ਸੁਖਬੀਰ ਦੀ ਜ਼ਮਾਨਤ  ਹੋਈ

ਸੁਖਬੀਰ ਦੀ ਜ਼ਮਾਨਤ  ਹੋਈ

ਲੱਖ ਰੁਪਏ ਦਾ ਮੁਚੱਲਕਾ ਤੇ ਜ਼ਾਮਨੀ ਭਰੀ; ਅਗਲੀ ਸੁਣਵਾਈ 28 ਨੂੰ

ਮਾਮਲਾ ਪਾਰਟੀ ਸੰਵਿਧਾਨ ਵਿੱਚ ਕਥਿਤ ਦੋਹਰੇ ਮਾਪਦੰਡ ਅਪਣਾਉਣ ਨਾਲ ਜੁੜੇ ਧੋਖਾਧੜੀ ਮਾਮਲੇ ਦਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਹੁਸ਼ਿਆਰਪੁਰ- ਪਾਰਟੀ ਸੰਵਿਧਾਨ ਵਿੱਚ ਕਥਿਤ ਦੋਹਰੇ ਮਾਪਦੰਡ ਅਪਣਾਉਣ ਨਾਲ ਜੁੜੇ ਧੋਖਾਧੜੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਕੇਸ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਦੇ ਵਕੀਲ ਨੇ ਪੇਸ਼ਗੀ ਜ਼ਮਾਨਤ ਲਈ ਇੱਕ ਲੱਖ ਰੁਪਏ ਦਾ ਮੁਚੱਲਕਾ ਭਰਿਆ। ਇਸ ਤੋਂ ਇਲਾਵਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਉਨ੍ਹਾਂ ਦੀ ਜ਼ਮਾਨਤ ਲਈ ਇੱਕ ਲੱਖ ਰੁਪਏ ਦੀ ਜ਼ਾਮਨੀ ਜਮ੍ਹਾਂ ਕਰਵਾਈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 28 ਸਤੰਬਰ ’ਤੇ ਪਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਅਕਾਲੀ ਆਗੂਆਂ ’ਤੇ ਦੋਹਰੇ ਪਾਰਟੀ ਸੰਵਿਧਾਨ ਸਬੰਧੀ ਦੋਸ਼ ਲਾਉਂਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਖ਼ਿਲਾਫ਼ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਧੋਖਾਧੜੀ ਦਾ ਕੇਸ ਦਾਇਰ ਕੀਤਾ ਹੋਇਆ ਹੈ। ਅਕਾਲੀ ਆਗੂਆਂ ਨੇ ਕੇਸ ਦੀ ਸੁਣਵਾਈ ਰੋਕਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਸੀ ਪਰ ਬੀਤੇ ਦਿਨੀਂ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਇਸ ਪਿੱਛੋਂ ਸੁਖਬੀਰ ਨੇ ਹੁਸ਼ਿਆਰਪੁਰ ਸੈਸ਼ਨ ਕੋਰਟ ’ਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ, ਜਿਸ ’ਤੇ ਉਨ੍ਹਾਂ ਨੂੰ ਟਰਾਇਲ ਕੋਰਟ ਅੱਗੇ 13 ਸਤੰਬਰ ਤੋਂ ਪਹਿਲਾਂ ਨਿੱਜੀ ਤੌਰ ’ਤੇ ਪੇਸ਼ ਹੋ ਕੇ ਜ਼ਮਾਨਤ ਕਰਾਉਣ ਲਈ ਆਖਿਆ ਗਿਆ ਸੀ। ਇਸੇ ਸਬੰਧੀ ਉਹ ਅੱਜ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨਾਲ ਅਦਾਲਤ ’ਚ ਪੇਸ਼ ਹੋਏ। ਚੀਮਾ ਦੀ ਇਸ ਕੇਸ ਵਿਚ ਪਹਿਲਾਂ ਹੀ ਅਗਾਊਂ ਜ਼ਮਾਨਤ ਹੋ ਚੁੱਕੀ ਹੈ। ਖੇੜਾ ਨੇ ਚੋਣ ਕਮਿਸ਼ਨ ਨਾਲ ਧੋਖਾਧੜੀ ਕਰਨ ਦੇ ਦੋਸ਼ ’ਚ ਅਕਾਲੀ ਆਗੂਆਂ ’ਤੇ ਕਾਨੂੰਨੀ ਕਾਰਵਾਈ ਕਰਨ ਅਤੇ ਸਿਆਸੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਹੈ।