ਪੰਥਕ ਜਥੇਬੰਦੀਆਂ ਵੱਲੋਂ ਭਾਈ ਪਰਮਜੀਤ ਸਿੰਘ ਪੰਜਵੜ ਕੌਮੀ ਸ਼ਹੀਦ ਕਰਾਰ

ਪੰਥਕ ਜਥੇਬੰਦੀਆਂ ਵੱਲੋਂ ਭਾਈ ਪਰਮਜੀਤ ਸਿੰਘ ਪੰਜਵੜ ਕੌਮੀ ਸ਼ਹੀਦ ਕਰਾਰ

* ਜਥੇਬੰਦੀਆਂ ਨੇ ਭਾਈ ਪੰਜਵੜ ਦੇ ਕਤਲ ਲਈ ਦਿੱਲੀ ਨੂੰ ਦੋਸ਼ੀ ਠਹਿਰਾਇਆ 

* ਦਰਬਾਰ ਸਾਹਿਬ ਸਮੂਹ ਅੰਦਰ ਅਰਦਾਸ ਸਮਾਗਮ ਹੋਇਆ 

* ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਪੰਜਵੜ ਪਰਿਵਾਰ ਨੂੰ ਸਿਰੋਪਾ ਦਿੱਤਾ 

* ਬੀਤੇ ਕਲ ਗ੍ਰਿਫਤਾਰ ਨੌਜਵਾਨ ਤਾਂ ਮੋਹਰੇ ਹਨ, ਅਸਲ ਬਿਸਾਤ ਤਾਂ ਦਿੱਲੀ ਦੀ ਵਿਛਾਈ ਹੋਈ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ- ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸਰਧਾਂਜਲੀ ਅਰਪਿਤ ਕਰਦੇ ਹੋਏ ਦਲ ਖ਼ਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਅਤੇ ਸਖਸ਼ੀਅਤਾਂ ਵੱਲੋਂ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸ਼ਹੀਦ ਬਾਬਾ ਗੁਰਖ਼ਸ਼ ਸਿੰਘ ਜੀ ਨਾਲ ਸੰਬੰਧਿਤ ਸਥਾਨ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰਿਕ ਮੈਂਬਰਾਂ ਜਿਨਾਂ ਵਿੱਚ ਦੋ ਭਰਾ, ਤਿੰਨ ਭਾਬੀਆਂ ਅਤੇ ਇਕ ਭਤੀਜਾ ਸ਼ਾਮਿਲ ਸਮ, ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। 

 

ਦਲ ਖਾਲਸਾ ਵੱਲੋਂ ਆਯੋਜਿਤ ਅਰਦਾਸ ਸਮਾਗਮ ਵਿੱਚ ਸ਼ਾਮਿਲ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਬੁਲਾਰਾ ਪਰਮਜੀਤ ਸਿੰਘ ਮੰਡ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਸਿੱਖ ਸੰਘਰਸ਼ ਦੇ ਉੱਘੇ ਜੁਝਾਰੂ ਯੋਧੇ ਸਨ ਜਿਨ੍ਹਾਂ ਨੂੰ ਪੰਥ ਦੇ ਦੁਸ਼ਮਣਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਹੈ। ਇਸ ਨਾਮਵਰ ਜੁਝਾਰੂ ਦਾ ਸਰਹੱਦ ਪਾਰ ਹੋਏ ਕਤਲ ਲਈ ਹੱਥ ਭਾਵੇਂ ਕਿਸੇ ਦੇ ਵੀ ਹੋਣ ਪਰ ਪਿੱਛੇ ਦਿਮਾਗ ਦਿੱਲੀ ਦੀਆਂ ਏਜੰਸੀਆਂ ਦਾ ਹੈ। ਜ਼ਿਕਰਯੋਗ ਹੈ ਕਿ ਭਾਈ ਪੰਜਵੜ ਦੇ ਮਾਤਾ ਜੀ ਨੂੰ ਪੁਲਿਸ ਨੇ ਜਬਰੀ ਲਾਪਤਾ ਕਰ ਦਿੱਤਾ ਸੀ ਅਤੇ ਇਕ ਭਰਾਤਾ ਨੂੰ ਪੁਲਿਸ ਨੇ ਫਰਜ਼ੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ਅਤੇ ਪੂਰਾ ਪਰਿਵਾਰ ਭਾਰੀ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਇਆ ਸੀ। 

ਪਰਿਵਾਰ ਵੱਲੋਂ 15 ਨੂੰ ਪਿੰਡ ਪੰਜਵੜ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ। 

