ਸਾਧ ਭਨਿਆਰੇਵਾਲਾ ਹੋਇਆ ਬਰੀ: ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ 

 ਸਾਧ ਭਨਿਆਰੇਵਾਲਾ ਹੋਇਆ ਬਰੀ: ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਨੂਰਪੁਰ ਬੇਦੀ-ਰੂਪਨਗਰ ਜ਼ਿਲ੍ਹੇ ਦੇ ਪਿੰਡ ਧਮਾਣਾ ਵਿਖੇ ਸਥਿਤ ਡੇਰਾ ਭਨਿਆਰਾਵਾਲਾ ਦੇ ਸਵਰਗੀ ਮੁਖੀ ਪਿਆਰਾ ਸਿੰਘ ਭਨਿਆਰਾਵਾਲੇ ਸਮੇਤ 7 ਹੋਰ ਲੋਕਾਂ ਨੂੰ  ਵਧੀਕ ਸੈਸ਼ਨ ਜੱਜ ਅੰਬਾਲਾ ਦੀ ਅਦਾਲਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਚੱਲ ਰਹੇ ਇਕ ਕੇਸ 'ਚੋਂ ਬਰੀ ਕਰਨ ਦਾ ਸਮਾਚਾਰ ਹੈ । ਦੱਸਣਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਥਾਣਾ ਮੋਰਿੰਡਾ ਅਧੀਨ ਪੈਂਦੇ ਪਿੰਡ ਰਤਨਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਹੋਣ ਦੇ ਮਾਮਲੇ ਵਿਚ 17 ਸਤੰਬਰ 2001 ਨੂੰ ਐਫ. ਆਈ. ਆਰ. ਨੰਬਰ 161 ਤਹਿਤ ਪਿਆਰਾ ਸਿੰਘ ਭਨਿਆਰਾ ਵਾਲੇ ਸਮੇਤ 13 ਹੋਰ ਲੋਕਾਂ ਖ਼ਿਲਾਫ਼ ਰਤਨਗੜ੍ਹ ਦੇ ਸਾਬਕਾ ਸਰਪੰਚ ਮੇਜਰ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ । ਉਸ ਵਕਤ ਇਹ ਮਾਮਲਾ ਰੂਪਨਗਰ ਦੀ ਅਦਾਲਤ 'ਚ ਸ਼ੁਰੂ ਹੋਇਆ ਸੀ ਪਰ ਭਨਿਆਰਾ ਵਾਲੇ ਨੇ ਇਸ ਨੂੰ ਹਾਈਕੋਰਟ ਵਿਚ ਅਪੀਲ ਦਾਇਰ ਕਰਕੇ ਅੰਬਾਲਾ (ਹਰਿਆਣਾ) ਦੀ ਅਦਾਲਤ 'ਚ ਤਬਦੀਲ ਕਰਵਾਇਆ ਸੀ । ਸਾਲ 2013 ਦੌਰਾਨ ਅੰਬਾਲਾ ਦੀ ਹੇਠਲੀ ਅਦਾਲਤ ਵਲੋਂ ਭਨਿਆਰਾ ਵਾਲਾ ਸਮੇਤ ਕੁਝ ਹੋਰ ਲੋਕਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਦੀ ਅਪੀਲ ਉਸ ਵਲੋਂ ਐਡੀਸ਼ਨਲ ਸੈਸ਼ਨ ਜੱਜ ਅੰਬਾਲਾ ਦੀ ਅਦਾਲਤ 'ਚ ਪਾਈ ਗਈ ਸੀ ।ਇਸ ਦਾ ਫ਼ੈਸਲਾ  ਐਡੀਸ਼ਨਲ ਸੈਸ਼ਨ ਜੱਜ ਅੰਬਾਲਾ ਸੰਦੀਪ ਸਿੰਘ ਵਲੋਂ ਸੁਣਾਇਆ ਗਿਆ, ਜਿਸ ਵਿਚ ਸਾਧ ਭਨਿਆਰਾ ਸਮੇਤ ਬਾਕੀ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ । ਵਰਲਡ ਸਿੱਖ ਮਿਸ਼ਨ ਨਾਲ ਜੁੜੇ ਆਗੂ ਤੀਰਥ ਸਿੰਘ ਭਟੋਆ ਨੇ ਕਿਹਾ ਕਿ ਉਹ ਅਦਾਲਤ ਦੇ  ਇਸ ਫ਼ੈਸਲੇ ਵਿਰੁੱਧ ਹਾਈਕੋਰਟ ਜਾਣਗੇ ।