ਕੰਗਨਾ ਰਨੌਤ ਦਾ ਕਰੜਾ ਵਿਰੋਧ , ਲੁਧਿਆਣਾ, ਰਾਜਸਥਾਨ ਪੁਲਿਸ ਕੋਲ ਸ਼ਿਕਾਇਤ ਦਰਜ

  ਕੰਗਨਾ ਰਨੌਤ ਦਾ ਕਰੜਾ ਵਿਰੋਧ , ਲੁਧਿਆਣਾ, ਰਾਜਸਥਾਨ ਪੁਲਿਸ ਕੋਲ ਸ਼ਿਕਾਇਤ ਦਰਜ

ਮਾਮਲਾ ਆਜ਼ਾਦੀ ਬਾਰੇ ਦਿੱਤੇ ਵਿਵਾਦਿਤ ਬਿਆਨ ਦਾ                                                     

ਕੰਗਨਾ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਹੋਵੇ: ਸ਼ਿਵ ਸੈਨਾ   

ਅੰਮ੍ਰਿਤਸਰ ਟਾਈਮਜ਼

ਲੁਧਿਆਣਾ : ਅਦਾਕਾਰਾ ਕੰਗਨਾ ਰਣੌਤ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਕਿ ਭਾਰਤ ਨੂੰ 1947 ਵਿੱਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਅਤੇ ਸਾਨੂੰ ਅਸਲੀ ਆਜ਼ਾਦੀ 2014 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦਿਵਾਈ ਹੈ । ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪਰਮਿੰਦਰ ਸਿੰਘ ਮਹਿਤਾ ਨੇ ਲੁਧਿਆਣਾ ਪੁਲਿਸ ਨੂੰ ਫਿਲਮ ਅਦਾਕਾਰਾ ਕੰਗਣਾ ਰਨੌਤ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੀ ਕੰਗਨਾ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਤੋਂ ਪਦਮਸ੍ਰੀ ਪੁਰਸਕਾਰ ਵਾਪਸ ਲਿਆ ਜਾਵੇ। ਮਹਿਤਾ ਨੇ ਕਿਹਾ ਕਿ ਕੰਗਨਾ ਦੇ ਰਾਸ਼ਟਰ ਵਿਰੋਧੀ ਬਿਆਨ ਦੇਸ਼ ਦਾ ਮਾਹੌਲ ਖ਼ਰਾਬ ਕਰ ਸਕਦੇ ਹਨ।ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਉਸ ’ਤੇ ਠੋਸ ਕਰਵਾਈ ਨਹੀਂ ਕਰ ਰਹੀ, ਸਗੋਂ ਕੰਗਨਾ ਨੂੰ ਉੱਚ ਸ੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਮਹਿਤਾ ਨੇ ਕਿਹਾ ਕਿ ਕੰਗਨਾ ਪਹਿਲਾਂ ਵੀ ਦੇਸ਼ ਤੇ ਪੰਜਾਬ ਵਿਰੋਧੀ ਬਿਆਨਬਾਜ਼ੀ ਕਰਦੀ ਆ ਰਹੀ ਹੈ। ਫਿਰ ਤੋਂ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਬਿਆਨ ਦੇ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕੰਗਨਾ ਨੇ ਦੇਸ਼ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਹਿਤਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ’ਚ ਕਿਹਾ ਕਿ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 504,505 ਅਤੇ 124ਏ ਤਹਿਤ ਕਾਰਵਾਈ ਲਈ ਅਪੀਲ ਕੀਤੀ ਗਈ ਹੈ। ਆਈਪੀਸੀ ਦੀ ਘਾਰਾ 504 ਸ਼ਾਂਤੀ ਭੰਗ ਕਰਨ ਦੀ ਮਨਸ਼ਾ ਨਾਲ ਇਰਾਦਤਨ ਅਪਮਾਨ, 505 ਜਨਤਕ ਨੁਕਸਾਨ ਨਾਲ ਸਬੰਧਿਤ ਬਿਆਨ ਨਾਲ ਜੁੜੀ ਹੈ, ਉੱਥੇ 124 ਏ ਦੇਸ਼ਧਰੋਹ ਨਾਲ ਸਬੰਧਿਤ ਹੈ।

