ਕਰਤਾਰਪੁਰ ਸਾਹਿਬ ਲਾਂਘੇ 'ਤੇ ਪਾਕਿਸਤਾਨ ਵਾਲੇ ਪਾਸੇ ਪੁਲ ਬਣਾਉਣ ਦੀ ਮੁਹਿੰਮ ਸ਼ੁਰੂ

ਕਰਤਾਰਪੁਰ ਸਾਹਿਬ ਲਾਂਘੇ 'ਤੇ ਪਾਕਿਸਤਾਨ ਵਾਲੇ ਪਾਸੇ ਪੁਲ ਬਣਾਉਣ ਦੀ ਮੁਹਿੰਮ ਸ਼ੁਰੂ

ਅੰਮ੍ਰਿਤਸਰ ਟਾਈਮਜ਼  

ਬਟਾਲਾ-2019 (ਨਵੰਬਰ) ਨੂੰ ਜਦੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੇ ਮੇਲ-ਮਿਲਾਪ ਨਾਲ ਖੋਲਿ੍ਹਆ ਸੀ ਤਾਂ ਉਸ ਸਮੇਂ ਦੋਵਾਂ ਸਰਕਾਰਾਂ ਨੇ ਆਪੋ-ਆਪਣੇ ਪਾਸੇ ਕਰੋੜਾਂ ਰੁਪਏ ਦੇ ਖਰਚ ਨਾਲ ਟਰਮੀਨਲ ਬਣਾਏ ਸਨ ਅਤੇ ਵਿਸ਼ਾਲ ਸੜਕ ਮਾਰਗ ਬਣਾ ਕੇ ਲਾਂਘੇ ਦੀ ਦਿਖ ਨੂੰ ਹੋਰ ਸ਼ਾਨਦਾਰ ਰੂਪ ਵੀ ਦਿੱਤਾ ਸੀ ।ਭਾਰਤ ਸਰਕਾਰ ਵਲੋਂ 100 ਮੀਟਰ ਜ਼ੀਰੋ ਲਾਈਨ ਤੱਕ ਇਕ ਪੁਲ ਬਣਾਇਆ ਸੀ ਅਤੇ ਪਾਕਿਸਤਾਨ ਨਾਲ ਹੋਏ ਸਮਝੌਤੇ ਮੁਤਾਬਿਕ ਉਨ੍ਹਾਂ ਵਲੋਂ ਵੀ 300 ਮੀਟਰ ਨਾਲ ਜੋੜਵਾਂ ਪੁਲ ਬਣਾਇਆ ਜਾਣਾ ਸੀ ।ਪਾਕਿਸਤਾਨ ਨੇ ਇਹ ਵਾਅਦਾ ਇਕ ਸਾਲ ਵਿਚ ਪੂਰਾ ਕਰਨ ਲਈ ਕਿਹਾ ਅਤੇ ਪੁਲ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਟਰਮੀਨਲ ਤੋਂ ਪਾਕਿਸਤਾਨ ਟਰਮੀਨਲ ਤੱਕ ਜ਼ੀਰੋ ਲਾਈਨ 'ਤੇ ਬਣੇ ਮੁੱਖ ਗੇਟਾਂ ਵਿਚੋਂ ਲੰਘਦੀ ਇਕ ਆਰਜ਼ੀ ਸੜਕ ਬਣਾਉਣ ਦਾ ਫੈਸਲਾ ਲਿਆ ਸੀ । ਕੋਰੋਨਾ ਮਹਾਂਮਾਰੀ ਦੌਰਾਨ ਲਾਂਘਾ ਬੰਦ ਹੋਣ ਤੋਂ ਬਾਅਦ ਇਹ ਪੁਲ ਵਿਚ-ਵਿਚਾਲੇ ਹੀ ਰਹਿ ਗਿਆ, ਜਿਸ ਨੂੰ ਪਾਕਿਸਤਾਨ ਸਰਕਾਰ ਹੁਣ ਪੂਰਾ ਕਰਨ ਦੇ ਰੌਂਅ ਵਿਚ ਲਗਦੀ ਹੈ । ਇਸ ਸਬੰਧੀ ਕੁਝ ਅਧਿਕਾਰੀਆਂ ਵਲੋਂ ਹੁਣ ਸਰਵੇ ਵੀ ਕੀਤਾ ਗਿਆ । ਜ਼ਿਕਰਯੋਗ ਹੈ ਕਿ ਇਹ ਪੁਲ ਬਰਸਾਤਾਂ ਦੌਰਾਨ ਹੜ੍ਹਾਂ ਤੋਂ ਬਚਾਓ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮਾਰਗ ਵਜੋਂ ਵਰਤਿਆ ਜਾਣਾ ਹੈ ।