੀ ਹੁਕਮ ਦੀ ਮੁੱਖ ਤਜਵੀਜ਼ ਨੂੰ ਰੋਕਦਿਆਂ ਦਲੀਲ ਦਿੱਤੀ ਕਿ ਇਹ ਮੁਸਲਮਾਨਾਂ ਬਾਰੇ ਨਾਪਸੰਦਗੀ ਰਾਹੀਂ ਸੰਵਿਧਾਨ ਦੇ ਸਥਾਪਤ ਸਿਧਾਂਤਾਂ ਦੀ ਉਲੰਘਣਾ ਹੈ। ਵਾਟਸਨ ਦੇ ਇਸ ਤੋਂ ਪਹਿਲਾਂ 15 ਮਾਰਚ ਨੂੰ ਜਾਰੀ ਹੁਕਮ ਇਸ ਕਾਰਜਕਾਰੀ ਹੁਕਮ ਨੂੰ ਸੀਮਿਤ ਸਮੇਂ ਤੱਕ ਆਰਜ਼ੀ ਤੌਰ ਉਤੇ ਰੋਕਣ ਵਾਲੇ ਸਨ। ਮੁੱਦਈਆਂ ਨੇ ਜੱਜ ਨੂੰ ਹੁਕਮਾਂ ਉਤੇ ਰੋਕ ਲੰਮੇ ਸਮੇਂ ਤੱਕ ਵਧਾਉਣ ਦੀ ਅਪੀਲ ਕੀਤੀ, ਜਿਸ ਉਤੇ ਜੱਜ ਨੇ ਕੱਲ੍ਹ ਸਹਿਮਤੀ ਦੇ ਦਿੱਤੀ। ਹੁਣ ਛੇ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਨਾਗਰਿਕਾਂ ਉਤੇ 90 ਦਿਨਾਂ ਦੀ ਯਾਤਰਾ ਪਾਬੰਦੀ ਅਤੇ ਸਾਰੇ ਸ਼ਰਨਾਰਥੀਆਂ ਦੇ ਅਮਰੀਕਾ ਵਿੱਚ ਦਾਖ਼ਲੇ ਉਤੇ 120 ਦਿਨਾਂ ਦੀ ਪਾਬੰਦੀ ਵਾਲੇ ਰਾਸ਼ਟਰਪਤੀ ਦੇ ਹੁਕਮ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ।