ਦਿੱਲੀ ਵੱਲੋਂ ਪੰਜਾਬ 'ਤੇ ਅਗਲੇ ਹਮਲੇ ਦੀ ਤਿਆਰੀ; 3 ਸਤੰਬਰ ਨੂੰ ਹੋ ਸਕਦਾ ਹੈ ਐਲਾਨ

ਦਿੱਲੀ ਵੱਲੋਂ ਪੰਜਾਬ 'ਤੇ ਅਗਲੇ ਹਮਲੇ ਦੀ ਤਿਆਰੀ; 3 ਸਤੰਬਰ ਨੂੰ ਹੋ ਸਕਦਾ ਹੈ ਐਲਾਨ

ਚੰਡੀਗੜ੍ਹ: ਪੰਜਾਬ ਦੇ ਪਾਣੀਆਂ ਦੀ ਹੋਰ ਲੁੱਟ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਤਿਆਰੀਆਂ ਦੀਆਂ ਕਨਸੋਆਂ ਆ ਰਹੀਆਂ ਹਨ ਤੇ 3 ਸਤੰਬਰ ਨੂੰ ਐੱਸਵਾਈਐੱਲ ਮਾਮਲੇ 'ਤੇ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਫੈਂਸਲੇ ਨੂੰ ਤਾਕਤ ਨਾਲ ਲਾਗੂ ਕਰਵਾਇਆ ਜਾ ਸਕਦਾ ਹੈ। ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਤਹਿਤ ਪੰਜਾਬ ਅਤੇ ਹਰਿਆਣੇ ਦਰਮਿਆਨ ਪਾਣੀਆਂ ਦੇ ਮਸਲੇ 'ਤੇ ਵਿਚੋਲਗੀ ਕਰ ਰਹੇ ਭਾਰਤ ਸਰਕਾਰ ਦੇ ਕੇਂਦਰੀ ਜਲ ਸ਼ਕਤੀ ਮਹਿਕਮੇ ਨੇ ਕਹਿ ਦਿੱਤਾ ਹੈ ਕਿ ਉਹ ਦੋਵਾਂ ਸੂਬਿਆਂ ਵਿੱਚ ਸਮਝੌਤਾ ਕਰਾਉਣ ਲਈ ਹੁਣ ਅੱਗੇ ਕੋਈ ਬੈਠਕ ਨਹੀਂ ਬੁਲਾਏਗਾ। 

ਇਸ ਤੋਂ ਪਹਿਲਾਂ ਇਸ ਮਹਿਕਮੇ ਵੱਲੋਂ ਦੋਵਾਂ ਸੂਬਿਆਂ ਦਾ ਸਮਝੌਤਾ ਕਰਾਉਣ ਲਈ ਬੈਠਕਾਂ ਕਰਵਾਈਆਂ ਗਈਆਂ ਸੀ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਸ਼ਾਮਿਲ ਹੋਏ ਸਨ। 

ਭਾਰਤ ਦੇ ਕੇਂਦਰੀ ਜਲ ਸ਼ਕਤੀ ਮਹਿਕਮੇ ਦੇ ਸਕੱਤਰ ਯੂਪੀ ਸਿੰਘ ਨੇ ਕਿਹਾ ਕਿ ਹੁਣ ਦੋਵੇਂ ਧਿਰਾਂ ਦੀ ਕੋਈ ਸਾਂਝੀ ਬੈਠਕ ਨਹੀਂ ਕਰਵਾਈ ਜਾਵੇਗੀ ਤੇ ਉਹਨਾਂ ਕਿਹਾ ਕਿ ਦੋਵਾਂ ਧਿਰਾਂ ਦੀ ਗੱਲਬਾਤ ਨਾਲ ਫੈਂਸਲਾ ਕਰਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। 

ਦੋਵੇਂ ਸੂਬਿਆਂ ਦੌਰਾਨ ਇਸ ਮਸਲੇ 'ਤੇ ਆਖਰੀ ਬੈਠਕ 21 ਅਗਸਤ ਨੂੰ ਭਾਰਤ ਦੇ ਕੇਂਦਰੀ ਜਲ ਸ਼ਕਤੀ ਮਹਿਕਮੇ ਦੀ ਦੇਖ-ਰੇਖ ਅਧੀਨ ਹੋਈ ਸੀ। 

ਹੁਣ 3 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਇਸ ਮਸਲੇ 'ਤੇ ਸੁਣਵਾਈ ਹੋਣ ਜਾ ਰਹੀ ਹੈ ਤੇ ਸੁਪਰੀਮ ਕੋਰਟ ਨੇ ਉਸ ਦਿਨ ਤੱਕ ਦੋਵੇਂ ਸੂਬਿਆਂ ਦੀ ਸਹਿਮਤੀ ਨਾਲ ਮਸਲੇ ਦਾ ਹੱਲ ਕਰਨ ਲਈ ਕਿਹਾ ਸੀ। ਹੁਣ ਕੇਂਦਰੀ ਮਹਿਕਮੇ ਵੱਲੋਂ ਸਾਰਾ ਕੁੱਝ ਸੁਪਰੀਮ ਕੋਰਟ ਦੇ ਫੈਂਸਲੇ 'ਤੇ ਛੱਡ ਦਿੱਤਾ ਗਿਆ ਹੈ ਅਤੇ ਸੁਪਰੀਮ ਕੋਰਟ ਪਹਿਲਾਂ ਹੀ ਹਰਿਆਣੇ ਦੇ ਪੱਖ ਵਿੱਚ ਫੈਂਸਲੇ ਸੁਣਾ ਚੁੱਕੀ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ 2004 ਵਿੱਚ ਪਾਣੀਆਂ ਦੇ ਸਮਝੌਤਿਆਂ ਨੂੰ ਰੱਦ ਕਰਨ ਸਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਾਨੂੰਨ ਨੂੰ ਗੈਰ-ਕਾਨੂੰਨੀ ਕਹਿ ਦਿੱਤਾ ਸੀ ਅਤੇ ਐੱਸਵਾਈਐੱਲ ਨਹਿਰ ਦੇ ਨਿਰਮਾਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਰਾਹੀਂ ਪਹਿਲਾਂ ਹੀ ਜਲ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਦਰਿਆਵਾਂ ਦਾ ਹੋਰ ਪਾਣੀ ਲੁੱਟ ਕੇ ਹਰਿਆਣੇ ਭੇਜਿਆ ਜਾਣਾ ਹੈ। 

ਸੋ, ਇਹਨਾਂ ਹਾਲਤਾਂ ਤੋਂ ਪ੍ਰਤੀਤ ਹੋ ਰਿਹਾ ਹੈ ਕਿ 3 ਸਤੰਬਰ ਨੂੰ ਦਿੱਲੀ ਤੋਂ ਪੰਜਾਬ ਖਿਲਾਫ ਕੋਈ ਵੱਡਾ ਐਲਾਨ ਹੋ ਸਕਦਾ ਹੈ।