ਸਾਡਾ ਚੰਨੀ’ ਲਿਖੇ ਟਰੈਕ ਸੂਟਾਂ ਭਰੇ ਦੋ ਟਰੱਕ ਫੜੇ, ਕਾਂਗਰਸ ਖ਼ਿਲਾਫ਼ ਸਿਆਸੀ ਪਾਰਟੀਆਂ ਨੇ ਮੋਰਚਾ ਖੋਲਿਆ 

ਸਾਡਾ ਚੰਨੀ’ ਲਿਖੇ ਟਰੈਕ ਸੂਟਾਂ ਭਰੇ ਦੋ ਟਰੱਕ ਫੜੇ, ਕਾਂਗਰਸ ਖ਼ਿਲਾਫ਼ ਸਿਆਸੀ ਪਾਰਟੀਆਂ ਨੇ ਮੋਰਚਾ ਖੋਲਿਆ 

ਅੰਮ੍ਰਿਤਸਰ ਟਾਈਮਜ਼

ਜਲੰਧਰ : ਕਾਂਗਰਸ ਦੀ ਚੋਣ ਸਮੱਗਰੀ ਤਹਿਤ ਤਿਆਰ ਕੀਤੇ ਗਏ ਟਰੈਕ ਸੂਟਾਂ ਨਾਲ ਭਰੇ ਦੋ ਟਰੱਕ ਪੀਪੀਆਰ ਮਾਲ ਤੋਂ ਇਨੋਸੈਂਟ ਸਕੂਲ ਦੀ 120 ਫੁੱਟ ਰੋਡ ’ਤੇ ਵਿਨੇ ਮੰਦਰ ਦੇ ਸਾਹਮਣੇ ਜਲੰਧਰ ਵੈਸਟ ਤੋਂ ਉਮੀਦਵਾਰ ਸ਼ੀਤਲ  ਦੀ ਅਗਵਾਈ ਵਿਚ ਆਪ ਪਾਰਟੀ ਨੇ ਘੇਰ ਲਏ ਤੇ ਹੰਗਾਮਾ ਕਰ ਦਿੱਤਾ। ‘ਆਪ’ ਆਗੂਆਂ ਦਾ ਦੋਸ਼ ਹੈ ਕਿ ਇਹ ਟਰੈਕ ਸੂਟ ਵੋਟਰਾਂ ਨੂੰ ਵੰਡਣ ਲਈ ਮੰਗਵਾਏ ਗਏ ਸਨ। ਇਨ੍ਹਾਂ ਟਰੈਕ ਸੂਟਾਂ ’ਤੇ ‘ਸਾਡਾ ਚੰਨੀ’ ਲਿਖਿਆ ਹੋਇਆ ਹੈ।    ਸ਼ੀਤਲ ਅੰਗੁਰਾਲ ਨੇ ਇਸ ਦੀ ਸ਼ਿਕਾਇਤ ਥਾਣਾ 6 ਤੇ ਚੋਣ ਅਧਿਕਾਰੀ ਨੂੰ ਦਿੱਤੀ ਗਈ। ਇਸ ਵਿਚਾਲੇ ਹੰਗਾਮਾ ਵਧਦਾ ਗਿਆ ਅਤੇ ਪੁਲਿਸ ਦੇ ਪਹੁੰਚਦਿਆਂ ਹੀ ਦੋ ਗੱਡੀਆਂ ਦੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ। ਇਕ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ।

ਇਸ ਮੌਕੇ ਕੈਂਟ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ, ਭਾਜਪਾ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ, ‘ਆਪ’ ਉਮੀਦਵਾਰ ਸੁਰਿੰਦਰ ਸਿੰਘ ਸੋਢੀ, ਵੈਸਟ ਹਲਕੇ ਤੋਂ ਭਾਜਪਾ ਉਮੀਦਵਾਰ ਮਹਿੰਦਰ ਭਗਤ ਵੀ ਮੌਕੇ ’ਤੇ ਪਹੁੰਚ ਗਏ।ਅਕਾਲੀ ਦਲ ਤੇ ‘ਆਪ’ ਵਰਕਰਾਂ ਨੇ ਟਰੱਕਾਂ ’ਤੇ ਕਬਜ਼ਾ ਕਰ ਲਿਆ। ਕੈਂਟ ਤੋਂ ਭਾਜਪਾ ਟਿਕਟ ਦੀ ਮੰਗ ਕਰ ਰਹੇ ਅਮਿਤ ਤਨੇਜਾ ਵੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਦੀ ਮਾਮਲੇ ਨੂੰ ਲੈ ਕੇ ਪੁਲਿਸ ਅਫ਼ਸਰਾਂ ਨਾਲ ਤਿੱਖੀ ਬਹਿਸ ਵੀ ਹੋਈ। ਤਨੇਜਾ ਦਾ ਦੋਸ਼ ਹੈ ਕਿ ਪੁਲਿਸ ਕਾਂਗਰਸ ਆਗੂਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ ਕਾਂਗਰਸ ਵਰਕਰਾਂ ਦੇ ਲਈ ਜੋ ਟਰੈਕ ਸੂਟ ਬਣਵਾਏ ਹਨ, ਉਨ੍ਹਾਂ ਦੀ ਕੀਮਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਲੁਧਿਆਣਾ ਦੀ ਜੇਕੇ ਹੌਜਰੀ ਤੋਂ ਬਣਵਾਏ ਗਏ ਟਰੈਕ ਸੂਟ ਦੀ ਕੀਮਤ ਸਿਰਫ਼ 80 ਰੁਪਏ ਹੈ।ਕਾਂਗਰਸ ਨੇ ਮੰਨਿਆ ਚੋਣ ਸਮੱਗਰੀ ਉਨ੍ਹਾਂ ਦੀ, ਖ਼ਰੀਦ ਬਿੱਲ ਕਮਿਸ਼ਨ ਨੂੰ ਦਿੱਤਾ।ਜਦ ਕਿ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਲਰਾਜ ਠਾਕੁਰ ਮੌਕੇ ’ਤੇ ਪਹੁੰਚ ਗਏ ਸਨ ਪਰ ਉਨ੍ਹਾਂ ਦੇ ਕੋਲ ਇਸ ਸਮੱਗਰੀ ਸਬੰਧੀ ਕੋਈ ਦਸਤਾਵੇਜ਼ ਨਹੀ ਸਨ। ਉਨ੍ਹਾਂ ਕਿਹਾ ਕਿ ਇਹ ਸਮੱਗਰੀ ਕਾਂਗਰਸ ਦੀ ਹੀ ਹੈ ਅਤੇ ਪਾਰਟੀ ਦੀ ਕੌਮੀ ਇਕਾਈ ਨੇ ਵਰਕਰਾਂ ਲਈ ਬਣਵਾਈ ਹੈ। ਇਸ ’ਤੇ ਰਾਜਨੀਤੀ ਠੀਕ ਨਹੀ ਹੈ।