ਦੱਸ ਦਈਏ ਕਿ ਰਾਵੀ ਦਰਿਆ ਨੇੜੇ ਹੋਣ ਅਤੇ ਇਹ ਇਲਾਕਾ ਨੀਵਾਂ ਹੋਣ ਕਾਰਨ ਬਰਸਾਤਾਂ ਦੌਰਾਨ ਇਥੇ ਕਈ ਵਾਰ ਵੱਧ ਪਾਣੀ ਨਾਲ ਸਥਿਤੀ ਖਰਾਬ ਹੋ ਜਾਂਦੀ ਹੈ । ਭਾਰਤ ਵਾਲੇ ਪਾਸੇ ਤੋਂ ਹੜ੍ਹਾਂ ਨੂੰ ਰੋਕਣ ਲਈ ਇਕ ਧੁੱਸੀ ਬੰਨ੍ਹ ਬਣਾਇਆ ਗਿਆ ਹੈ, ਜੋ ਜ਼ੀਰੋ ਲਾਈਨ ਤੋਂ 100 ਮੀਟਰ ਦੂਰ ਹੈ ਅਤੇ ਹੜ੍ਹਾਂ ਦੇ ਪਾਣੀ ਨੂੰ ਰੋਕਣ ਲਈ ਪਾਕਿਸਤਾਨ ਨੇ ਵੀ ਕੁਝ ਸਾਲ ਪਹਿਲਾਂ ਇਸੇ ਤਰ੍ਹਾਂ ਦਾ ਇਕ ਬੰਨ ਜ਼ੀਰੋ ਲਾਇਨ ਤੋਂ 300 ਮੀਟਰ ਦੂਰ ਬਣਾਇਆ ਹੈ । ਜ਼ਿਕਰਯੋਗ ਹੈ ਕਿ ਇਸ ਪੁਲ ਸਬੰਧੀ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀਆਂ ਮਾਰਚ 2019, 16 ਅਪ੍ਰੈਲ 2019, 28 ਮਈ 2019 ਨੂੰ ਮੀਟਿੰਗਾਂ ਵੀ ਹੋਈਆਂ ਸਨ, ਜਿਨ੍ਹਾਂ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਮੁਨੀਸ਼ ਰਸਤੋਗੀ ਅਤੇ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਅਖਿਲ ਸਕਸੈਨਾ ਅਤੇ ਪਾਕਿਸਤਾਨ ਵਾਲੇ ਪਾਸੇ ਤੋਂ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ, ਮਨਿਸਟਰੀ ਆਫ ਰੈਲਜੀਅਸ਼ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸ਼ਾਮਿਲ ਹਏ | ਇਹ ਵੀ ਦੱਸਣਯੋਗ ਹੈ ਕਿ ਲਾਂਘੇ ਨੂੰ ਖੁਲ੍ਹਣ ਤੋਂ ਪਹਿਲਾਂ ਪਾਕਿਸਤਾਨ ਅਧਿਕਾਰੀਆਂ ਨਾਲ ਹੋਈ ਇਕ ਮੀਟਿੰਗ ਵਿਚ ਤਾਂ ਪਾਕਿਸਤਾਨ ਵਲੋਂ ਇਸ ਪੁਲ ਨੂੰ ਬਣਾਉਣ ਲਈ ਸਾਫ ਨਾਂਹ ਵੀ ਕਰ ਦਿੱਤੀ ਗਈ ਸੀ ਅਤੇ ਫਿਰ ਕੁਝ ਦੇਰ ਇਹ ਮਾਮਲਾ ਲਟਕਿਆ ਵੀ ਰਿਹਾ ਸੀ, ਪ੍ਰੰਤੂ ਹੁਣ ਦੁਬਾਰਾ ਲਾਂਘਾ ਖੁੱਲ੍ਹਣ ਤੋਂ ਬਾਅਦ ਦੋਵੇਂ ਪਾਸੇ ਬਣੇ ਖੁਸ਼ਨੁਮਾ ਮਾਹੌਲ ਤੋਂ ਬਾਅਦ ਇਸ ਪੁਲ ਨੂੰ ਬਣਾਉਣ ਦੀ ਪਾਕਿਸਤਾਨ ਵਲੋਂ ਕਵਾਇਦ ਸ਼ੁਰੂ ਕਰ ਦਿੱਤੀ ਹੈ ।