ਸਿੱਖ ਜਥੇ ਰੋਕਣ ‘ਤੇ ਪਾਕਿ ਗੁਰਦੁਆਰਾ ਕਮੇਟੀ ਵੱਲੋਂ ਭਾਰਤ ਖ਼ਿਲਾਫ਼ ਮੁਜ਼ਾਹਰਾ 7 ਨੂੰ

ਸਿੱਖ ਜਥੇ ਰੋਕਣ ‘ਤੇ ਪਾਕਿ ਗੁਰਦੁਆਰਾ ਕਮੇਟੀ ਵੱਲੋਂ ਭਾਰਤ ਖ਼ਿਲਾਫ਼ ਮੁਜ਼ਾਹਰਾ 7 ਨੂੰ

ਕੈਪਸ਼ਨ- ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੀਐਸਜੀਪੀਸੀ ਅਤੇ ਔਕਾਫ਼ ਬੋਰਡ ਦੇ ਅਹੁਦੇਦਾਰ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਪਾਕਿਸਤਾਨ ਸਥਿਤ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਭਾਰਤ ਦੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਰੋਕਣ ਖ਼ਿਲਾਫ਼ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਵੱਲੋਂ 7 ਜੁਲਾਈ ਨੂੰ ਸਰਹੱਦ ਪਾਰ ਵਾਹਗਾ (ਪਾਕਿਸਤਾਨ) ਵਿੱਚ ਭਾਰਤ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਲਾਹੌਰ ਵਿੱਚ ਔਕਾਫ਼ ਬੋਰਡ ਦੇ ਦਫ਼ਤਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਗਿਆ।
ਇਹ ਕਾਨਫਰੰਸ ਪੀਐਸਜੀਪੀਸੀ ਅਤੇ ਔਕਾਫ਼ ਬੋਰਡ ਦੇ ਆਗੂਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ। ਇਕ ਬਿਆਨ ਵਿੱਚ ਪੀਐਸਜੀਪੀਸੀ ਦੇ ਪ੍ਰਧਾਨ ਤਾਰਾ ਸਿੰਘ ਨੇ ਆਖਿਆ ਕਿ ਭਾਰਤ ਸਰਕਾਰ ਵੱਲੋਂ 8 ਅਤੇ 28 ਜੂਨ ਨੂੰ ਦੋ ਵਾਰ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਆਉਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਹੋਰ ਤਖ਼ਤਾਂ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਅਟਾਰੀ ਰੇਲਵੇ ਸਟੇਸ਼ਨ ‘ਤੇ ਰੋਕੇ ਜਾਣ ਖ਼ਿਲਾਫ਼ ਭਾਰਤ ਸਰਕਾਰ ਦੀ ਨਿਖੇਧੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਇਸ ਰਵੱਈਏ ਖ਼ਿਲਾਫ਼ 7 ਜੁਲਾਈ ਨੂੰ ਵਾਹਗਾ ਸਰਹੱਦ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸੰਯੁਕਤ ਰਾਸ਼ਟਰ ਕੋਲ ਸ਼ਿਕਾਇਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਇਸ ਮੌਕੇ ਲਹਿੰਦੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ, ਜਨਰਲ ਸਕੱਤਰ  ਗੋਪਾਲ ਸਿੰਘ ਚਾਵਲਾ, ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ, ਮਨਿੰਦਰ ਸਿੰਘ, ਔਕਾਫ਼ ਬੋਰਡ ਦੇ  ਚੇਅਰਮੈਨ ਮੁਹੰਮਦ ਸਦੀਕ ਉਲ ਫਰੂਕ, ਡਿਪਟੀ ਸਕੱਤਰ ਇਮਰਾਨ ਖਾਨ ਗੌਂਦਲ, ਫਰਾਜ ਅੱਬਾਸ,  ਗੁਰਦੁਆਰਾ ਡੇਰਾ ਸਾਹਿਬ ਦੇ ਨਿਗਰਾਨ ਅਜ਼ਹਰ ਅੱਬਾਸ ਸ਼ਾਮਲ ਸਨ।