ਸ੍ਰੀਲੰਕਾ ਦੀ ਨਿਮਾਲੀ ਦੇ ਵਿਰੋਧ ਮਗਰੋਂ ਭਾਰਤ ਦੀ ਅਰਚਨਾ ਤੋਂ ਸੋਨ ਤਗ਼ਮਾ ਖੋਹਿਆ

ਸ੍ਰੀਲੰਕਾ ਦੀ ਨਿਮਾਲੀ ਦੇ ਵਿਰੋਧ ਮਗਰੋਂ ਭਾਰਤ ਦੀ ਅਰਚਨਾ ਤੋਂ ਸੋਨ ਤਗ਼ਮਾ ਖੋਹਿਆ
ਕੈਪਸ਼ਨ-ਭਾਰਤ ਦਾ ਜੀ ਲਕਸ਼ਮਣ (ਸੱਜੇ) ਤੇ ਗੋਪੀ ਠੋਨਾਕਲ ਦਸ ਹਜ਼ਾਰ ਮੀਟਰ ਵਿਚ ਕ੍ਰਮਵਾਰ ਸੋਨ ਤੇ ਚਾਂਦੀ ਤਗ਼ਮਾ ਜਿੱਤਣ ਮਗਰੋਂ ਖੁਸ਼ੀ ਜ਼ਾਹਰ ਕਰਦੇ ਹੋਏ।

ਭੁਵਨੇਸ਼ਵਰ/ਬਿਊਰੋ ਨਿਊਜ਼ :
ਭਾਰਤ ਦੀ ਅਰਚਨਾ ਅਧਵ ਨੂੰ ਇੱਥੇ ਸ੍ਰੀਲੰਕਾ ਦੀ ਨਿਮਾਲੀ ਵਾਲਿਵਰਸ਼ਾ ਕੌਂਡਾ ਦੇ ਵਿਰੋਧ ਤੋਂ ਬਾਅਦ 22ਵੀਂ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਦੀ ਮਹਿਲਾਵਾਂ ਦੀ 800 ਮੀਟਰ ਦੌੜ ਵਿਚ ਸੋਨ ਤਗ਼ਮਾ ਖੋਹ ਲਿਆ ਗਿਆ ਅਤੇ ਸ੍ਰੀਲੰਕਾਈ ਅਥਲੀਟ ਨੂੰ ਚੈਂਪੀਅਨ ਐਲਾਨ ਦਿੱਤਾ ਗਿਆ। ਪੁਣੇ ਦੀ 22 ਸਾਲਾ ਅਰਚਨਾ ਨੇ ਪਹਿਲਾਂ ਇਸ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਲਿਆ ਸੀ, ਪਰ ਨਿਮਾਲੀ ਨੇ ਬਾਅਦ ਵਿੱਚ ਵਿਰੋਧ ਦਰਜ ਕਰਾਇਆ ਕਿ ਭਾਰਤੀ ਅਥਲੀਟ ਨੇ ਫਿਨਿਸ਼ ਲਾਈਨ ‘ਤੇ ਉਸ ਨੂੰ ਧੱਕਾ ਦਿੱਤਾ ਹੈ। ਇਸ ਮਗਰੋਂ ਅਰਚਨਾ ਨੂੰ ਅਯੋਗ ਕਰਾਰ ਦੇ ਕੇ ਦੋ ਮਿੰਟ 5.23 ਸਕਿੰਟ ਵਿਚ ਦੌੜ ਪੂਰੀ ਕਰਨ ਵਾਲੀ ਨਿਮਾਲੀ ਨੂੰ ਸੋਨ ਤਗ਼ਮਾ ਦੇ ਦਿੱਤਾ ਗਿਆ। ਸ੍ਰੀਲੰਕਾ ਦੀ ਇੱਕ ਹੋਰ ਅਥਲੀਟ ਗਾਯੰਤਿਕਾ ਤੁਸ਼ਾਰੀ ਨੂੰ ਚਾਂਦੀ ਤੇ ਜਪਾਨ ਦੀ ਫੁਮਿਕਾ ਓਮੋਰੀ ਨੂੰ ਕਾਂਸੀ ਤਗ਼ਮਾ ਮਿਲਿਆ।
ਇਸ ਤੋਂ ਪਹਿਲਾਂ ਅਰਚਨਾ ਅਧਵ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 22ਵੀਂ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਦੇ ਚੌਥੇ ਤੇ ਆਖਰੀ ਦਿਨ ਐਤਵਾਰ ਨੂੰ ਮਹਿਲਾਵਾਂ ਦੇ 800 ਮੀਟਰ ਮੁਕਾਬਲੇ ਵਿਚ ਸੋਨ ਤਗ਼ਮਾ ਹਾਸਲ ਕੀਤਾ।
ਅਰਚਨਾ ਦੇ ਨਾਲ ਸਵਪਨਾ ਬਰਮਨ ਨੇ ਹੈਪਟੈਥਲੌਨ ਵਿਚ ਸੋਨ ਤਗ਼ਮਾ ਜਿੱਤ ਲਿਆ ਹੈ। ਇਨ੍ਹਾਂ ਦੋ ਸੋਨ ਤਗ਼ਮਿਆਂ ਨਾਲ ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਸੋਨ ਤਗ਼ਮਿਆਂ ਦੀ ਕੁੱਲ ਗਿਣਤੀ ਨੌਂ ਪਹੁੰਚ ਗਈ ਹੈ। ਜਿਨਸਨ ਜੌਨਸਨ ਨੇ ਪੁਰਸ਼ਾਂ ਦੇ 800 ਮੀਟਰ ਮੁਕਾਬਲੇ ਅਤੇ ਪੂਰਨਿਮਾ ਹੇਮਬ੍ਰਾਮ ਨੇ ਹੈਪਟੈਥਲੌਨ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੇ ਕੁੱਲ ਤਗ਼ਮਿਆਂ ਦੀ ਗਿਣਤੀ 24 ਤੱਕ ਪਹੁੰਚ ਚੁੱਕੀ ਹੈ, ਜਿਸ ਵਿਚ ਨੌਂ ਸੋਨ, ਚਾਰ ਚਾਂਦੀ ਤੇ 11 ਕਾਂਸੀ ਦੇ ਤਗ਼ਮੇ ਸ਼ਾਮਲ ਹਨ।
ਅਰਚਨਾ ਨੇ ਦੋ ਮਿੰਟ 05.00 ਸਕਿੰਟ ਦਾ ਸਮਾਂ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ। ਸ੍ਰੀਲੰਕਾ ਦੀ ਨਿਮਿਲੀ ਇਰਾਚਿਘੇ (2:5.23) ਨੂੰ ਚਾਂਦੀ ਅਤੇ ਸ੍ਰੀਲੰਕਾ ਦੀ ਹੀ ਗਯੰਤਿਕਾ ਅਬੇਯਰਤਨੇ (2:05.27) ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਅਰਚਨਾ ਦਾ ਇਹ ਪਹਿਲਾ ਏਸ਼ਿਆਈ ਚੈਂਪੀਅਨਸ਼ਿਪ ਤਗ਼ਮਾ ਹੈ। ਹੈਪਟੈਥਲੌਨ ਵਿਚ ਸਵਪਨਾ ਬਰਮਨ ਨੇ 5942 ਅੰਕਾਂ ਨਾਲ ਸੋਨ ਤਗ਼ਮਾ ਆਪਣੇ ਨਾਂ ਕੀਤਾ। ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਪਹਿਲਾਂ ਅਰਚਨਾ ਨੂੰ ਕੋਈ ਜ਼ਿਆਦਾ ਨਹੀਂ ਜਾਣਦਾ ਸੀ। ਇਸ ਮੁਕਾਬਲੇ ਵਿਚ ਸਭ ਟਿੰਟੂ ਲੁਕਾ ਬਾਰੇ ਗੱਲ ਕਰ ਰਹੇ ਸਨ ਤੇ ਉਸ ਨੂੰ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਵੀ ਮੰਨ ਰਹੇ ਸਨ, ਪਰ ਟਿੰਟੂ ਬਿਮਾਰੀ ਕਾਰਨ ਰੇਸ ਦੇ ਅੱਧ ਵਿਚ ਹੀ ਹੱਟ ਗਈ। ਟਿੰਟੂ ਦੇ ਹਟਣ ਮਰਗੋਂ ਅਰਚਨਾ ਨੇ ਜ਼ਿੰਮੇਵਾਰੀ ਸਾਂਭੀ ਅਤੇ ਦੋ ਸ੍ਰੀਲੰਕਾਈ ਦੌੜਾਕਾਂ ਦੀ ਚੁਣੌਤੀ ਦਾ ਸਾਹਮਣਾ ਕਰਦਿਆਂ ਸੋਨ ਤਗ਼ਮਾ ਜਿੱਤ ਲਿਆ। ਭਾਰਤ ਦੀ ਜੂਨੀਅਰ ਦੌੜਾਕ ਲਿਲੀ ਦਾਸ 2.07.49 ਪੰਜਵੇਂ ਸਥਾਨ ‘ਤੇ ਰਹੀ। ਪੁਰਸ਼ਾਂ ਦੀ 800 ਮੀਟਰ ਦੌੜ ਵਿਚ ਭਾਰਤ ਦੇ ਜੌਨਸਨ ਇੱਕ ਮਿੰਟ 50.07 ਸਕਿੰਟ ਦਾ ਸਮਾਂ ਲੈ ਕੇ ਕਾਂਸੀ ਤਗ਼ਮਾ ਜਿੱਤਿਆ। ਕੁਵੈਤ ਦੇ ਆਰ ਅਲ ਜੋਫੇਰੀ ਨੇ 1:49.47 ਨਾਲ ਸੋਨ ਤਗ਼ਮਾ ਜਦਕਿ ਉਸ ਦੇ ਹਮਵਤਨ ਜਮਾਲ ਅਲ ਹੇਰਾਨੀ ਨੇ 1:49.94 ਨਾਲ ਕਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਮਹਿਲਾ 200 ਮੀਟਰ ਵਿਚ ਭਾਰਤ ਦੀ ਦੁਤੀਚੰਦ ਨੇ ਸੈਸ਼ਨ ਦਾ ਆਪਣਾ ਸਰਵੋਤਮ ਸਮਾਂ 23.59 ਸਕਿੰਟ ਕੱਢਿਆ, ਪਰ ਉਸ ਨੂੰ ਚੌਥਾ ਸਥਾਨ ਹਾਸਲ ਹੋਇਆ। ਸ਼੍ਰਾਵਣੀ ਨੰਦਾ ਪੰਜਵੇਂ ਸਥਾਨ ‘ਤੇ ਰਹੀ, ਜਿਸ ਨੇ ਪਿਛਲੀ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਸੀ।