ਬਾਦਲਾਂ ਦੀ ਰਾਜਨੀਤੀ ਲਈ ਸਾਲ 2018 ਰਿਹਾ ਨਮੋਸ਼ੀਜਨਕ

ਬਾਦਲਾਂ ਦੀ ਰਾਜਨੀਤੀ ਲਈ ਸਾਲ 2018 ਰਿਹਾ ਨਮੋਸ਼ੀਜਨਕ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀ ਰਾਜਨੀਤੀ ਵਿਚ ਸਾਲ 2018 ਭਾਰੀ ਉਥਲ-ਪੁਥਲ ਵਾਲਾ ਰਿਹਾ ਹੈ। ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਦੀ ਰਾਜਨੀਤੀ ਲਈ ਤਾਂ ਇਹ ਵਰ੍ਹਾ ਬੜਾ ਹੀ ਤਕਲੀਫ਼ਦੇਹ ਸਾਬਿਤ ਹੋਇਆ ਹੈ। ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਾਲ 2015 ਦੌਰਾਨ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ  ‘ਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਪੁਲੀਸ ਗੋਲੀ ਕਾਂਡ ਦੇ ਸੇਕ ਨੇ ਅਕਾਲੀ ਦਲ ਦੀ ਹਾਲਤ ਬੇਹੱਦ ਪਤਲੀ ਬਣਾ ਦਿੱਤੀ ਹੈ। ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਅਕਾਲੀ ਆਪਣੇ ਆਪ ਨੂੰ ਬਰਗਾੜੀ ਕਾਂਡ ਤੋਂ ਸੁਰਖੁਰੂ ਸਮਝ ਬੈਠੇ ਸਨ ਪਰ ਸੱਤਾ ਤਬਦੀਲੀ ਤੋਂ ਬਾਅਦ ਮਾਮਲਾ ਜ਼ਿਆਦਾ ਭਖਦਾ ਮੁੱਦਾ ਬਣ ਗਿਆ। ਇਸ ਸਾਲ ਦੌਰਾਨ ਹੀ ਬੇਅਦਬੀ ਅਤੇ ਗੋਲੀ ਕਾਂਡ ਦੀ ਪੜਤਾਲ ਲਈ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ‘ਤੇ ਅਧਾਰਿਤ ਕਮਿਸ਼ਨ ਦੀ ਰਿਪੋਰਟ ਅਗਸਤ ਮਹੀਨੇ ਜਦੋਂ ਵਿਧਾਨ ਸਭਾ ਵਿਚ ਬਹਿਸ ਲਈ ਪੇਸ਼ ਹੋਈ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਟੈਲੀਵਿਜ਼ਨ ਚੈਨਲਾਂ ‘ਤੇ ਲੋਕਾਂ ਨੇ ਅਕਾਲੀ ਦਲ ਨੂੰ ਖੂਬ ਰਗੜੇ ਲਗਾਏ। ਐਨ ਇਸੇ ਸਮੇਂ ਦੌਰਾਨ ਹੀ ਅਕਾਲੀ ਦਲ ਨੇ ਇਸ ਸਦਮੇ ਵਿਚੋਂ ਉਭਰਨ ਲਈ ਜਦੋਂ ਅਬੋਹਰ, ਫ਼ਰੀਦਕੋਟ ਤੇ ਪਟਿਆਲਾ ਸ਼ਹਿਰ ਵਿਚ ਰੈਲੀਆਂ ਕਰਨ ਦਾ ਐਲਾਨ ਕੀਤਾ ਤਾਂ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਸ੍ਰੀ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਮਾਝੇ ਦੇ ਤਿੰਨ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਆਦਿ ਵੀ ਬਾਦਲ ਪਰਿਵਾਰ ਦੇ ਖਿਲਾਫ਼ ਮੈਦਾਨ ‘ਚ ਡਟ ਗਏ।
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਇਹ ਪ੍ਰਭਾਵ ਜਾਣ ਲੱਗਿਆ ਸੀ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਵਿਵਾਦਤ ਆਗੂਆਂ ਦੇ ‘ਨਿੱਜੀ ਕਸ਼ਟ’ ਕੱਟੇ ਗਏ ਹਨ ਪਰ ਸਿਆਸੀ ਤੌਰ ‘ਤੇ ਚੁਣੌਤੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ। ਪੰਜਾਬ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਅਤੇ 5 ਵਾਰੀ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਗਰਮ ਸਿਆਸਤ ਤੋਂ ਕਿਨਾਰਾ ਕਰਕੇ ਸਰਗਰਮੀਆਂ ਸੀਮਤ ਕਰਨ ਤੋਂ ਬਾਅਦ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਪੁਸ਼ਤਪਾਹੀ ਲਈ ਫਿਰ ਤੋਂ ਅੱਗੇ ਆਉਣਾ ਪਿਆ। ਵੱਡੇ ਬਾਦਲ ਲਈ ਇਹ ਵਰ੍ਹਾ ਇਸ ਲਈ ਵੀ ਬਹੁਤ ਜ਼ਿਆਦਾ ਸੰਕਟ ਵਾਲਾ ਸੀ ਕਿਉਂਕਿ ਉਨ੍ਹਾਂ ਦੇ ਦੋ ਪੁਰਾਣੇ ਸਾਥੀਆਂ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸਾਲ ਦੌਰਾਨ ਜਿਹੜੀਆਂ ਹੋਰ ਸਿਆਸੀ ਮਾਰਾਂ ਪਈਆਂ ਉਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਸ਼ਾਮਲ ਹੈ। ਅਕਾਲੀ ਦਲ ਇਸ ਹਲਕੇ ‘ਤੇ ਕਈ ਦਹਾਕੇ ਕਾਬਜ਼ ਰਿਹਾ ਪਰ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਇਹ ਸੀਟ ਅਕਾਲੀ ਦਲ ਦੇ ਹੱਥੋਂ ਨਿਕਲ ਗਈ। ਇਸੇ ਤਰ੍ਹਾਂ ਪੰਜਾਬ ਦੀਆਂ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸਮਿਤੀਆਂ ‘ਤੇ ਵੀ ਅਕਾਲੀ ਦਲ ਦਾ ਪਿਛਲੇ 10 ਸਾਲਾਂ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ ਤੇ ਇਸ ਸਾਲ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਬਹੁ ਗਿਣਤੀ ਸੰਸਥਾਵਾਂ ‘ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਅਕਾਲੀ ਦਲ ਨੇ ਕਾਂਗਰਸ ਦੇ ਖ਼ਿਲਾਫ਼ ਪੋਲ ਖੋਲ੍ਹ ਰੈਲੀਆਂ ਕੀਤੀਆਂ ਤਾਂ ਅਕਾਲੀਆਂ ਦੀ ਆਪਣੀ ਹੀ ਪੋਲ ਖੁੱਲ੍ਹਦੀ ਦਿਖਾਈ ਦੇਣ ਲੱਗੀ।
ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਦੇ ਮਾਮਲੇ ‘ਤੇ ਨੀਂਹ ਪੱਥਰਾਂ ਉਤੇ ਨਾਮ ਉੱਕਰਨ ਨਾਲ ਬਾਦਲ ਪਰਿਵਾਰ ਨੇ ਇਤਿਹਾਸ ਵਿਚ ਆਪਣਾ ਨਾਮ ਲਿਖਵਾਉਣ ਦਾ ਯਤਨ ਕੀਤਾ। ਅਖੀਰ ਜਦੋਂ ਸਾਰੇ ਪਾਸਿਆਂ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਭੁੱਲਾਂ ਬਖਸ਼ਾਉਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਪਹੁੰਚੇ। ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਬਖਸ਼ਾਈਆਂ ਭੁੱਲਾਂ ਦੇ ਕੀ ਨਤੀਜੇ ਨਿਕਲਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਜ਼ਰੂਰ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਸਮੇਂ ਦੌਰਾਨ ਰਾਜਨੀਤਕ ਉਥਲ-ਪੁਥਲ ਨੇ ਅਜਿਹਾ ਮੋੜਾ ਕੱਟਿਆ ਕਿ ਪੰਥਕ ਪਾਰਟੀ ਨੂੰ ਸਾਲ ਦੇ ਅੰਤ ਤਕ ਸਿਆਸੀ, ਧਾਰਮਿਕ ਅਤੇ ਸਮਾਜਿਕ ਮੁਹਾਜ ‘ਤੇ ਵੱਡੀਆਂ ਚੁਣੌਤੀਆਂ ਨੇ ਬੁਰੀ ਤਰ੍ਹਾਂ ਝੰਬ ਦਿੱਤਾ।