ਸਕੱਤਰੇਤ ਵਿਚ ਆਪਸ 'ਚ ਖਹਿਬੜੇ ਥਾਣੇਦਾਰ; ਇਕ ਨੇ ਦੂਜੇ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਸਕੱਤਰੇਤ ਵਿਚ ਆਪਸ 'ਚ ਖਹਿਬੜੇ ਥਾਣੇਦਾਰ; ਇਕ ਨੇ ਦੂਜੇ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ


ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਮਾਨਸਿਕ ਸਥਿਤੀ ਦੇ ਵਿਸ਼ਲੇਸ਼ਣਾਂ ਸਬੰਧੀ ਪਹਿਲਾਂ ਵੀ ਕਈ ਵਾਰ ਚਰਚਾਵਾਂ ਭਖ ਚੁੱਕੀਆਂ ਹਨ ਪਰ ਹੁਣ ਮੋਗਾ ਦੇ ਜ਼ਿਲ੍ਹਾ ਸਕੱਤਰੇਤ ਵਿਚ ਵਾਪਰੀ ਘਟਨਾ ਨਾਲ ਇਸ ਦੀ ਲੋੜ ਸਬੰਧੀ ਚਰਚਾ ਹੋਰ ਭਖ ਸਕਦੀ ਹੈ। ਇਥੇ ਜ਼ਿਲ੍ਹਾ ਸਕੱਤਰੇਤ ਅੰਦਰ ਐੱਸਐੱਸਪੀ ਦਫ਼ਤਰ ਕੋਲ ਬੀਤੀ ਰਾਤ ਖਜ਼ਾਨਾ ਦਫ਼ਤਰ ਗਾਰਦ ਉੱਤੇ ਤੈਨਾਤ ਦੋ ਥਾਣੇਦਾਰਾਂ ਵਿੱਚ ਮਾਮੂਲੀ ਤਤਕਾਰ ਮਗਰੋਂ ਥਾਣੇਦਾਰ ਨੇ ਸਰਕਾਰੀ ਕਾਰਬਾਈਨ (ਰਾਈਫਲ) ਨਾਲ ਦੂਜੇ ਥਾਣੇਦਾਰ ਉੱਤੇ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮੌਕੇ  ਨੇੜੇ ਖੜ੍ਹੇ ਪੁਲਸੀਆਂ ਨੇ ਫਰਸ਼ ’ਤੇ ਲੰਮੇ ਪੈ ਕੇ ਜਾਨ ਬਚਾਈ। ਗੋਲੀਬਾਰੀ ਦੀ ਅਵਾਜ਼ ਨਾਲ ਇਥੇ ਦਫ਼ਤਰਾਂ ’ਚ ਤੈਨਾਤ ਚੌਕੀਦਾਰ ਵੀ ਸਹਿਮ ਗਏ। 

ਸਿਟੀ ਪੁਲੀਸ ਨੇ ਮੁਲਜ਼ਮ ਥਾਣੇਦਾਰ ਖ਼ਿਲਾਫ਼ ਜਾਨਲੇਵਾ ਹਮਲੇ ਅਤੇ ਅਸਲਾ ਕਾਨੂੰਨ ਅਧੀਨ ਕੇਸ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਏਐੱਸਆਈ (ਲੋਕਲ ਰੈਂਕ) ਕਿਰਪਾਲ ਸਿੰਘ ਖਜ਼ਾਨਾ ਗਾਰਦ, ਡੀਪੀਓ ਮੋਗਾ ਦਾ ਇੰਚਾਰਜ ਹੈ। ਉਸ ਦੀ ਦੇਰ ਸ਼ਾਮ ਨੂੰ ਉਥੇ ਹੀ ਤਾਇਨਾਤ ਏਐੱਸਆਈ(ਲੋਕਲ ਰੈਂਕ) ਸੁਖਰਾਜ ਸਿੰਘ ਨਾਲ ਕਿਸੇ ਗੱਲੋਂ ਤਤਕਾਰ ਹੋ ਗਈ। ਕਿਰਪਾਲ ਸਿੰਘ ਨੇ ਥਾਣਾ ਸਿਟੀ ਪੁਲਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਸੁਖਰਾਜ ਸਿੰਘ ਉਸ ਨਾਲ ਖਜ਼ਾਨਾ ਗਾਰਦ ’ਤੇ ਡਿਊਟੀ ਕਰਦਾ ਹੈ। ਬੀਤੀ ਰਾਤ ਉਸ ਦੀ ਸੁਖਰਾਜ ਸਿੰਘ ਨਾਲ ਮਾਮੂਲੀ ਤਕਰਾਰ ਹੋ ਗਈ। ਤੈਸ਼ ਵਿੱਚ ਆ ਕੇ ਸੁਖਰਾਜ ਸਿੰਘ ਨੇ ਆਪਣੀ ਕਾਰਬਾਈਨ (ਰਾਈਫਲ) ਨਾਲ ਉਸ ਵੱਲ ਤਕਰੀਬਨ ਸਿਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਸਨੇ ਅਤੇ ਹੋਰ ਮੁਲਾਜ਼ਮਾਂ ਨੇ ਧਰਤੀ ਉੱਤੇ ਲੰਮੇ ਪੈ ਕੇ ਆਪਣੀ ਜਾਨ ਬਚਾਈ। 

ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸੁਖਰਾਜ ਸਿੰਘ ਖ਼ਿਲਾਫ਼ ਧਾਰਾ 307 ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਨੇ ਤਕਰੀਬਨ 7-8 ਗੋਲੀਆਂ ਚਲਾਈਆਂ। ਇਥੇ ਦੱਸਣਯੋਗ ਹੈ ਕਿ ਸਾਲ 2007 ਵਿੱਚ ਸੁਖਰਾਜ ਸਿਆਸੀ ਆਗੂ ਦਾ ਸੁਰੱਖਿਆ ਗਾਰਡ ਸੀ ਤਾਂ ਉਸ ਕੋਲੋਂ ਭੇਦਭਰੀ ਹਾਲਤ ਵਿੱਚ ਸਰਕਾਰੀ ਕਾਰਬਾਈਨ ਖੋਹ ਲਈ ਗਈ ਸੀ, ਜਿਸ ਦਾ ਅੱਜ ਤੱਕ ਸੁਰਾਗ ਨਹੀਂ ਲੱਗਾ। ਪੁਲੀਸ ਸੂਤਰ ਦਸਦੇ ਹਨ ਕਿ ਸੁਖਰਾਜ ਸਿੰਘ ਤਣਾਅ ਵਿੱਚ ਰਹਿੰਦਾ ਹੈ ਅਤੇ ਉਸ ਦੇ ਹੱਥ ਸਰਕਾਰੀ ਹਥਿਆਰ ਨਾ ਦੇਣ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਉਸਨੂੰ ਸਰਕਾਰੀ ਹਥਿਆਰ ਦਿੱਤਾ ਗਿਆ।