ਕਾਬੁਲ ਵਿੱਚ ਦੋ ਆਤਮਘਾਤੀ ਹਮਲਿਆਂ ‘ਚ 10 ਪੱਤਰਕਾਰਾਂ ਸਮੇਤ 25 ਹਲਾਕ

ਕਾਬੁਲ ਵਿੱਚ ਦੋ ਆਤਮਘਾਤੀ ਹਮਲਿਆਂ ‘ਚ 10 ਪੱਤਰਕਾਰਾਂ ਸਮੇਤ 25 ਹਲਾਕ

 

ਕਾਬੁਲ ਵਿੱਚ ਸੋਮਵਾਰ ਨੂੰ ਆਤਮਘਾਤੀ ਬੰਬ ਹਮਲੇ ਤੋਂ ਬਾਅਦ ਬਚਾਓ ਲਈ ਦੌੜਦੇ ਹੋਏ ਸੁਰੱਖਿਆ ਕਰਮੀ।

ਕਾਬੁਲ/ਬਿਊਰੋ ਨਿਊਜ਼:
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਨੂੰ ਹੋਏ ਦੋ ਧਮਾਕਿਆਂ ‘ਚ 25 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਦਸ ਪੱਤਰਕਾਰ ਵੀ ਸ਼ਾਮਲ ਹਨ। ਇਹ ਪੱਤਰਕਾਰ ਇੱਥੇ ਹੋਏ ਇੱਕ ਧਮਾਕੇ ਮਗਰੋਂ ਹਾਲਾਤ ਦੀ ਕਵਰੇਜ ਕਰਨ ਆਏ ਸਨ ਕਿ ਉਹ ਆਤਮਘਾਤੀ ਹਮਲੇ ਦਾ ਸ਼ਿਕਾਰ ਹੋ ਗਏ। ਇਸ ਤੋਂ ਕੁੱਝ ਘੰਟੇ ਬਾਅਦ ਕੰਧਾਰ ਦੇ ਦੱਖਣੀ ਸੂਬੇ ‘ਚ ਆਤਮਘਾਤੀ ਹਮਲਾਵਰ ਨੇ ਵਿਦੇਸ਼ੀ ਫੌਜੀ ਦਸਤਿਆਂ ਦੇ ਵਾਹਨ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਮਦਰੱਸੇ ‘ਚ ਪੜ੍ਹਨ ਵਾਲੇ 11 ਬੱਚਿਆਂ ਦੀ ਮੌਤ ਹੋ ਗਈ।
ਅਫਗਾਨ ਪੱਤਰਕਾਰ ਸੁਰੱਖਿਆ ਕਮੇਟੀ (ਏਐੱਫਜੇਐਸਸੀ) ਨੇ ਕਿਹਾ ਕਿ ਪੱਤਰਕਾਰਾਂ ‘ਤੇ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਸੀ, ਜਿਸ ‘ਚ ਅੱਠ ਪੱਤਰਕਾਰਾਂ ਦੀ ਮੌਤ ਹੋ ਗਈ ਹੈ। ਕਾਬੁਲ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸਲਾਮਿਕ ਸਟੇਟ ਨੇ ਇਨ੍ਹਾਂ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਨ੍ਹਾਂ ਹਮਲਿਆਂ ‘ਚ 25 ਵਿਅਕਤੀਆਂ ਦੀ ਮੌਤ ਗਈ ਹੈ ਤੇ 49 ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ‘ਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਕਾਬੁਲ ‘ਚ ਇੱਕ ਧਮਾਕੇ ਵਾਲੀ ਥਾਂ ਤੋਂ ਕਈ ਸੌ ਮੀਟਰ ਦੂਰ ਖੜ੍ਹੇ ਸਨ। ਮਾਰੇ ਗਏ ਪੱਤਰਕਾਰਾਂ ‘ਚ ਸੱਤ ਅਫਗਾਨਿਸਤਾਨ ਨਾਲ ਸਬੰਧਤ ਹਨ। ਫਰਾਂਸੀਸੀ ਖ਼ਬਰ ਏਜੰਸੀ ਨੇ ਦੱਸਿਆ ਕਿ ਅਫ਼ਗਾਨਸਤਾਨ ‘ਚ ਉਨ੍ਹਾਂ ਦਾ ਮੁੱਖ ਫੋਟੋਗ੍ਰਾਫਰ ਸ਼ਾਹ ਮਰਾਈ ਹਲਾਕ ਹੋ ਗਿਆ ਹੈ। ਇਸ ਹਮਲੇ ‘ਚ ਤਕਰੀਬਨ ਪੰਜ ਪੱਤਰਕਾਰ ਜ਼ਖ਼ਮੀ ਵੀ ਹੋਏ ਹਨ।
ਇਸੇ ਦੌਰਾਨ ਕੰਧਾਰ ਦੇ ਦੱਖਣੀ ਸ਼ਹਿਰ ‘ਚ ਆਤਮਘਾਤੀ ਹਮਲਾਵਾਰ ਨੇ ਬਾਰੂਦ ਨਾਲ ਭਰੀ ਵੈਨ ਵਿਦੇਸ਼ੀ ਫੌਜ ਦੇ ਕਾਫਲੇ ‘ਚ ਮਾਰ ਦਿੱਤੀ। ਇਸ ਹਮਲੇ ‘ਚ 11 ਬੱਚਿਆਂ ਦੀ ਮੌਤ ਹੋ ਗਈ ਤੇ 16 ਜ਼ਖ਼ਮੀ ਹੋ ਗਏ। ਕੰਧਾਰ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਮਾਰੇ ਗਏ ਸਾਰੇ ਬੱਚੇ ਨੇੜੇ ਦੇ ਮਦਰੱਸੇ ਦੇ ਵਿਦਿਆਰਥੀ ਸਨ। ਅਫਗਾਨਿਸਤਾਨ ‘ਚ ਅਮਰੀਕੀ ਨਾਟੋ ਬਲਾਂ ਦੇ ਬੁਲਾਰੇ ਨੇ ਦੱਸਿਆ ਕਿ ਉਹ ਰਿਪੋਰਟ ਦੀ ਜਾਂਚ ਕਰ ਰਹੇ ਹਨ।