ਲੋਕ ਸਾਜ਼ਾਂ ਦੀ ਸੱਥ ਵਿੱਚ ਸੰਗੀਤ ਦੀਆਂ ਛਹਿਬਰਾਂ

ਲੋਕ ਸਾਜ਼ਾਂ ਦੀ ਸੱਥ ਵਿੱਚ ਸੰਗੀਤ ਦੀਆਂ ਛਹਿਬਰਾਂ

ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਵਲੋਂ ਕਰਵਾਏ ਨਿਵੇਕਲੇ ਪ੍ਰੋਗਰਾਮ ਦਾ ਸਰੋਤਿਆਂ ਨੇ ਮਾਣਿਆ ਆਨੰਦ

ਫਰਿਜ਼ਨੋ/ਏ.ਟੀ. ਨਿਊਜ਼ :

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਲੰਘੇ ਸ਼ਨਿਚਰਵਾਰ ਜੁੜੀ ਲੋਕ ਸਾਜ਼ਾਂ ਦੀ ਸੰਗੀਤਕ ਸੱਥ ਵਿੱਚ ਕਲਾਕਾਰਾਂ ਨੇ ਐਸਾ ਰੰਗ ਬੰਨ੍ਹਿਆਂ ਕਿ ਮਾਹੌਲ ਵਿੱਚ ਸੁਰਾਂ ਦੀਆਂ ਛਹਿਬਰਾਂ ਮਹਿਸੂਸ ਹੁੰਦੀਆਂ ਸਨ। ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਫਰਿਜ਼ਨੋਂ ਸਟੂਡੀਓ 2125 ਐਨ ਬਾਰਟਨ ਐਵੇਨਿਊ (੨੧੨੫ 2 1 6 31 ੯੩੭੦੩)) ਦੇ ਵਿਹੜੇ ਵਿੱਚ 24 ਅਗਸਤ ਨੂੰ ਲੋਕ ਸਾਜ਼ਾਂ ਦੇ ਇਸ ਵਿਲੱਖਣ ਪ੍ਰੋਗਰਾਮ ’ਚ ਲੋਕ ਸਾਜ਼ਾਂ ਬੀਨ, ਅਲਗੋਜਿਆਂ, ਤੂੰਬੀ ਤੋਂ ਇਲਾਵਾ ਸਦਾ ਬਹਾਰ ਸਾਰੰਗੀ ਅਤੇ ਢੋਲਕ ਦੀਆਂ ਧੁਨਾਂ ਨੇ ਸਰੋਤਿਆਂ ਨੂੰ ਮੰਤਰ- ਮੁਗਧ ਕਰੀ ਰੱਖਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮਪੁਰਬ ਨੂੰ ਸਮਰਪਿਤ ਇਸ ਸੰਗੀਤਕ ਪ੍ਰੋਗਰਾਮ ਦੀ ਸ਼ੁਰੂਆਤ ਸਾਰੇ ਕਲਾਕਾਰਾਂ ਦੀ ਜੁਗਲਬੰਦੀ ਰਾਹੀਂ ‘‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਵੇਹਦੀਂ ਦੁਨੀਆਂ ਸਾਰੀ ਐ..” ਗੀਤ ਨਾਲ ਕੀਤੀ ਗਈ। ਰੇਡੀਓ ਸਟੂਡੀਓ ਦੇ ਮੁੱਖ ਹਾਲ ਵਿੱਚ ਬਾਅਦ ਦੁਪਹਿਰ 3:30 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲੀ ਇਸ ਮਹਿਫ਼ਲ ਵਿੱਚ ਚੰਡੀਗੜ੍ਹ ਤੋਂ ਆਏ ਕਲਾਕਾਰ ਪਰਮਜੀਤ ਪੱਡਾ ਨੇ ਬੀਨ, ਅਲਗੋਜਿਆਂ ਤੇ ਤੂੰਬੀ ਰਾਹੀਂ ਪੰਜਾਬ ਦੇ ਮੇਲਿਆਂ ਦੇ ਅਖ਼ਾੜਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਪਰਮਜੀਤ ਪੱਡਾ ਚੰਡੀਗੜ੍ਹ ਤੇ ਪੰਜਾਬ ਦੇ ਲੋਕ ਸਾਜ਼ਾਂ ਦੇ ਖੇਤਰ ’ਚ ਕਾਫ਼ੀ ਜਾਣੇ-ਪਛਾਣੇ ਹਨ।