ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇਆ ਲਈ ਦਿੱਲੀ ਕਮੇਟੀ ਵਲੋਂ ਅੜਿਕੇ ਪਾਉਣ ਦੇ ਬਾਵਜੂਦ ਸੰਗਤਾਂ ਦੇ ਲੱਗੇ ਵੀਜ਼ੇ: ਸਰਨਾ 

ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇਆ ਲਈ ਦਿੱਲੀ ਕਮੇਟੀ ਵਲੋਂ ਅੜਿਕੇ ਪਾਉਣ ਦੇ ਬਾਵਜੂਦ ਸੰਗਤਾਂ ਦੇ ਲੱਗੇ ਵੀਜ਼ੇ: ਸਰਨਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 21 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਵੰਡ ਵੇਲੇ ਲਹਿੰਦੇ ਪੰਜਾਬ ਵਿੱਚ ਰਹਿ ਗਏ ਵਿੱਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਪਿਛਲੇ ਲੰਮੇ ਅਰਸੇ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਜੋ ਜਥੇ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੀ ਯਾਤਰਾ ਦੇ ਲਈ ਜਾਂਦੇ ਸਨ, ਉਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤ ਨੂੰ ਵੀਜ਼ੇ ਲਗਵਾਉਣ ਤੇ ਜਥੇ ਲੈ ਕੇ ਜਾਣ ਦੀ ਸੇਵਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਸਾਡੀ ਝੋਲੀ ਪਾਈ ਹੋਈ ਹੈ । ਇਹ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਉਹ ਇਹ ਵਡਿਆਈ ਦੇ ਰਹੇ ਹਨ ਤੇ ਬੇਅੰਤ ਸੰਗਤਾਂ ਨੇ ਹੁਣ ਤੱਕ ਦਰਸ਼ਨ ਦੀਦਾਰੇ ਕੀਤੇ ਹਨ ।

ਪਰ ਬਹੁਤ ਅਫ਼ਸੋਸ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਤੇ ਦਿੱਲੀ ਕਮੇਟੀ ਤੇ ਸਰਕਾਰੀ ਸਰਪ੍ਰਸਤੀ ਨਾਲ ਕਾਬਜ਼ ਹੋ ਕੇ ਬੈਠੇ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ, ਪਰਮਜੀਤ ਚੰਢੋਕ ਵਰਗਿਆਂ ਨੇ ਸੰਗਤਾਂ ਨੂੰ ਇਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰਿਆਂ ਤੋਂ ਰੋਕਣ ਲਈ ਕਿ ਉਹਨਾਂ ਦੇ ਵੀਜ਼ੇ ਨਾ ਲੱਗਣ ਇਸ ਲਈ ਹਰ ਸੰਭਵ ਯਤਨ ਕੀਤੇ । ਪਰ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਸੰਗਤ ਜੋ ਨਿੱਤ ਦਿਨ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਨਿੱਤ ਦਿਨ ਅਰਦਾਸਾਂ ਕਰਦੀ  ਹੈ । ਉਹਨਾਂ ਅਰਦਾਸਾਂ ਦੇ ਸਦਕਾ ਇਸ ਵਾਰ ਵੀ ਦਰਸ਼ਨ ਅਭਿਲਾਸ਼ੀ ਸੰਗਤ ਦੇ ਵੀਜ਼ੇ ਲੱਗ ਕੇ ਆਏ ਹਨ । ਪਰ ਇਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਕਿ ਸੰਗਤ ਦੇ ਵੀਜ਼ੇ ਨਾ ਲੱਗ ਸਕਣ । ਕਿਉਂਕਿ ਇਹ ਸੇਵਾ ਸਾਡੇ ਕੋਲ ਸੀ ਸਿਰਫ ਏਸੇ ਕਰਕੇ ਇਹਨਾਂ ਲੋਕਾਂ ਨੇ ਸੰਗਤ ਨਾਲ ਧ੍ਰੋਹ ਕਮਾਉਣ ਵਿੱਚ ਕੋਈ ਕਸਰ ਨਹੀ ਛੱਡੀ । ਜਿਸ ਦੁਸ਼ਟ ਤੇ ਭ੍ਰਿਸ਼ਟ ਜੁੰਡਲੀ ਨੇ ਇਹ ਨਾਪਾਕ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਜਹਾਨ ਵਿੱਚ ਤਾਂ ਸੰਗਤ ਇਹਨਾਂ ਤੋਂ ਹਿਸਾਬ ਲਵੇਗੀ ਹੀ ਗੁਰੂ ਪਾਤਸ਼ਾਹ ਦੀ ਕਚਹਿਰੀ ਵਿੱਚ ਵੀ ਇਹਨਾਂ ਨੂੰ ਲੇਖਾ ਜ਼ਰੂਰ ਦੇਣਾ ਪਵੇਗਾ । ਇਸ ਮੌਕੇ ਉਨ੍ਹਾਂ ਨਾਲ ਜਾਗੋ ਪਾਰਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਅਤੇ ਹੋਰ ਮੈਂਬਰ ਵੀ ਮੌਜੂਦ ਸਨ ।