ਅਮਰੀਕਾ ਦੀਆਂ ਯੁਨੀਵਰਸਿਟੀਆਂ ਵਿਚ ਦਾਖਲਾ ਲੈਣਾ ਭਾਰਤੀ ਵਿਦਿਆਰਥੀਆਂ ਦੀ ਅੱਜ ਵੀ ਪਹਿਲੀ ਪੰਸਦ

ਅਮਰੀਕਾ ਦੀਆਂ ਯੁਨੀਵਰਸਿਟੀਆਂ ਵਿਚ ਦਾਖਲਾ ਲੈਣਾ ਭਾਰਤੀ ਵਿਦਿਆਰਥੀਆਂ ਦੀ ਅੱਜ ਵੀ ਪਹਿਲੀ ਪੰਸਦ

* ਕੋਵਿਡ ਮਹਾਮਾਰੀ ਦੌਰਾਨ ਯੁਨੀਵਰਸਿਟੀਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਦਾਖਲਾ ਘਟਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਇਹ ਪਹਿਲੀ ਵਾਰ ਹੋਇਆ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਅਮਰੀਕਾ ਦੀਆਂ  ਯੁਨੀਵਰਸਿਟੀਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਦਾਖਲ 46% ਦੇ ਕਰੀਬ ਘਟਿਆ ਹੈ। ਇਹ ਖੁਲਾਸਾ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੁਆਰਾ ਜਾਰੀ 'ਓਪਨ ਡੋਰਜ਼ 2021 ਰਿਪੋਰਟ ਵਿਚ ਕੀਤਾ ਗਿਆ ਹੈ। ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਅੱਜ ਵੀ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਅਮਰੀਕੀ ਯੁਨੀਵਰਸਿਟੀਆਂ ਵਿਚ ਪੜਾਈ ਕਰਨ ਦੀ ਹੈ।

