ਠੱਗ ਪਰਵਾਸੀ ਭਾਰਤੀ ਲਾੜਿਆਂ ਵਿਰੁਧ ਹੋਵੇਗੀ ਕਾਰਵਾਈ , ਸੁਪਰੀਮ ਕੋਰਟ ਸੁਣਵਾਈ ਲਈ ਤਿਆਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ: ਦਾਜ ਦੇ ਲਾਲਚ ਤੇ ਵਿਦੇਸ਼ ’ਚ ਵੱਸਣ ਦੇ ਹਸੀਨ ਸੁਪਨੇ ਦਿਖਾ ਕੇ ਭਾਰਤੀ ਕੁੜੀਆਂ ਨਾਲ ਵਿਆਹ ਕਰਨ ਤੇ ਬਾਅਦ ’ਚ ਉਨ੍ਹਾਂ ਨੂੰ ਛੱਡ ਦੇਣ ਵਾਲੇ ਐੱਨਆਰਆਈ ਪਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਜੁਲਾਈ ’ਚ ਸੁਣਵਾਈ ਕਰੇਗੀ। ਕੋਰਟ ਨੇ ਕਿਹਾ ਕਿ ਉਹ ਅਜਿਹੇ ਐੱਨਆਰਆਈ ਪਤੀਆਂ ਦੀ ਜ਼ਰੂਰ ਗ੍ਰਿਫ਼ਤਾਰੀ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗੀ। ਪਟੀਸ਼ਨਕਰਤਾ ਔਰਤਾਂ ਦੇ ਸਮੂਹ ਵਲੋਂ ਪੇਸ਼ ਸੀਨੀਅਰ ਵਕੀਲ ਕੋਲਿਨ ਗੋਂਜਾਲਵੇਸ ਨੇ ਚੀਫ਼ ਜਸਟਿਸ ਐੱਸਏ ਬੋਬਡੇ, ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਵੀ ਰਾਮਾਸੁਬਰਾਮਣੀਅਨ ਦੇ ਬੈਂਚ ਨੂੰ ਕਿਹਾ ਕਿ ਮਾਮਲੇ ’ਚ ਬਿਆਨ ਪੂਰੇ ਹੋ ਚੁੱਕੇ ਹਨ ਤੇ ਉਹ ਦਲੀਲਾਂ ਲਈ ਤਿਆਰ ਹਨ। ਬੈਂਚ ਨੇ ਕਿਹਾ ਕਿ ਉਹ ਮਾਮਲੇ ਨੂੰ ਜੁਲਾਈ ਲਈ ਸੂਚੀਬੱਧ ਕਰ ਰਿਹਾ ਹੈ। ਗੈਰ-ਸਰਕਾਰੀ ਜਥੇਬੰਦੀ ਅਪਰਵਾਸੀ ਲੀਗਲ ਸੈੱਲ ਵਲੋਂ ਪੇਸ਼ ਸੀਨੀਅਰ ਐਡਵੋਕੇਟ ਜਨਰਲ ਸੰਜੇ ਹੇਗੜੇ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ’ਚ ਵੱਖਰੇ ਤੌਰ ’ਤੇ ਇਕ ਪਟੀਸ਼ਨ ਦਾਇਰ ਕੀਤੀ ਹੈ ਤੇ ਮੁੱਦੇ ’ਤੇ ਉਹ ਅਦਾਲਤ ਦੀ ਮਦਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ’ਚ ਨੋਟਿਸ ਜਾਰੀ ਕੀਤਾ ਜਾਵੇ। ਬੈਂਚ ਨੇ ਦੋਵੇਂ ਪਟੀਸ਼ਨਕਰਤਾਵਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਉੱਧਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਵੀ ਮਾਮਲੇ ’ਚ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ ਤੇ ਇਸ ’ਤੇ ਨੋਟਿਸ ਜਾਰੀ ਕੀਤਾ ਜਾਵੇ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 13 ਨਵੰਬਰ 2018 ਨੂੰ ਸਬੰਧਤ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਛੱਡੀਆਂ ਗਈਆਂ ਔਰਤਾਂ ਨੂੰ ਕਾਨੂੰਨੀ ਤੇ ਵਿੱਤੀ ਮਦਦ ਮਿਲਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਐੱਨਆਰਆਈ ਪਤੀਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਐੱਨਆਰਆਈ ਪਤੀਆਂ ਵਲੋਂ ਛੱਡੀਆਂ ਗਈਆਂ ਤੇ ਉਨ੍ਹਾਂ ਵਲੋਂ ਦਾਜ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਦੇ ਇਕ ਸਮੂਹ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਅਲੱਗ ਰਹਿ ਰਹੇ ਆਪਣੇ ਪਤੀਆਂ ਦੀ ਜ਼ਰੂਰੀ ਗ੍ਰਿਫ਼ਤਾਰੀ ਤੇ ਵਿਦੇਸ਼ ’ਚ ਮੁਕੱਦਮਾ ਲਡ਼ਨ ਲਈ ਦੂਤਘਰ ਸਬੰਧੀ ਮਦਦ ਸਮੇਤ ਹੋਰ ਰਾਹਤ ਮੰਗੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਕਸਰ ਐੱਨਆਰਆਈ ਭਾਰਤ ’ਚ ਦਾਜ ਲਈ ਵਿਆਹ ਕਰਦੇ ਹਨ। ਵਿਆਹ ਦੇ ਬਾਅਦ ਪਤਨੀਆਂ ਨੂੰ ਵਿਦੇਸ਼ ਲਿਜਾਣ ਦਾ ਭਰੋਸਾ ਦਿੰਦੇ ਹਨ, ਪਰ ਉਸਦੇ ਬਾਅਦ ਇਕਦਮ ਗਾਇਬ ਹੋ ਜਾਂਦੇ ਹਨ। ਕਈ ਔਰਤਾਂ ਗਰਭਵਤੀ ਹੋ ਜਾਂਦੀਆਂ ਹਨ ਤੇ ਉਹ ਪਤਨੀ-ਬੱਚਿਆਂ ਦੀ ਕਦੇ ਸਾਰ ਨਹੀਂ ਲੈਂਦੇ। ਇਸ ਨਾਲ ਔਰਤਾਂ ਨਾ ਸਿਰਫ਼ ਆਰਥਿਕ, ਬਲਕਿ ਸਮਾਜਿਕ ਰੂਪ ਨਾਲ ਵੀ ਟੁੱਟ ਜਾਂਦੀਆਂ ਹਨ। ਅਜਿਹੇ ਭਗੌੜੇ ਐੱਨਆਰਆਈ ਪਤੀਆਂ ਦੀ ਗ੍ਰਿਫ਼ਤਾਰੀ ਲਈ ਲੁੱਕਆਊਟ ਸਰਕੂਲਰ ਜਾਰੀ ਹੋਣਾ ਚਾਹੀਦਾ ਹੈ।
Comments (0)