ਕੋਰੀਆ ਦੇ ਰਾਜਦੂਤ ਚੈਂਗ ਜੇਅ ਬੁਕ ਪਤਨੀ ਸਮੇਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਕੋਰੀਆ ਦੇ ਰਾਜਦੂਤ ਚੈਂਗ ਜੇਅ ਬੁਕ ਪਤਨੀ ਸਮੇਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਕੋਰੀਆ ਗਣਰਾਜ ਦੇ ਭਾਰਤ ਵਿਚ  ਰਾਜਦੂਤ ਚੈਂਗ ਜੇਅ ਬੁਕ  ਪਤਨੀ ਗੁ ਜੰਗ ਹਯੁਨ ਸਮੇਤ ਇਥੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ।ਇਸ ਮੌਕੇ ਕੋਰੀਆ ਗਣਰਾਜ ਦੇ ਕੋਂਸੁਲ ਜਨਰਲ ਜਗਦੀਪ ਸਿੰਘ ਤੇ ਉਹਨਾਂ ਦੀ ਪਤਨੀ ਰਣਜੀਤ ਕੌਰ ਵੀ  ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਏ।ਇਸ ਮੌਕੇ ਰਾਜਦੂਤ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਾਲ ਵਿਚ ਜਾ ਕੇ ਸਬਜ਼ੀ ਬਣਾਉਣ ਦੀ ਸੇਵਾ ਵੀ ਕੀਤੀ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ  ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਰਾਜਦੂਤ ਚੈਂਗ ਜੇਅਬੁਕ  ਤੇ ਉਹਨਾਂ ਦੀ ਪਤਨੀ ਦਾ ਕਮੇਟੀ ਦੇ ਦਫਤਰ ਵਿਚ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦੁਨੀਆਂ ਤੋਂ ਨਾਮੀ ਸ਼ਖਸੀਅਤਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ  ’ਤੇ ਨਤਮਸਤਕ ਹੋਕੇ  ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ ਕੋਰੀਆ ਦੇ ਰਾਜਦੂਤ ਦਾ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਣਾ ਤੇ ਆਸ਼ੀਰਵਾਦ ਪ੍ਰਾਪਤ ਕਰਨਾ ਵੀ ਇਹ ਦਰਸਾਉਂਦਾ ਹੈ ਕਿ ਵੱਖ ਵੱਖ ਮੁਲਕਾਂ ਦੇ ਆਗੂਆਂ ਤੇ ਪ੍ਰਤੀਨਿਧਾਂ ਨੇ  ਵੀ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਸੰਗਤ ਤੇ ਪੰਗਤ ਦੇ ਸਿਧਾਂਤ ਤੇ ਸਭ ਵਰਨਾ ਨੂੰ ਇਕ ਬਰਾਬਰ ਰੱਖਣ ਦੇ ਸਿਧਾਂਤ ਨੁੰ ਮੰਨਿਆ ਹੈ ਤੇ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਕੀਤਾ ਹੈ।ਇਸ ਮੌਕੇ ਸਰਦਾਰ ਕਾਲਕਾ ਦੀ ਅਗਵਾਈ ਹੇਠ ਕਮੇਟੀ ਵੱਲੋਂ ਰਾਜਦੂਤ ਚੈਂਗ ਜੇਅ ਬੁਕ ਨੂੰ ਯਾਦਗਾਰੀ ਚਿੰਨ੍ਹ, ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ।ਇਸ ਸਨਮਾਨ ਲਈ ਰਾਜਦੂਤ ਨੇ ਸਰਦਾਰ ਕਾਲਕਾ ਸਮੇਤ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਵਿਰਕਮ ਸਿੰਘ ਰੋਹਿਣੀ, ਗੁਰਮੀਤ ਸਿੰਘ ਭਾਟੀਆ, ਸੁਖਵਿੰਦਰ ਸਿੰਘ ਬੱਬਰ, ਸੁਖਬੀਰ ਸਿੰਘ ਕਰਲਾ, ਅਮਰਜੀਤ ਸਿੰਘ ਪਿੰਕੀ, ਐਮ ਪੀ ਐਸ ਚੱਢਾ, ਗੁਰਪ੍ਰੀਤ ਸਿੰਘ ਜੱਸਾ ਤੇ ਭੁਪਿੰਦਰਸਿੰਘ ਭੁੱਲਰ ਵੀ ਹਾਜ਼ਰ ਸਨ।