ਸ਼ਿਵ ਸੈਨਾ ਵਲੋਂ ਵਿਰੋਧ 

ਸ਼ਿਵ ਸੈਨਾ ਆਗੂ ਨੀਲਮ ਗੋਰਹੇ ਨੇ ਕਿਹਾ ਕਿ ਅਦਾਕਾਰਾ ਕੰਗਨਾ ਰਣੌਤ 'ਤੇ ਭਾਰਤ ਦੀ ਆਜ਼ਾਦੀ ਨੂੰ ‘‘ਭੀਖ ਦੱਸਣ ਲਈ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਪਦਮਸ਼੍ਰੀ ਪੁਰਸਕਾਰ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਉਪ-ਪ੍ਰਧਾਨ ਗੋਰਹੇ ਨੇ ਇੱਕ ਇਸ਼ਤਿਹਾਰ ਵਿੱਚ ਕਿਹਾ ਕਿ ਅਦਾਕਾਰ ਨੇ ਬਹੁਤ ‘‘ਗੈਰ ਜ਼ਿੰਮੇਦਾਰਾਨਾ, ਬੇਬੁਨਿਆਦ ਅਤੇ ਗੈਰ-ਇਤਿਹਾਸਕ' ਬਿਆਨ ਦਿੱਤਾ ਹੈ। ਉਨ੍ਹਾਂ ਨੇ ਸਵਰਗੀ ਅਟਲ ਬਿਹਾਰੀ ਵਾਜਪਾਈ ਸਮੇਤ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਵੀ ਬੇਇੱਜ਼ਤੀ ਕੀਤੀ। 

ਕੰਗਨਾ ਖ਼ਿਲਾਫ਼  ਰਾਜਸਥਾਨ ਵਿੱਚ  ਕੇਸ ਦਰਜ 

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ’ਤੇ ਦੇਸ਼ ਦੀ ਆਜ਼ਾਦੀ ਬਾਰੇ ਕੀਤੀ ਬਿਆਨਬਾਜ਼ੀ ਕਾਰਨ ਦੋ ਕੇਸ ਦਰਜ ਕੀਤੇ ਗਏ। ਰਾਜਸਥਾਨ ਵਿਚ  ਉਸ ਖ਼ਿਲਾਫ ਚਾਰ ਸ਼ਹਿਰਾਂ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ। ਜੈਪੁਰ ਕੋਤਵਾਲੀ ਤੇ ਜੋਧਪੁਰ ਦੇ ਸ਼ਾਸਤਰੀ ਨਗਰ ਥਾਣੇ ਵਿਚ ਕੇਸ ਦਰਜ ਕੀਤੇ ਗਏ ਜਦਕਿ ਉਦੇਪੁਰ ਦੇ ਸੁਖੇਰ ਤੇ ਚੁਰੂ ਥਾਣੇ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ ਜਿਸ ਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਰਾਜਸਥਾਨ ਮਹਿਲਾ ਕਾਂਗਰਸ ਦੀ ਮੁਖੀ ਰੇਹਾਨਾ ਰਿਆਜ਼ ਨੇ ਕਿਹਾ ਕਿ ਇਤਿਹਾਸ ਅਨੁਸਾਰ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਹਜ਼ਾਰਾਂ ਲੋਕਾਂ ਨੇ ਬਲੀਦਾਨ ਦਿੱਤਾ ਸੀ ਪਰ ਕੰਗਨਾ ਨੇ ਸੁਤੰਤਰਤਾ ਸੈਨਾਨੀਆਂ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਕੰਗਨਾ ਖ਼ਿਲਾਫ਼ ਜੈਪੁਰ ਵਿਚ ਕੇਸ ਦਰਜ ਕੀਤਾ ਗਿਆ ਸੀ। ..