ਪਿੱਛਲੇ ਦਿਨੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬੰਬ ਧਮਾਕੇ ਦੇ ਦੋਸ਼ ਹੇਠ ਫੜ੍ਹੇ ਗਏ ਨੌਜਵਾਨਾਂ ਦੀ ਗਿ੍ਰਫਤਾਰੀ  ਤੋਂ ਬਾਅਦ ਬਣੇ ਹਾਲਾਤਾਂ ਉੱਤੇ ਦਲ ਖਾਲਸਾ ਆਗੂਆਂ ਭਾਈ ਚੀਮਾ, ਕੰਵਰਪਾਲ ਸਿੰਘ ਅਤੇ ਪਰਮਜੀਤ ਮੰਡ ਨੇ ਕਿਹਾ ਕਿ ਇਹ ਨੌਜਵਾਨ ਤਾਂ ਮੋਹਰੇ ਹਨ, ਅਸਲ ਜਾਲ ( ਬਿਸਾਤ) ਤਾਂ ਦਿੱਲੀ ਦਾ ਵਿਛਾਇਆ ਹੋਇਆ ਹੈ। ਓਹਨਾ ਕਿਹਾ ਕਿ ਪਿੱਛਲੇ ਕੁਝ ਮਹੀਨਿਆਂ ਤੋਂ ਪੰਜਾਬ ਅੰਦਰ ਉਥਲ ਪੁਥਲ ਕਰਨ ਲਈ ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ਉਤੇ ਸਿੱਖ ਸੰਸਥਾਵਾਂ ਅਤੇ ਧਾਰਮਿਕ ਅਸਥਾਨ ਹਨ। ਓਹਨਾਂ ਕਿਹਾ ਕਿ ਅਕਲ ਤਖ਼ਤ ਦੇ ਜਥੇਦਾਰ ਸਮੇਤ ਸਾਰੇ ਸਿੱਖ ਆਗੂ ਇਹ ਤਾਂ ਕਹਿੰਦੇ ਹਨ ਕਿ ਸਿੱਖ ਕੌਮ ਖ਼ਿਲਾਫ਼ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਕੋਈ ਵੀ ਇਹ ਦੱਸਣ ਦਾ ਹੀਆ ਨਹੀਂ ਕਰ ਰਿਹਾ ਕਿ ਇਹ ਸਾਜ਼ਿਸ਼ ਰਚ ਕੌਣ ਰਿਹਾ ਹੈ । ਉਹਨਾਂ ਕਿਹਾ ਕਿ ਜਦ ਤੱਕ ਦੁਸ਼ਮਣ ਦੀ ਨਿਸ਼ਾਨਦੇਹੀ ਕਰਕੇ ਉਸਨੂੰ ਬੇਪਰਦਾ ਨਹੀ ਕਰਦੇ, ਉਦੋਂ ਤੱਕ ਇਹ ਹਮਲੇ ਬੰਦ ਨਹੀਂ ਹੋਣੇ। ਉਹਨਾਂ ਕਿਹਾ ਕਿ ਸਾਰੀਆਂ ਖਾਲਿਸਤਾਨੀ ਧਿਰਾਂ ਸਪਸ਼ਟ ਹਨ ਕਿ ਪੰਥ ਅਤੇ ਪੰਜਾਬ ਖ਼ਿਲਾਫ਼ ਇਹ ਸਾਜਿਸ਼ਾਂ ਭਾਰਤ ਸਟੇਟ ਰਚ ਰਹੀ ਹੈ ਅਤੇ ਜਾਣੇ-ਅਣਜਾਣੇ ਵਿੱਚ ਕੁਝ ਸਿੱਖ ਉਸ ਖੇਡ ਦੇ ਮੋਹਰੇ ਬਣ ਰਹੇ ਹਨ। 

ਉਹਨਾਂ ਫੜੇ ਗਏ ਨੌਜਵਾਨਾਂ ਬਾਰੇ ਪੰਜਾਬ ਪੁਲਿਸ ਦੇ ਡੀ ਜੀ ਪੀ ਗੋਰਵ ਯਾਦਵ ਦੇ ਤਰਕ ਕਿ ਇਹ ਨੌਜਵਾਨ ਸਿੱਖਾਂ ਖਿਲਾਫ਼ ਬਣੇ ਹਾਲਾਤਾਂ ਤੋਂ ਚਿੰਤਤ ਸਨ ਅਤੇ ਗਰਮ ਖਿਆਲੀ ਸੋਚ ਦੇ ਧਾਰਨੀ ਸਨ ਨੂੰ ਕੱਟਦਿਆਂ ਕਿਹਾ ਕਿ ਡੀਜੀਪੀ ਦਾ ਤਰਕ ਅਤੇ ਉਹਨਾਂ ਨੌਜਵਾਨਾਂ ਵਲੋ ਕੀਤੀਆਂ ਹਰਕਤਾਂ ਆਪਾ-ਵਿਰੋਧੀ ਹਨ ।

