ਸ਼ਿਵ ਸੈਨਿਕਾਂ ਨਾਲ ਸਾਂਝ ਪਾਉਣੀ ਬਾਦਲ ਦੀ ਪੰਥ ਵਿਰੋਧੀ ਨੀਤੀ: ਮਾਨ

ਸ਼ਿਵ ਸੈਨਿਕਾਂ ਨਾਲ ਸਾਂਝ ਪਾਉਣੀ ਬਾਦਲ ਦੀ ਪੰਥ ਵਿਰੋਧੀ ਨੀਤੀ: ਮਾਨ

ਦਿਲੀ ਵਿੱਚ ਸਿੱਖ ਬੀਬੀ ਨਾਲ ਜਬਰ-ਜਨਾਹ  ਦੀ ਨਿਖੇਧੀ 

ਅੰਮ੍ਰਿਤਸਰ ਟਾਈਮਜ਼

ਅਮਰਗੜ੍ਹ:ਹਲਕਾ ਅਮਰਗੜ੍ਹ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ  ਸਲਾਰ, ਬੁਰਜ, ਨਾਰੀਕੇ, ਬਾਠਾਂ, ਚਪੜੌਦਾ, ਹੁਸੈਨਪੁਰਾ, ਭੂਸਮੀ ਆਦਿ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਦੋਸ਼ ਲਾਇਆ ਕਿ ਬਾਦਲਾਂ ਨੇ ਸ਼ਿਵ ਸੈਨਾ ਹਿੰਦੋਸਤਾਨ ਤੇ ਹਿੰਦੂ ਪਰਿਸ਼ਦ ਨਾਲ ਸਾਂਝ ਪਾ ਕੇ ਇੱਕ ਵਾਰ ਫਿਰ ਪੰਥ ਦੇ ਦੋਖੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਣ ਦੇ ਹੱਕਦਾਰ ਨਹੀਂ ਰਹੇ। ਉਹਨਾਂ ਕਿਹਾ ਕਿ ਜਿਹੜੇ ਸ਼ਿਵ ਸੈਨਿਕ ਆਏ ਦਿਨ ਸਿੱਖ ਕੌਮ ਦੇ ਸ਼ਹੀਦਾਂ ਨੂੰ ਅਤਿਵਾਦੀ ਦੱਸਦੇ ਹਨ, ਉਨ੍ਹਾਂ ਨਾਲ ਸਾਂਝ ਪਾ ਕੇ ਬਾਦਲ ਕੀ ਸਾਬਤ ਕਰਨਾ ਚਾਹੁੰਦੇ ਹਨ?

ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਵਿੱਚ ਸਿੱਖ ਬੀਬੀ ਨਾਲ ਜਬਰ-ਜਨਾਹ ਅਤੇ ਤਸ਼ੱਦਦ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਕੇਂਦਰ ਦੀ ਭਾਜਪਾ ਅਤੇ ਦਿੱਲੀ ਦੀ ਕੇਜਰੀਵਾਲ ਹਕੂਮਤ ਲਈ ਸ਼ਰਮਨਾਕ ਘਟਨਾ ਹੈ, ਜਿਸ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਆਰਐੱਸਐੱਸ ਅਤੇ ਕਾਂਗਰਸ ਵਿੱਚ ਕੋਈ ਫ਼ਰਕ ਨਹੀਂ, ਇਹ ਫਿਰਕੂ ਤੇ ਹਿੰਦੂਤਵ ਸੋਚ ਦੇ ਧਾਰਨੀ ਹਨ। ਉਨ੍ਹਾਂ ਪੰਜਾਬੀਆਂ ਨੂੰ ਚੋਣਾਂ ਵਿੱਚ, ਇਨ੍ਹਾਂ ਪਾਰਟੀਆਂ ਨੂੰ ਮੂੰਹ ਨਾ ਲਾਉਣ ਦੀ ਅਪੀਲ ਕੀਤੀ।