ਬਰੈਂਪਟਨ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪੰਜਾਬੀ ਮੀਡੀਆ ਦੇ ਭਵਿੱਖ ‘ਤੇ ਚਰਚਾ

ਬਰੈਂਪਟਨ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪੰਜਾਬੀ ਮੀਡੀਆ ਦੇ ਭਵਿੱਖ ‘ਤੇ ਚਰਚਾ

ਕੈਪਸ਼ਨ : ਬਰੈਂਪਟਨ ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਝਲਕ।
ਸਤਿਬੀਰ ਸਿੰਘ
ਬਰੈਂਪਟਨ:
ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ, ਸਭਿਆਚਾਰ, ਨੈਤਿਕਤਾ ਤੇ ਕੌਮਾਂਤਰੀ ਪੰਜਾਬੀ ਮੀਡੀਆ ਦਾ ਭਵਿੱਖ ਤੇ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਹੋਈ। ਪੰਜਾਬੀ ਭਾਸ਼ਾ ਬਾਰੇ ਆਰੰਭ ਹੋਏ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰਿੰਸੀਪਲ ਗੁਰਦੀਪ ਸ਼ਰਮਾ ਨੇ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਪਰਮਜੀਤ ਸਿੰਘ ਨੇ ਮਾਤ ਭਾਸ਼ਾ ਨੂੰ ਚੁਣੌਤੀਆਂ ਬਾਰੇ ਚਰਚਾ ਕੀਤੀ। ਡਾ. ਅਜ਼ਹਰ ਮਹਿਮੂਦ ਨੇ ਪਾਕਿਸਤਾਨ ‘ਚ ਪੰਜਾਬੀ ਦੀ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ‘ਚ ਪੰਜਾਬੀ ਲਈ ਸੁਚੇਤ ਪੱਧਰ ‘ਤੇ ਯਤਨ ਹੋ ਰਹੇ ਹਨ। ਡਾ. ਨਿਕੀ ਯੂਕੇ ਨੇ ਯੂਰੋਪ ਵਿਚ ਪੰਜਾਬੀ ਦੀ ਸਥਿਤੀ ਬਾਰੇ ਚਾਨਣਾ ਪਾਇਆ। ਡਾ. ਮਿਨਾਕਸ਼ੀ ਰਾਠੌੜ ਨੇ ਪਾਠਕ੍ਰਮ ‘ਚ ਪੰਜਾਬੀ ਦੇ ਵਿਸ਼ੇ ‘ਤੇ ਚਰਚਾ ਕੀਤੀ। ਇਸ ਸੈਸ਼ਨ ਦੀ ਬਹਿਸ ਦਾ ਆਰੰਭ ਸਵੈਰਾਜ ਸੰਧੂ ਨੇ ਕੀਤਾ।
ਦੂਜੇ ਸ਼ੈਸਨ ਦੀ ਪ੍ਰਧਾਨਗੀ ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਖੁਸ਼ਵਿੰਦਰ ਕੁਮਾਰ ਨੇ ਕੀਤੀ। ਡਾ. ਵੀਨਾ ਅਰੋੜਾ ਜਲੰਧਰ, ਡਾ. ਪਰਮਜੀਤ ਕੌਰ ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਰਾਜਵਿੰਦਰ ਸਿੰਘ, ਡਾ. ਦਲਵੀਰ ਕੌਰ ਯੂਕੇ ਨੇ ਨੈਤਿਕਤਾ ਵਿਸ਼ੇ ‘ਤੇ ਪਰਚੇ ਪੜ੍ਹੇ। ਪਰਚਿਆਂ ‘ਤੇ ਬਹਿਸ ਦਾ ਆਰੰਭ ਦਿਲ ਨਿੱਝਰ ਯੂਐਸਏ ਨੇ ਕੀਤਾ। ਤੀਜੇ ਸੈਸ਼ਨ ਦੀ ਪ੍ਰਧਾਨਗੀ ਡਾ. ਨਰਵਿੰਦਰ ਕੌਸ਼ਲ ਨੇ ਕੀਤੀ। ਇਸ ‘ਚ ਡਾ. ਜਸਵੀਰ ਕੌਰ ਨੇ ਗੁਰਬਾਣੀ ਵਿਚ ਨੈਤਿਕਤਾ, ਪ੍ਰਿੰਸੀਪਲ ਦਲਜੀਤ ਸਿੰਘ, ਡਾ. ਪ੍ਰਮਿੰਦਰਜੀਤ ਕੌਰ, ਡਾ. ਅੰਮ੍ਰਿਤਪਾਲ ਕੌਰ ਅਤੇ ਡਾ. ਰੁਪਿੰਦਰ ਕੌਰ ਨੇ ਪੁਰਾਤਨ ਸਾਹਿਤ ਦੇ ਵੱਖ ਵੱਖ ਰੂਪਾਂ ‘ਚ ਨੈਤਿਕਤਾ ਬਾਰੇ ਪੇਪਰ ਪੜ੍ਹੇ। ਇਨ੍ਹਾਂ ਉਪਰ ਬਹਿਸ ਦਾ ਆਰੰਭ ਡਾ. ਪੁਸ਼ਵਿੰਦਰ ਕੌਰ ਖੋਖਰ ਨੇ  ਕੀਤਾ।
ਚੌਥੇ ਸੈਸ਼ਨ ‘ਚ ਕੌਮਾਂਤਰੀ ਪੰਜਾਬੀ ਮੀਡੀਆ ਬਾਰੇ ਚਰਚਾ ਕੀਤੀ ਗਈ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਤਾਹਿਰ ਅਸਲਮ ਗੋਰਾ ਨੇ ਕੀਤੀ। ‘ਪਰਦੇਸੀ ਕੈਨੇਡਾ’ ਦੇ ਸੰਪਾਦਕ ਰਾਜਿੰਦਰ ਸੈਣੀ ਨੇ ਕਿਹਾ ਕਿ ਪੰਜਾਬੀ ਕੈਨੇਡਾ ਦੀ ਤੀਜੀ ਵੱਡੀ ਜ਼ੁਬਾਨ ਹੈ। ਪੰਜਾਬੀ ਮੀਡੀਆ ਨੇ ਇਸ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਨਿਭਾਅ ਰਿਹਾ ਹੈ। ਡਾ. ਗੁਰਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਪੰਜਾਬੀ ਨੂੰ ਲੱਚਰ ਗਾਇਕਾਂ ਤੋਂ ਖ਼ਤਰਾ ਜੋ ਸਭਿਆਚਾਰ ਦੇ ਨਾਂ ਉਤੇ ਪੰਜਾਬੀ ਸਚਿਆਰ ਤੇ ਭਾਸ਼ਾ ਨੂੰ ਵਿਗਾੜ ਰਹੇ ਹਨ। ਹਰਜਿੰਦਰ ਗਿੱਲ ਨੇ ਕਿਹਾ ਕਿ ਪੰਜਾਬੀਆਂ ਨੂੰ ਸੋਸ਼ਲ ਮੀਡੀਆ ਤੋਂ ਸੁਚੇਤ ਹੋਣਾ ਪਵੇਗਾ। ਹਲੀਮਾ ਸਾਦੀਆ ਨੇ ਕਿਹਾ ਕਿ ਪੰਜਾਬੀ ਕੌਮ ਆਪਣੇ ਸਭਿਆਚਾਰ ਤੇ ਭਾਸ਼ਾ ਲਈ ਜਵਾਬਦੇਹ ਹੋਵੇ। ਆਖਰੀ ਸੈਸ਼ਨ ‘ਚ ਕਰਾਏ ਕਵੀ ਦਰਬਾਰ ‘ਚ ਡਾ. ਰੁਪਿੰਦਰਜੀਤ ਕੌਰ, ਨਿਰਮਲ ਜਸਵਾਲ ਰਾਣਾ, ਚਰਨਜੀਤ ਉਡਾਰੀ, ਗੁਰਚਰਨ ਕੌਰ ਕੋਛੜ, ਉਜਾਗਰ ਸਿੰਘ ਕੰਵਲ, ਚਰਨਜੀਤ ਬਾਸੀ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਸਵਰਨਜੀਤ ਸਵੀ ਨੇ ਆਪਣੀਆਂ ਪੇਂਟਿੰਗਾਂ ਅਤੇ ਬਲਰਾਜ ਗਰੇਵਾਲ ਯੂਐਸਏ ਨੇ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ। ਅੰਤ ‘ਚ ਅਜਾਇਬ ਸਿੰਘ ਚੱਠਾ ਤੇ ਡਾ. ਦੀਪਕ ਮਨਮੋਹਨ ਨੇ ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।