ਸ਼ਿਲੌਂਗ ਦੇ ਪੰਜਾਬੀਆਂ ਉਪਰ ਉਜਾੜੇ ਦੀ ਤਲਵਾਰ ਲਟਕੀ

ਸ਼ਿਲੌਂਗ ਦੇ ਪੰਜਾਬੀਆਂ ਉਪਰ ਉਜਾੜੇ ਦੀ ਤਲਵਾਰ ਲਟਕੀ

 *ਪੰਜਾਬੀ ਲੇਨ ਵਾਸੀਆਂ ਨੇ ਕਿਹਾ ਨਹੀਂ ਖਾਲੀ ਕਰਨਗੇ ਘਰ, ਜਾਰੀ ਰਹੇਗੀ ਲੜਾਈ 

* ਹਰੀਜਨ ਪੰਚਾਇਤ ਕਮੇਟੀ  ਪੰਜਾਬ ਸਰਕਾਰ ਸ਼੍ਰੋਮਣੀ  ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ  ਤੋਂ ਨਾਰਾਜ਼ ਕਿ ਉਨ੍ਹਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ 

ਅੰਮ੍ਰਿਤਸਰ ਟਾਈਮਜ਼

ਸ਼ਿਲੌਂਗ :ਸ਼ਿਲੌਂਗ ਦੀ ਪੰਜਾਬੀ ਲੇਨ ਦੇ ਵਾਸੀਆਂ ਵੱਲੋਂ ਆਪਣੇ ਘਰ ਖਾਲੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਘਰਾਂ ਦੀ ਰਾਖੀ ਲਈ ਮੇਘਾਲਿਆ ਸਰਕਾਰ ਖ਼ਿਲਾਫ਼ ਲੜਾਈ ਜਾਰੀ ਰੱਖਣਗੇ। ਹਰੀਜਨ ਪੰਚਾਇਤ ਕਮੇਟੀ ਜੋ ਇਨ੍ਹਾਂ ਪਰਿਵਾਰਾਂ ਨਾਲ ਸਬੰਧਿਤ ਹੈ, ਵੱਲੋਂ ਬੈਠਕ ਕੀਤੀ ਗਈ ਅਤੇ ਸਰਕਾਰ ਵੱਲੋਂ ਜ਼ਮੀਨ ਦਾ ਕਬਜ਼ਾ ਲੈਣ ਦੇ ਐਲਾਨ ਦਾ ਵਿਰੋਧ ਕੀਤਾ ਗਿਆ। ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਮੁਤਾਬਕ ਇਸ ਲੇਨ ਵਿੱਚ ਸਿੱਖ ਪਰਿਵਾਰਾਂ ਦੇ ਨਾਲ-ਨਾਲ ਕੁਝ ਹਿੰਦੂ ਅਤੇ ਈਸਾਈ ਪਰਿਵਾਰ ਵੀ ਰਹਿੰਦੇ ਹਨ।ਖ਼ਬਰ ਮੁਤਾਬਕ ਗੁਰਜੀਤ ਸਿੰਘ ਨੇ ਆਖਿਆ ਕਿ ਇਸ ਸਬੰਧ ਵਿਚ ਪਹਿਲਾਂ ਵੀ ਅਦਾਲਤ ਵੱਲੋਂ ਲੋਕਾਂ ਦੇ ਹੱਕ ਵਿੱਚ ਫੈਸਲਾ ਕੀਤਾ ਗਿਆ ਹੈ ਅਤੇ ਹੁਣ ਇਹ ਮਾਮਲਾ ਅਦਾਲਤ ਵਲੋਂ ਸਟੇਅ ਕੀਤਾ ਗਿਆ ਹੈ।ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਦੂਸਰੀ ਜਗ੍ਹਾ 'ਤੇ ਭੇਜਿਆ ਜਾਵੇਗਾ। ਖ਼ਬਰ ਮੁਤਾਬਕ 12,444 ਵਰਗ ਮੀਟਰ ਦੇ ਇਸ ਖੇਤਰ ਲਈ ਸੂਬਾ ਸਰਕਾਰ ਨੇ ਤਕਰੀਬਨ ਦੋ ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਹੈ।ਸ਼ਿਲੌਂਗ ਦੀ ਪੰਜਾਬੀ ਲੇਨ ਵਿੱਚ ਜ਼ਿਆਦਾਤਰ ਸਿੱਖ ਰਹਿੰਦੇ ਹਨ। ਹਰੀਜਨ ਪੰਚਾਇਤ ਕਮੇਟੀ, ਜੋ ਉੱਥੇ ਰਹਿੰਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਮੁਤਾਬਕ ਲਗਭਗ ਦੋ ਸਦੀਆਂ ਪਹਿਲਾਂ ਸਿੱਖ ਇੱਥੇ ਆ ਕੇ ਵਸੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਜਗ੍ਹਾ ਬ੍ਰਿਟਿਸ਼ ਰਾਜ ਸਮੇਂ ਮੁਹੱਈਆ ਕਰਵਾਈ ਗਈ ਸੀ।ਚਾਰ ਅਕਤੂਬਰ ਨੂੰ ਕੈਬਨਿਟ ਦੀ ਬੈਠਕ ਵਿੱਚ ਇਸ ਜਗ੍ਹਾ ਬਾਰੇ ਫ਼ੈਸਲਾ ਲਿਆ ਗਿਆ ਸੀ। ਹਰੀਜਨ ਪੰਚਾਇਤ ਕਮੇਟੀ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਮੁਤਾਬਕ ਇਹ ਮਾਮਲਾ ਪਹਿਲਾਂ ਹੀ ਮੇਘਾਲਿਆ ਦੀ ਹਾਈ ਕੋਰਟ ਵਿੱਚ ਹੈ।ਹਰੀਜਨ ਪੰਚਾਇਤ ਕਮੇਟੀ ਵੱਲੋਂ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਨਾਰਾਜ਼ਗੀ ਜਤਾਈ ਗਈ ਸੀ ਕਿ ਉਨ੍ਹਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ।ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਆਪਣੇ ਆਪਣੇ ਵਫ਼ਦ ਵੀ ਸ਼ਿਲਾਂਗ ਭੇਜੇ ਗਏ ਸਨ।2018 ਦੌਰਾਨ ਸਿੱਖ ਅਤੇ ਸਥਾਨਕ ਖਾਸੀ ਲੋਕਾਂ ਵਿੱਚ ਵਿਵਾਦ ਤੋਂ ਬਾਅਦ ਇੱਥੇ ਇੰਟਰਨੈੱਟ ਸੇਵਾਵਾਂ ਉਪਰ ਰੋਕ ਲਗਾ ਦਿੱਤੀ ਗਈ ਸੀ ਅਤੇ ਸ਼ਹਿਰ ਵਿੱਚ ਕਰਫਿਊ ਲਗਾਇਆ ਗਿਆ।

ਪੰਜਾਬੀਆਂ  ਨੂੰ ਪੜਾਅਵਾਰ ਤਰੀਕੇ ਨਾਲ ਤਬਦੀਲ ਕੀਤਾ ਜਾਵੇਗਾ-ਕੋਨਾਰਡ ਸੰਗਮਾ

ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਪੰਜਾਬੀ ਲੇਨ ਦੇ ਵਸਨੀਕਾਂ ਨੂੰ ਪੜਾਅਵਾਰ ਤਰੀਕੇ ਨਾਲ ਸਰਕਾਰ ਦੁਆਰਾ ਮਨੋਨਿਤ ਰਿਹਾਇਸ਼ 'ਚ ਤਬਦੀਲ ਕੀਤਾ ਜਾਵੇਗਾ। ਸੰਗਮਾ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਪਹਿਲਾਂ ਹੀ ਸਾਰੇ ਪਹਿਲੂ ਨੂੰ ਲੋਕਾਂ ਸਾਹਮਣੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਪੂਰੀ ਪ੍ਰਕਿਰਿਆ ਦੇ ਕੁਝ ਪੜਾਅ ਹਨ ਅਤੇ ਸਮੁੱਚੀ ਪ੍ਰਕਿਰਿਆ ਪੜਾਅਵਾਰ ਤਰੀਕੇ ਨਾਲ ਕੀਤੀ ਜਾਵੇਗੀ। ਪਹਿਲਾ ਪੜਾਅ ਜ਼ਮੀਨ ਦੀ ਮਾਲਕੀ ਦਾ ਹੋਵੇਗਾ ਅਤੇ ਇਹ ਹੁਣ ਹੋ ਗਿਆ ਹੈ। ਸੰਗਮਾ ਨੇ ਕਿਹਾ ਕਿ ਕਾਲੋਨੀ ਤੋਂ ਵਸਨੀਕਾਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ 40 ਪਰਿਵਾਰ ਪਹਿਲਾਂ ਹੀ ਤਬਦੀਲ ਹੋ ਚੁੱਕੇ ਹਨ ਜੋ ਵਿਭਾਗਾਂ 'ਵਿਚ ਕੰਮ ਕਰ ਰਹੇ ਹਨ। ਜਦੋਂ ਮੁੱਖ ਮੰਤਰੀ ਤੋਂ ਹਰੀਜਨ ਪੰਚਾਇਤ ਕਮੇਟੀ (ਐਚ.ਪੀ.ਸੀ.) ਵਲੋਂ ਭੂਮੀ 'ਤੇ ਕਬਜ਼ਾ ਕਰਨ ਦੇ ਸੰਬੰਧ 'ਚ ਸਰਕਾਰ ਦੇ ਕਦਮ ਨੂੰ ਖ਼ਾਰਜ ਕਰਨ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਰ ਚੀਜ਼ ਨੂੰ ਕਾਨੂੰਨੀ ਤਰੀਕੇ ਨਾਲ ਅੱਗੇ ਵਧਾਇਆ ਜਾਵੇਗਾ। ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਜਾ ਸਕਦਾ। ਅਸੀਂ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹਾਂ।ਉਧਰ ਦੂਜੇ ਪਾਸੇ ਪੰਜਾਬੀ ਲੇਨ ਦੇ ਵਸਨੀਕਾਂ ਨੇ ਮੁੜ ਦੁਹਰਾਇਆ ਕਿ ਉਹ ਆਪਣੇ ਘਰ ਨਹੀਂ ਖਾਲੀ ਕਰਨਗੇ ਬਲਕਿ ਆਪਣੀ ਜਾਨ ਦੇ ਦੇਣਗੇ। ਹਰੀਜਨ ਪੰਚਾਇਤ ਕਮੇਟੀ (ਐਚ.ਪੀ.ਸੀ.) ਦੇ ਸਕੱਤਰ ਗੁਰਜੀਤ ਸਿੰਘ ਨੇ ਕਿਹਾ ਕਿ ਅਸੀਂ ਤਾਜ਼ਾ ਘਟਨਾਕ੍ਰਮ ਦੀ ਘੋਖ ਕੀਤੀ ਹੈ ਅਤੇ ਮੈਂ ਆਪਣੇ ਪੂਰੇ ਅਧਿਕਾਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਰਕਾਰ ਦੀ ਨੀਂਦ ਉਡਾ ਦੇਵਾਂਗੇ। ਉਨ੍ਹਾਂ ਕਿਹਾ ਕਿ ਇਸ ਕਾਲੋਨੀ 'ਚ ਬਣੇ ਤਿੰਨੋਂ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ, ਮੰਦਰ ਤੇ ਚਰਚ ਦੇ ਮੁਖੀ ਇਸ ਸੰਬੰਧੀ ਰਾਜਪਾਲ ਸਤਿਆ ਪਾਲ ਮਲਿਕ ਨੂੰ ਇਕ ਮੰਗ ਪੱਤਰ ਦੇਣਗੇ।