ਪੰਜਾਬ ਦੀਆਂ ਮੁੱਖ ਯੂਨੀਵਰਸਿਟੀਆਂ ਦੇ ਸਾਲਾਨਾ ਯੁਵਕ ਮੇਲਿਆਂ ਦੇ ਲੋਕ ਸਾਜ਼ਾਂ ਦੇ ਮੁਕਾਬਲਿਆਂ ਵਿੱਚ ਜੱਜ ਹੋਣ ਦਾ ਮਾਣ ਹਾਸਲ ਕਰਨ ਵਾਲੇ ਪਰਮਜੀਤ ਪੱਡਾ ਨੇ ਬੀਨ ਦੀ ਵਿਲੱਖਣਤਾ ਅਤੇ ਅਸਲੀ ਬੀਨ ਨੂੰ ਤਿਆਰ ਕਰਨ ਵਿੱਚ ਹੁੰਦੀ ਭਾਰੀ ਮਿਹਨਤ ਤੇ ਮੁਸ਼ਕਲਾਂ ਬਾਰੇ ਵੀ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬੀਨ ਦੀ ਮੱੁਖ ਧੁਨ ਲਹਿਰੀਆ ਦੀ ਪੇਸ਼ਕਾਰੀ ਰਾਹੀਂ ਅਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ।ਪ੍ਰੋਗਰਾਮ ਵਿੱਚ ਉਚੇਚਾ ਸੱਦੇ ਉੱਤੇ ਪੁੱਜੇ ਸਾਰੰਗੀ ਮਾਸਟਰ ਜਗਜੀਤ ਸਿੰਘ ਨੇ ਸਾਰੰਗੀ ਦੀਆਂ ਮੋਹ ਲੈਣ ਵਾਲੀਆਂ ਸੁਰਾਂ ਰਾਹੀਂ ਸਰੋਤਿਆਂ ਤੋਂ ਭਰਵੀਂ ਵਾਹਵਾ ਕਮਾਈ। ਉਨ੍ਹਾਂ ਵਲੋਂ ਸਾਰੰਗੀ ਰਾਹੀਂ ਬੀਨ ਅਤੇ ਅਲਗੋਜਿਆਂ ਦਾ ਵਾਦਨ ਕਮਾਲ ਸੀ।ਪ੍ਰੋਗਰਾਮ ਦਾ ਸਿਖ਼ਰ ਸੀ ਪੰਜਾਬੀ ਰੇਡੀਓ ਯੂ.ਐਸ.ਏ. ਅਤੇ ਕਲਚਰਲ ਸੈਂਟਰ ਦੀ ਟੀਮ ਮੈਂਬਰ ਜੋਤ ਰਣਜੀਤ ਵਲੋਂ ਲੋਕ ਸਾਜ਼ ਢੱਡ ਨਾਲ ਵਾਰ ਗਾਇਣ। ਪੰਜਾਬ ਦੇ ਮਸ਼ਹੂਰ ਢਾਡੀ ਜਥੇ ਗਲਵੱਟੀ ਵਾਲੀਆਂ ਬੀਬੀਆਂ ਦੀ ਮੈਂਬਰ ਵਜੋਂ ਹਰਮਨਪਿਆਰੀ ਰਹੀ ਜੋਤ ਰਣਜੀਤ ਨੇ ਬਾਬਾ ਬੰਦਾ ਬਹਾਦਰ ਜੀ ਦੀ ਵਾਰ ਦੇ ਗਾਇਣ ਨਾਲ ਆਪਣੀ ਬੁਲੰਦ ਆਵਾਜ਼ ਦਾ ਜਲਵਾ ਵਿਖਾਇਆ। ਅੰਮਿ੍ਰਤਜੋਤ ਸਿੰਘ ਬੇਕਰਜ਼ਫੀਲਡ ਨੇ ਢੋਲਕ ਰਾਹੀਂ ਪ੍ਰੋਗਰਾਮ ਦੌਰਾਨ ਸੰਗੀਤਕ ਇਕਸੁਰਤਾ ਬਣਾਉਣ ’ਚ ਵੱਡਾ ਯੋਗਦਾਨ ਪਾਇਆ। ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਅਪਣੇ ਸਵਾਗਤੀ ਭਾਸ਼ਨ ਮੌਕੇ ਕਿਹਾ ਕਿ ਪੰਜਾਬ ਦੇ ਅਲੋਪ ਹੋ ਰਹੇ ਲੋਕ ਸਾਜ਼ਾਂ ਨੂੰ ਜਿਉਂਦਾ ਰੱਖਣ ਲਈ ਕੀਤੇ ਗਏ ਸਾਡੇ ਇਸ ਨਿਮਾਣੇ ਜਿਹੇ ਯਤਨ ਵਾਂਗ ਸਾਰੇ ਪੰਜਾਬੀਆਂ ਨੂੰ ਉਚੇਚੇ ਉਪਰਾਲੇ ਕਰਨੇ ਚਾਹੀਦੇ ਹਨ।ਸੰਗੀਤਕ ਸੱਥ ਵਿੱਚ ਪੁੱਜਣ ਵਾਲੇ ਪਤਵੰਤਿਆਂ ਵਿੱਚ ਉੱਘੇ ਪੰਜਾਬੀ ਚਰਨਜੀਤ ਸਿੰਘ ਬਾਠ, ਡਾ. ਗੁਰੂਮੇਲ ਸਿੱਧੂ, ਸ਼ਾਇਰ ਹਰਜਿੰਦਰ ਕੰਗ, ਲੇਖਕ ਕਰਮ ਸਿੰਘ ਮਾਨ, ਸੰਤੋਖ ਮਿਨਹਾਸ, ਅਵਤਾਰ ਗੋਂਦਾਰਾ, ਗੁਰਦੀਪ ਸ਼ੇਰਗਿੱਲ, ਰਾਣਾ ਗਿੱਲ, ਸਰਬਜੀਤ ਸਿੰਘ ਸਰਾਂ, ਮਨਜੀਤ ਕੁਲਾਰ, ਤੇਜੀ ਪੱਡਾ, ਦੇਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਦੀਵਾਨਾ, ਇੰਦਰਜੀਤ ਸਿੰਘ ਬਰਾੜ, ਜਸਵੰਤ ਸਿੰਘ ਟਿਵਾਣਾ, ਜਲੰਧਰ ਤੋਂ ਆਏ ਹੋਏ ਗੁਰਸ਼ਰਨ ਸਿੰਘ ਅਤੇ ਅਮਰਜੀਤ ਸਿੰਘ ਪਟਿਆਲਾ ਸ਼ਾਮਲ ਸਨ.