ਰਿਪੋਰਟ ਅਨੁਸਾਰ ਯਾਤਰਾ ਪਾਬੰਦੀਆਂ ਤੇ ਲਾਗੂ ਹੋਰ ਰੋਕਾਂ ਦੇ ਬਾਵਜੂਦ 1,45,528 ਵਿਦਿਆਰਥੀ ਅਮਰੀਕਾ ਵਿਚ ਨਿੱਜੀ ਤੌਰ 'ਤੇ ਜਾਂ ਵਿਦੇਸ਼ਾਂ ਵਿਚੋਂ  ਆਨ ਲਾਈਨ ਪੜਾਈ ਸ਼ੁਰੂ ਕਰਨ ਵਿਚ ਸਮਰਥ ਰਹੇ। 2020-2021 ਪੜਾਈ ਸਾਲ ਦੌਰਾਨ ਅਮਰੀਕਾ ਦੀਆਂ ਯੁਨੀਵਰਸਿਟੀਆਂ ਵਿਚ ਕੁਲ 9,14,000 ਵਿਦਿਆਰਥੀਆਂ ਨੇ ਦਾਖਲਾ ਲਿਆ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 15% ਘੱਟ ਹਨ। ਇਸ ਤੋਂ ਇਲਾਵਾ ਪੜਾਈ ਖਤਮ  ਕਰਨ ਉਪਰੰਤ 2 ਲੱਖ ਤੋਂ ਵਧ ਕੌਮਾਂਤਰੀ ਵਿਦਿਆਰਥੀਆਂ ਨੇ ਆਪਸ਼ਨਲ ਪ੍ਰੈਕਟੀਕਲ ਟਰੇਨਿੰਗ ਲਈ ਜਾਂ ਕੰਮ ਵਾਸਤੇ ਤਜ਼ਰਬਾ ਹਾਸਲ ਕੀਤਾ। ਹਾਲਾਂ ਕਿ ਇਸ ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹ ਵਿਦਿਆਰਥੀ ਮੂਲ ਰੂਪ ਵਿਚ ਕਿਸ ਦੇਸ਼ ਦੇ ਹਨ ਪਰੰਤੂ ਸਟੈਟਿਸਟਾ ਵੱਲੋਂ ਜਾਰੀ ਇਕ ਵੱਖਰੀ ਰਿਪੋਰਟ ਅਨੁਸਾਰ 2020-2021 ਸਕੂਲ ਸਾਲ ਦੌਰਾਨ 1,67,000 ਤੋਂ ਵਧ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਵਿਚ ਪੜਾਈ ਕੀਤੀ। ਇਸ ਰਿਪੋਰਟ ਅਨੁਸਾਰ ਭਾਰਤ ਤੇ ਚੀਨ ਤੋਂ ਸਭ ਤੋਂ ਵਧ ਵਿਦਿਆਰਥੀ ਅਮਰੀਕਾ ਪੜਨ ਲਈ ਆਉਂਦੇ ਹਨ ਤੇ ਅਮਰੀਕਾ ਅੱਜ ਵੀ ਇਨਾਂ ਵਿਦਿਆਰਥੀਆਂ ਲਈ ਪੜਾਈ ਵਾਸਤੇ ਪਹਿਲੀ ਪਸੰਦ ਬਣੀ ਹੋਈ ਹੈ। ਯੂ ਐਸ ਡਿਪਾਰਟਮੈਂਟ ਆਫ ਕਾਮਰਸ ਅਨੁਸਾਰ ਉੱਚ ਸਿੱਖਿਆ ਵਿਚ ਸਮੁੱਚੇ ਵਿਦਿਆਰਥੀਆਂ ਦਾ 5% ਕੌਮਾਂਤਰੀ ਵਿਦਿਆਰਥੀ ਪੜਾਈ ਕਰ ਰਹੇ ਹਨ ਤੇ 2020 ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੇ ਅਮਰੀਕੀ ਅਰਥ ਵਿਵਸਥਾ ਵਿਚ 39 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ।  ਕੌਂਸਲ ਮਾਮਲਿਆਂ ਬਾਰੇ ਯੂ ਐਸ ਮਨਿਸਟਰ ਕੌਂਸਲਰ ਡਾਨ ਹੈਫਲਿਨ ਨੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵੱਲੋਂ ਵੀਜ਼ੇ ਦਿੱਤੇ ਗਏ ਤੇ ਉਹ ਅਮਰੀਕਾ ਆਏ। ਦਿੱਲੀ ਅੰਬੈਸੀ ਦੁਆਰਾ ਜਾਰੀ ਪ੍ਰੈਸ ਰਲੀਜ਼ ਅਨੁਸਾਰ ਇਸ ਸਾਲ ਗਰਮੀਆਂ ਦੌਰਾਨ 62000 ਭਾਰਤੀ ਵਿਦਿਆਰਥੀਆਂ ਨੂੰ ਵੀਜੇ ਜਾਰੀ ਕੀਤੇ ਗਏ ਹਨ ਜੋ ਕਿ ਪਿਛਲੇ ਕਿਸੇ ਵੀ ਸਾਲ ਨਾਲੋਂ ਜਿਆਦਾ ਹਨ। ਹੈਫਲਿਨ ਅਨੁਸਾਰ ਇਸ ਤੋਂ ਪਤਾ ਲੱਗਦਾ ਹੈ ਕਿ ਪੜਾਈ ਵਾਸਤੇ  ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਅੱਜ ਵੀ ਮੰਨਭਾਉਂਦਾ ਦੇਸ਼ ਹੈ। ਉਨਾਂ ਹੋਰ ਕਿਹਾ ਕਿ ਆਉਣ ਵਾਲੇ ਸਮੇ ਵਿਚ ਅਸੀਂ ਭਾਰਤੀ ਵਿਦਿਆਰਥੀਆਂ ਲਈ ਜਿਆਦਾ ਵੀਜ਼ੇ ਜਾਰੀ ਕਰਾਂਗੇ ਤਾਂ ਜੋ ਅਮਰੀਕਾ ਵਿਚ ਪੜਾਈ ਕਰਨ ਦਾ ਵਿਦਿਆਰਥੀਆਂ ਦਾ ਸੁਪਨਾ ਪੂਰਾ ਹੋ ਸਕੇ।