ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਤੇ ਹੋਰ ਵਪਾਰਕ ਕੰਮ ਕਾਂਗਰਸੀ ਮੈਂਬਰਾਂ ਦੇ ਨਿਸ਼ਾਨੇ ‘ਤੇ ਰਹੇ

ਬਾਦਲ ਪਰਿਵਾਰ ਦੀਆਂ  ਟਰਾਂਸਪੋਰਟ ਕੰਪਨੀਆਂ ਤੇ ਹੋਰ ਵਪਾਰਕ ਕੰਮ ਕਾਂਗਰਸੀ ਮੈਂਬਰਾਂ ਦੇ ਨਿਸ਼ਾਨੇ ‘ਤੇ ਰਹੇ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਅੰਦਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਸਬੰਧਤ ਟਰਾਂਸਪੋਰਟ ਕੰਪਨੀਆਂ ਅਤੇ ਬਾਦਲਾਂ ਦੇ ਹੋਰ ਵਪਾਰਕ ਕੰਮ ਕਾਂਗਰਸੀ ਮੈਂਬਰਾਂ ਦੇ ਨਿਸ਼ਾਨੇ ‘ਤੇ ਰਹੇ। ਅਕਾਲੀ ਦਲ ਦੇ ਮੈਂਬਰਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਿਸਾਨੀ ਮੁੱਦਿਆਂ ‘ਤੇ ਸਪੀਕਰ ਦੇ ਆਸਨ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਸ਼ਨ ਕਾਲ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਏ ਜਾਣ ਬਾਅਦ ਅਕਾਲੀ ਦਲ ਦੇ ਮੈਂਬਰਾਂ ਦਾ ਮੰਤਰੀ ਨਾਲ ਸਿੱਧਾ ਟਕਰਾਅ ਹੋ ਗਿਆ। ਕਾਂਗਰਸੀ ਤੇ ਅਕਾਲੀ ਮੈਂਬਰਾਂ ਦਰਮਿਆਨ ਟਕਰਾਅ ਨੂੰ ਦੇਖਦਿਆਂ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿਚੋਂ ਦੋ ਵਾਰ ਵਾਕਆਊਟ ਕੀਤਾ ਜਦੋਂ ਕਿ ਅਕਾਲੀਆਂ ਨੇ ਸਪੀਕਰ ਦੇ ਆਸਣ ਅੱਗੇ ਦੋ ਵਾਰ ਪ੍ਰਦਰਸ਼ਨ ਕੀਤਾ। ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਦਾ ਮੁੱਦਾ ਸਦਨ ਵਿੱਚ ਵਾਰ-ਵਾਰ ਉਠਣ ਕਾਰਨ ਅਕਾਲੀ ਮੈਂਬਰਾਂ ਨੂੰ ਨਮੋਸ਼ੀ ਝੱਲਣੀ ਪਈ। ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਹਰੀਕੇ ‘ਚ ਜੰਗਲੀ ਜੀਵ ਰੱਖ ਨੂੰ ਵਿਕਸਤ ਕਰਨ ਬਾਰੇ ਪੁੱਛੇ ਸਵਾਲ ਉਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੀ ਪਾਣੀ ਵਾਲੀ ਬੱਸ ਚਲਾਉਣ ਲਈ ਰੋਪੜ ਹੈੱਡ ਵਰਕਸ ਤੋਂ ਪਾਣੀ ਛੁਡਾ ਕੇ 5000 ਕਿਸਾਨਾਂ ਦੀ ਫਸਲ ਡੋਬ ਦਿੱਤੀ ਸੀ ਅਤੇ ਅੱਜ ਇਹ ਅਕਾਲੀ ਕਿਸ ਹੱਕ ਨਾਲ ਕਿਸਾਨਾਂ ਦੀ ਗੱਲ ਕਰ ਰਹੇ ਹਨ। ਇਹ ਬੱਸ ਵੀ ਮਸਾਂ 10 ਕੁ ਦਿਨ ਚੱਲੀ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੂੰ ਬੱਸਾਂ ਚਲਾਉਣ ਦਾ ਹੀ ਸ਼ੌਕ ਸੀ ਤਾਂ 350 ਕਰੋੜ ਘਾਟੇ ਵਿੱਚ ਚੱਲ ਰਹੀ ਪੀਆਰਟੀਸੀ ਦੀਆਂ ਬੱਸਾਂ ਨੂੰ ਕਿਉਂ ਨਹੀਂ ਚਲਾਇਆ? ਬਾਦਲ ਪਰਿਵਾਰ ਨੇ ਸੱਤਾ ਵਿੱਚ ਆਉਣ ਬਾਅਦ ਆਪਣੀਆਂ ਬੱਸਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਕੀਤਾ। ਬਾਦਲ ਪਰਿਵਾਰ ਦਾ ਕਰੀਬੀ ਹੀ ਬੱਸਾਂ ਦੇ ਟਾਈਮ ਟੇਬਲ ਬਣਾਉਂਦਾ ਹੈ, ਜਿਸ ਕਾਰਨ ਪੀਆਰਟੀਸੀ ਨੂੰ ਨਿੱਤ ਦਿਨ ਘਾਟਾ ਪੈਂਦਾ ਗਿਆ। ਇਸ ਬਾਅਦ ਅਕਾਲੀ ਦਲ ਦੇ ਮੈਂਬਰਾਂ ਨੇ ਮੰਤਰੀ ਦੀ ਸੀਟ ਨੇੜੇ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਕਾਲੀ ਮੈਂਬਰਾਂ ਦਾ ਸ਼ੋਰ ਸ਼ਰਾਬਾ ਐਨਾ ਜ਼ਿਆਦਾ ਵਧ ਗਿਆ ਕਿ ਨੌਬਤ ਟਕਰਾਅ ਤਕ ਦੀ ਆ ਗਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਦਖ਼ਲ ਦਿੰਦਿਆਂ ਸਪੀਕਰ ਨੂੰ ਕਿਹਾ ਕਿ ਅਕਾਲੀ ਦਲ ਦੇ ਮੈਂਬਰਾਂ ਵਲੋਂ ਮੰਤਰੀ ‘ਤੇ ਨਿੱਜੀ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਮੰਤਰੀ ਦਾ ਵਿਰੋਧ ਕੀਤਾ। ਸਦਨ ਵਿੱਚ ਸ਼ੋਰ ਸ਼ਰਾਬਾ ਹੋਰ ਵਧ ਗਿਆ ਤੇ ਅਖੀਰ ਸਪੀਕਰ ਨੂੰ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ।
ਇਸ ਬਾਅਦ ਧਿਆਨ ਦਿਵਾਊ ਮਤੇ ਰਾਹੀਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਬਾਦਲਾਂ ਦੀ ਮਾਲਕੀ ਵਾਲੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮਤੇ ਦੇ ਜਵਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਗੈਰ ਕਾਨੂੰਨੀ ਬੱਸਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਤੇ ਟਰਾਂਸਪੋਰਟ ਵਿਭਾਗ ਵਲੋਂ ਸਾਂਝੀ ਮੁਹਿੰਮ ਚਲਾਈ ਗਈ ਹੈ। ਇਸ ਮਾਮਲੇ ਦੀ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਭੱਟੀ ਬਣੇ ਡਿਪਟੀ ਸਪੀਕਰ:
ਵਿਧਾਨ ਸਭਾ ਹਲਕਾ ਮਲੋਟ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭੱਟੀ ਦਾ ਨਾਮ ਤਜਵੀਜ਼ ਕੀਤਾ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਤਾਈਦ ਕੀਤੀ। ਸ੍ਰੀ ਭੱਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਐਲਾਨੀ ਗਈ। ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭੱਟੀ ਨੂੰ ਡਿਪਟੀ ਸਪੀਕਰ ਬਣਨ ‘ਤੇ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਭੱਟੀ ਚੰਗਾ ਪ੍ਰਸ਼ਾਸਨਿਕ ਤਜਰਬਾ ਰੱਖਦੇ ਹਨ ਤੇ ਸਿਆਸਤ ਸ੍ਰੀ ਭੱਟੀ ਦੇ ਖ਼ੂਨ ਵਿੱਚ ਹੈ ਜੋ ਉਨ੍ਹਾਂ ਨੂੰ ਆਪਣੇ ਪਿਤਾ ਮਰਹੂਮ ਅਰਜਨ ਸਿੰਘ ਕੋਲੋਂ ਵਿਰਸੇ ਵਿੱਚ ਮਿਲੀ ਹੈ, ਜਿਨ੍ਹਾਂ ਨੇ 1957 ਵਿੱਚ ਨਿਹਾਲ ਸਿੰਘ ਵਾਲਾ ਦੇ ਤਤਕਾਲੀ ਸਾਂਝੇ ਹਲਕੇ ਤੋਂ ਵਿਧਾਨ ਸਭਾ ਚੋਣ ਲੜੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸ੍ਰੀ ਭੱਟੀ ਖ਼ਾਸ ਕਰਕੇ ਸਮਾਜ ਦੇ ਕਮਜ਼ੋਰ ਤਬਕਿਆਂ ਦੀ ਭਲਾਈ ਲਈ ਡਟ ਕੇ ਕੰਮ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਭੱਟੀ ਇਸ ਵੱਕਾਰੀ ਅਹੁਦੇ ਦਾ ਮਾਣ ਵਧਾਉਣਗੇ। ਵਿਰੋਧੀ ਧਿਰ ਦੇ ਨੇਤਾ ਐੱਚ.ਐੱਸ. ਫੂਲਕਾ, ਭਾਜਪਾ ਆਗੂ ਸੋਮ ਪ੍ਰਕਾਸ਼, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਭੱਟੀ ਨੂੰ ਵਧਾਈ ਦਿੱਤੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਸ੍ਰੀ ਭੱਟੀ ਨੂੰ ਡਿਪਟੀ ਸਪੀਕਰ ਦੇ ਕੁਰਸੀ ਤੱਕ ਲੈ ਕੇ ਗਏ।
ਸੁਖਪਾਲ ਖਹਿਰਾ ਬਜਟ ਸੈਸ਼ਨ ਦੌਰਾਨ ਮੁਅੱਤਲ:
ਸਪੀਕਰ ਨੇ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਰਹਿੰਦੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸ੍ਰੀ ਖਹਿਰਾ ‘ਤੇ ਸਦਨ ਦੀ ਵੀਡੀਓ ਬਣਾ ਕੇ ਫੇਸਬੁੱਕ ‘ਤੇ ਅਪਲੋਡ ਕਰਨ ਸਬੰਧੀ ਕਾਰਵਾਈ ਦੀ ਮੰਗ ਕੀਤੀ ਸੀ। ਸਪੀਕਰ ਨੇ ਖਹਿਰਾ ਦਾ ਮੋਬਾਈਲ ਫੋਨ ਕਬਜ਼ੇ ‘ਚ ਲੈਣ, ਰਹਿੰਦੇ ਸੈਸ਼ਨ ਦੌਰਾਨ ਮੁਅੱਤਲ ਕਰਨ ਅਤੇ ਮਾਮਲਾ ਮਰਿਆਦਾ ਕਮੇਟੀ ਨੂੰ ਸੌਂਪਣ ਦਾ ਐਲਾਨ ਕੀਤਾ।
ਰੇਤੇ ਦੇ ਮਾਮਲੇ ‘ਚ ਕੈਪਟਨ ਨੇ ਅਕਾਲੀ ਘੇਰੇ :
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵਿਚਕਾਰ ਆ ਕੇ ਸਰਕਾਰ ਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਤਾਂ ਤਕਰੀਬਨ ਇੱਕ ਘੰਟੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਮੇਰੇ ਕੋਲ ਪੂਰੀ ਸੂਚੀ ਪਈ ਹੈ, ਜਿਨ੍ਹਾਂ ਨੇ ਰੇਤ ਦੇ ਠੇਕੇ ਲਏ ਹੋਏ ਹਨ ਅਤੇ ਜੇਕਰ ਤੁਸੀਂ ਨਾ ਬੈਠੇ ਤਾਂ ਸਭ ਦੇ ਨਾਂ ਬੋਲ ਦਿਆਂਗਾ।’ ਇਸ ਬਾਅਦ ਅਕਾਲੀ ਵਿਧਾਇਕ ਆਪਣੀਆਂ ਸੀਟਾਂ ‘ਤੇ ਬੈਠ ਗਏ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਤਹਿਤ ਕਿਸਾਨਾਂ ਦਾ ਕਰਜ਼ਾ ਤੇ ਹੋਰ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।