ਉਹਨਾਂ ਟਿੱਪਣੀ ਕਰਦਿਆਂ ਪੁੱਛਿਆ ਕਿ ਕੀ ਅਜਿਹੇ ਅਖੌਤੀ ਚਿੰਤਕਾਂ ਨੇ ਦਰਬਾਰ ਸਾਹਿਬ ਨੂੰ ਹੀ ਨਿਸ਼ਾਨਾ ਬਣਾਉਣਾ ਸੀ। ਉਹਨਾਂ ਕਿਹਾ ਕਿ ਅਸਲ ਵਿੱਚ ਇਹ ਨੌਜਵਾਨ ਨਸ਼ੇੜੀ ਹਨ ਅਤੇ ਉਹਨਾਂ ਨੂੰ ਸਿੱਖ ਵਿਰੋਧੀ ਤਾਕਤਾਂ ਵਲੋ ਵਰਤਿਆ ਜਾ ਰਿਹਾ ਹੈ ਤੇ ਉਹ ਕਿਸੇ ਅਣਦਿੱਸੀ ਤਾਕਤ ਦੇ ਮੋਹਰੇ ਤੇ ਹੱਥਠੋਕੇ ਬਣ ਕੇ ਕੰਮ ਕਰ ਰਹੇ ਹਨ। 

ਸਿੱਖਾਂ ਦੇ ਕੇਦਰੀ ਅਸਥਾਨ ਨੂੰ ਨਿਸ਼ਾਨਾ ਬਣਾਉਣਾ ਗੁਨਾਹ ਕਰਨ ਤੋ ਘੱਟ ਨਹੀ ਹੈ। ਉਹਨਾਂ ਪੰਜਾਬ ਪੁਲਿਸ ਨੂੰ ਸੰਬੋਧਨ ਹੁੰਦਿਆ ਕਿਹਾ ਉਹ ਪੰਜਾਬ-ਹਿਤੈਸ਼ੀ ਬਣਨ ਨਾ ਕਿ ਰਾਸ਼ਟਰਵਾਦੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇਹ ਵੀ ਪੜਤਾਲ ਕਰੇ ਕਿ ਇਹੋ ਜਿਹੇ ਸ਼ੱਕੀ ਕਿਰਦਾਰ ਦੇ ਬੰਦਿਆ ਦੇ ਪਿੱਛੇ ਦਿੱਲੀ ਦੀ ਕਿਸੇ ਏਜੰਸੀ ਦਾ ਹੱਥ ਤਾਂ ਨਹੀਂ ? 

ਉਹਨਾਂ ਇਸ ਮੌਕੇ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਤਖਤ ਦੇ ਅਧੀਨ ਕੰਮ ਕਰ ਰਹੀਆਂ ਏਜੰਸੀਆਂ ਨੂੰ ਕਹਿਣ ਅਤੇ ਆਸ ਰੱਖਣ ਦੀ ਬਜਾਏ ਜਾਂਚ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਚੁੱਕੇ ਸਾਬਕਾ ਉੱਚ ਪੱਧਰ ਦੇ ਤਜਰਬੇਕਾਰ ਸਿੱਖਾਂ ਦੀ ਇੱਕ ਕਮੇਟੀ ਬਣਾਉਣ ਅਤੇ ਇਹੋ ਜਿਹੇ ਗੁੰਝਲਦਾਰ ਮਸਲਿਆਂ ਦੀ ਜਾਂਚ ਅਕਾਲ ਤਖਤ ਆਪਣੀ ਨਿਗਰਾਨੀ ਹੇਠ  ਕਰਵਾਏ। 

ਬਾਪੂ ਗੁਰਚਰਨ ਸਿੰਘ ਨੇ ਤਿਹਾੜ ਜੇਲ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਜਿਸ ਵਿੱਚ ਉਹਨਾਂ ਭਾਈ ਪੰਜਵੜ ਦੀ ਕੁਰਬਾਨੀ ਅਤੇ ਸੰਘਰਸ਼ ਵਿਚ ਪਾਏ ਯੋਗਦਾਨ ਦੀ ਸਿਫ਼ਤ ਸਲਾਹ ਕੀਤੀ ਸੀ। ਸਮਾਗਮ ਉਪਰੰਤ ਨੌਜਵਾਨਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ ਅਮਰ ਰਹੇ ਦੇ ਨਾਹਰੇ ਵੀ ਲਗਾਏ। 

ਇਸ ਮੌਕੇ ਅਖੰਡ ਕੀਰਤਨੀ ਜਥਾ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ, ਸ਼ਫੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਂਡਾ, ਸਰਬਜੀਤ ਸਿੰਘ ਘੁਮਾਣ, ਨਰਾਇਣ ਸਿੰਘ, ਮਾਨ ਦਲ ਦੇ ਹਰਬੀਰ ਸਿੰਘ ਸੰਧੂ, ਬਲਵੰਤ ਸਿੰਘ ਗੋਪਾਲਾ, ਹਵਾਰਾ ਕਮੇਟੀ ਦੇ ਪ੍ਰੋ. ਬਲਜਿੰਦਰ ਸਿੰਘ, ਮਹਾਂਬੀਰ ਸਿੰਘ, ਭਾਈ ਲਾਲ ਸਿੰਘ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਬਾਬਾ ਬਖ਼ਸ਼ੀਸ਼ ਸਿੰਘ, ਪਰਮਜੀਤ ਸਿੰਘ ਗਾਜੀ, ਰਣਜੀਤ ਸਿੰਘ ਦਮਦਮੀ ਟਕਸਾਲ ਆਦਿ ਹਾਜਿਰ ਸਨ।