ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਭਰਾਤਾ ਭਾਈ ਸਰਬਜੀਤ ਸਿੰਘ ਦੇ ਅਕਾਲ ਚਲਾਣੇ ਉਤੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ: ਗਜਿੰਦਰ ਸਿੰਘ, ਦਲ ਖਾਲਸਾ 

ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਭਰਾਤਾ ਭਾਈ ਸਰਬਜੀਤ ਸਿੰਘ ਦੇ ਅਕਾਲ ਚਲਾਣੇ ਉਤੇ  ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ: ਗਜਿੰਦਰ ਸਿੰਘ, ਦਲ ਖਾਲਸਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 21 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਦਿਆਂ ਕਿਹਾ, ਭਾਊ ਪਰਮਜੀਤ ਸਿੰਘ ਪੰਜਵੜ੍ਹ ਦੇ ਭਰਾ ਸਰਬਜੀਤ ਸਿੰਘ ਪੰਜਵੜ੍ਹ ਹੁਰਾਂ ਦੇ ਅਕਾਲ ਚਲਾਣੇ ਦੀ ਖਬਰ ਪੜ੍ਹ ਕੇ ਬਹੁਤ ਦੁੱਖ ਹੋਇਆ । ਵਾਹਿਗੁਰੂ ਮੇਹਰ ਕਰੇ ਉਹਨਾਂ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ । ਉਨ੍ਹਾਂ ਨੇ ਅੱਗੇ ਕਿਹਾ ਕਿ ਪਹਿਲਾਂ ਭਾਊ ਪਰਮਜੀਤ ਸਿੰਘ ਪੰਜਵੜ੍ਹ ਹੁਰਾਂ ਦੀ ਸਿੰਘਣੀ, ਫਿਰ ਉਹ ਆਪ, ਤੇ ਹੁਣ ਉਹਨਾਂ ਦਾ ਭਰਾ, ਬਹੁਤ ਥੋੜ੍ਹੇ ਥੋੜ੍ਹੇ ਵਕਫੇ ਬਾਦ ਸੱਭ ਦੀ ਰਵਾਨਗੀ ਹੁੰਦੀ ਰਹੀ ਹੈ । ਵਾਹਿਗੁਰੂ ਦੇ ਭਾਣੇ ਨੂੰ ਵਾਹਿਗੁਰੂ ਹੀ ਬੇਹਤਰ ਜਾਣਦਾ ਹੈ । ਸਾਡੀ ਇੱਥੇ ਜਲਾਵਤਨਾਂ ਦੀ ਵੀ ਆਪਣੀ ਹੀ ਇੱਕ ਜ਼ਿੰਦਗੀ ਹੈ, ਕਦੇ ਪਰਿਵਾਰ ਵਾਂਗ, ਕਦੇ ਸੰਘਰਸ਼ ਦੇ ਸਾਥੀਆਂ ਵਾਂਗ ਵਿਚਰਦੇ ਰਹਿੰਦੇ ਹਾਂ, ਤੇ ਕਦੇ । ਭਾਊ ਹੁਰਾਂ ਨਾਲ ਮੇਰੀਆਂ ਬਹੁਤ ਨਜ਼ਦੀਕੀਆਂ ਵੀ ਰਹੀਆਂ ਨੇ ਤੇ ਨਰਾਜ਼ਗੀਆਂ ਵੀ ਰਹੀਆਂ ਨੇ । ਨਜ਼ਦੀਕੀਆਂ ਇੰਨੀਆਂ ਕਿ ਜਦੋਂ ਉਹਨਾਂ ਕਵਿਤਾ ਲਿਖਣੀ ਸ਼ੁਰੂ ਕੀਤੀ, ਹਰ ਨਵੀਂ ਕਵਿਤਾ ਸੁਣਾਉਣ ਮੇਰੇ ਕੋਲ ਆਉਂਦੇ ਹੁੰਦੇ ਸਨ । ਅਸੀਂ ਦੋ ਕੂ ਲੰਮੇ ਸਫਰ ਵੀ ਕੱਠੇ ਕੀਤੇ ਹਨ, ਬੜ੍ਹੇ ਹੱਸਦੇ ਖੇਡਦੇ, ਆਪਣੇਪਨ ਦੇ ਮਾਹੌਲ ਵਿੱਚ । ਨਰਾਜ਼ਗੀਆਂ ਨੂੰ ਮੈਂ ਬਹੁਤੀ ਅਹਿਮੀਅਤ ਨਹੀਂ ਦਿੰਦਾ । ਸਾਡੀ ਜਲਾਵਤਨਾਂ ਦੀ ਜ਼ਿੰਦਗੀ ਜੇਲ੍ਹ ਦੀ ਜ਼ਿੰਦਗੀ ਤੋਂ ਕੋਈ ਬਹੁਤੀ ਵੱਖਰੀ ਨਹੀਂ, ਤੇ ਜੇਲ੍ਹਾਂ ਦੀਆਂ ਨਰਾਜ਼ਗੀਆਂ ਅਹਿਮੀਅਤ ਦੇਣ ਵਾਲੀਆਂ ਹੁੰਦੀਆਂ ਹੀ ਨਹੀਂ । ਅਸੀਂ ਵਿਚਾਰਧਾਰਕ ਲੋਕ ਹਾਂ, ਤੇ ਜਜ਼ਬਾਤੀ ਵੀ । ਸਾਡੀ ਨੇੜ੍ਹਤਾ ਤੇ ਦੂਰੀ ਵਿੱਚ ਬਹੁਤ ਫਰਕ ਨਹੀਂ ਹੁੰਦਾ । ਭਾਊ ਪਰਮਜੀਤ ਸਿੰਘ ਪੰਜਵੜ੍ਹ ਹੁਰਾਂ ਨੂੰ ਯਾਦ ਕਰਦੇ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋ ਰਿਹਾ ਹਾਂ । ਜਿਕਰਯੋਗ ਹੈ ਕਿ ਭਾਈ ਸਾਹਿਬ ਨੇ ਲੰਮਾ ਸਮਾਂ ਪੁਲਿਸਿਆ ਤਸ਼ੱਦਦ ਆਪਣੇ ਪਿੰਡੇ ਤੇ ਹੰਢਾਇਆ ਹੈ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ ।