ਸ੍ਰੀ ਗੁਰੂ ਰਾਮਦਾਸ ਜੀ ਦਾ  ਪ੍ਰਕਾਸ਼ ਦਿਹਾੜਾ

ਸ੍ਰੀ ਗੁਰੂ ਰਾਮਦਾਸ ਜੀ ਦਾ  ਪ੍ਰਕਾਸ਼ ਦਿਹਾੜਾ

ਪ੍ਰਕਾਸ਼ ਪੁਰਬ ਉਪਰ ਵਿਸ਼ੇਸ਼

 ਪਰਮਿੰਦਰ ਪਾਲ ਸਿੰਘ ਖਾਲਸਾ   

 ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਂ ਭਾਈ ਜੇਠਾ ਸੀ। ਉਨ੍ਹਾਂ ਦਾ ਜਨਮ ੨੪ ਸਤੰਬਰ ੧੫੩੪ ਨੂੰ ਚੂਨਾ ਮੰਡੀ ਲਾਹੌਰ ਦੇ ਵਸਨੀਕ ਭਾਈ ਹਰਿਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਪਲੇਠਾ ਪੁੱਤਰ ਹੋਣ ਕਰਕੇ ਉਨ੍ਹਾਂ ਦਾ ਨਾਂ ਭਾਈ ਜੇਠਾ ਜੀ ਹੋ ਗਿਆ।ਸਿੱਖ ਧਰਮ ਵਿਚ ਗੁਰਿਆਈ ਇਕ ਅਧਿਆਤਮਕ ਉੱਚਤਾ ਤੇ ਵਿਹਾਰਕ ਸੁੱਚਤਾ ਦਾ ਨਾਂ ਹੈ। ਸੇਵਾ, ਸਿਮਰਨ, ਪਰਉਪਕਾਰ ਤੇ ਹੁਕਮ ਅਨੁਸਾਰੀ ਬਿਰਤੀ ਗੁਰਿਆਈ ਤਕ ਦੇ ਸਫ਼ਰ ਨੂੰ ਸੁਖਾਲਾ ਬਣਾਉਂਦੀ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰਿਆਈ ਦੀ ਬਖ਼ਸ਼ਿਸ਼ ਲਈ ਸੇਵਾ-ਭਾਵਨਾ ਤੇ ਹਊਮੈ ਰਹਿਤ ਵਿਹਾਰ ਨੂੰ ਤਰਜ਼ੀਹ ਦਿੱਤੀ ਗਈ ਹੈ। ਬਾਕੀ ਦੇ ਗੁਰੂ ਸਾਹਿਬਾਨ ਵੱਲੋਂ ਵੀ ਆਪੋ ਆਪਣੇ ਸਮੇਂ ਵਿਚ ਇਸ ਤਰਜ਼ੀਹ ਨੂੰ ਕਾਇਮ ਰੱਖਿਆ ਗਿਆ।  ਗੁਰੁ ਨਾਨਕ ਦਰਬਾਰ ਦਾ ਵਾਰਿਸ ਹਮੇਸ਼ਾ ਉਸ ਨੂੰ ਬਣਾਇਆ ਜਾਂਦਾ ਰਿਹਾ ਹੈ ਜਿਹੜਾ ਇਸ ਵਿਰਾਸਤ ਲਈ ਵਿਸ਼ੇਸ਼, ਵਿਲੱਖਣ ਤੇ ਸਰਵਪ੍ਰਵਾਣਿਤ ਯੋਗਤਾ ਰੱਖਦਾ ਰਿਹਾ ਹੈ। ਇਸ ਤਰ੍ਹਾਂ ਦੀ ਹੀ ਯੋਗਤਾ ਤੀਸਰੇ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਨੂੰ ਭਾਈ ਜੇਠਾ ਜੀ ਵਿਚ ਦਿਖਾਈ ਦਿੱਤੀ, ਜਿਸ ਕਾਰਨ ਉਨ੍ਹਾਂ ਨੇ ਭਾਈ ਜੇਠਾ ਜੀ ਨੂੰ ਭਾਦੋਂ ਸੁਦੀ 15, ਮੁਤਾਬਕ 1 ਸਤੰਬਰ 1574 ਨੂੰ ਗੁਰਿਆਈ ਬਖ਼ਸ਼ਿਸ਼ ਕਰ ਕੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਬਣਾ ਦਿੱਤਾ ਸੀ।ਸ੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਂ ਭਾਈ ਜੇਠਾ ਸੀ। ਉਨ੍ਹਾਂ ਦਾ ਜਨਮ 24 ਸਤੰਬਰ 1534 ਨੂੰ ਚੂਨਾ ਮੰਡੀ ਲਾਹੌਰ ਦੇ ਵਸਨੀਕ ਭਾਈ ਹਰਿਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਪਲੇਠਾ ਪੁੱਤਰ ਹੋਣ ਕਰਕੇ ਉਨ੍ਹਾਂ ਦਾ ਨਾਂ ਭਾਈ ਜੇਠਾ ਜੀ ਹੋ ਗਿਆ। ਭਾਈ ਜੇਠਾ ਜੀ ਅਜੇ ਬਚਪਨ ਦੀ ਦਹਿਲੀਜ਼ 'ਤੇ ਹੀ ਵਿਚਰ ਰਹੇ ਸਨ ਕਿ ਪਹਿਲਾਂ ਮਾਤਾ ਜੀ ਤੇ ਫਿਰ ਪਿਤਾ ਜੀ ਦੁਨੀਆ ਤੋਂ ਕੂਚ ਕਰ ਗਏ। ਆਪ ਜੀ ਦੀ ਨਾਨੀ ਆਪ ਨੂੰ ਪਿੰਡ ਬਾਸਰਕੇ ਲੈ ਆਈ। ਭਾਈ ਜੇਠਾ ਜੀ ਆਪਣੇ ਨਾਨਕੇ ਘਰ ਰਹਿ ਕੇ ਘੁੰਙਣੀਆਂ ਵੇਚਣ ਦੀ ਕਾਰ ਕਰਿਆ ਕਰਦੇ ਸਨ ਤੇ ਇਨ੍ਹਾਂ ਦੀ ਵੱਟਕ ਨਾਲ ਗੁਜ਼ਾਰਾ ਕਰਦੇ ਸਨ। ਸ੍ਰੀ (ਗੁਰੂ) ਅਮਰਦਾਸ ਜੀ ਜਦੋਂ ਖਡੂਰ ਸਾਹਿਬ ਤੋਂ ਬਾਸਰਕੇ ਆਉਂਦੇ ਤਾਂ ਉਹ ਭਾਈ ਜੇਠਾ ਜੀ ਨੂੰ ਜ਼ਰੂਰ ਮਿਲਦੇ।

ਜਦੋਂ ਗੋਂਦੇ ਖੱਤਰੀ ਦੀ ਬੇਨਤੀ 'ਤੇ ਗੁਰੂ ਅਮਰਦਾਸ ਜੀ ਨੇ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਉਨ੍ਹਾਂ ਦੇ ਕਈ ਰਿਸ਼ਤੇਦਾਰ ਤੇ ਸਨੇਹੀ ਵੀ ਗੋਇੰਦਵਾਲ ਸਾਹਿਬ ਆ ਗਏ। ਗੁਰੂ ਦਰਸ਼ਨਾਂ ਦੀ ਤਾਂਘ ਭਾਈ ਜੇਠਾ ਜੀ ਨੂੰ ਵੀ ਇਥੇ ਲੈ ਆਈ। ਉਸ ਵਕਤ ਉਨ੍ਹਾਂ ਦੀ ਆਯੂ ਕਰੀਬ 12 ਸਾਲ ਸੀ। ਅਵਸਥਾ ਭਾਵੇਂ ਬਾਲਪਨ ਵਾਲੀ ਸੀ ਪਰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਭਾਵ ਸਦਕਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਰੰਗਤ ਭਾਈ ਜੇਠਾ ਜੀ 'ਤੇ ਖ਼ੂਬ ਚੜ੍ਹਨ ਲੱਗੀ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ 10-12 ਸਾਲ ਆਪਣੀ ਨਿਗਰਾਨੀ 'ਚ ਰੱਖਿਆ ਤੇ ਉਨ੍ਹਾਂ ਸਾਰੇ ਗੁਣਾਂ ਨੂੰ ਵਾਚਿਆ ਜੋ ਕਿਸੇ ਉਚੇਚੀ ਜ਼ਿੰਮੇਵਾਰੀ ਲਈ ਜ਼ਰੂਰੀ ਹੁੰਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਗੁਣਾਂ ਦੀ ਕਦਰ ਕਰਦਿਆਂ 22 ਫੱਗਣ ਸੰਮਤ 1610 ਨੂੰ ਆਪਣੀ ਲਾਡਲੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ।1557 ਵਿਚ ਜਦੋਂ ਗੁਰੂ ਅਮਰਦਾਸ ਜੀ ਨੇ ਸਮਾਜਿਕ ਬਰਾਬਰੀ ਨੂੰ ਲਾਗੂ ਕਰਨ ਲਈ ਸਮਾਜ ਵਿੱਚੋਂ ਛੂਤ-ਛਾਤ ਖ਼ਤਮ ਕਰਨ ਦਾ ਬੀੜਾ ਚੁੱਕਿਆ ਤਾਂ ਗੁਰੂ-ਘਰ ਦੇ ਦੋਖੀਆਂ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋਈ। ਕਿਸੇ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਗੁਰੂ ਦਰਬਾਰ ਦੇ ਖ਼ਿਲਾਫ਼ ਕੰਨ ਭਰੇ। ਆਪਣੀ ਤਸੱਲੀ ਲਈ ਬਾਦਸ਼ਾਹ ਨੇ ਗੁਰੂ ਦਰਬਾਰ ਵੱਲ ਸੱਦਾ-ਪੱਤਰ ਭੇਜਿਆ। ਬਿਰਧ ਹੋਣ ਕਰਕੇ ਤੀਸਰੇ ਪਾਤਸ਼ਾਹ ਨੇ ਗੁਰੂ-ਘਰ ਦੀ ਵਕਾਲਤ ਲਈ ਭਾਈ ਜੇਠਾ ਜੀ ਨੂੰ ਇਹ ਜ਼ਿੰਮੇਵਾਰੀ ਦਿੱਤੀ। ਭਾਈ ਜੇਠਾ ਜੀ ਨੇ ਸਿੱਖੀ ਦੇ ਸਿਧਾਂਤਾਂ ਦੀ ਇੰਨੇ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ ਤੇ ਅਕਬਰ ਦੇ ਭਰਮ-ਭੁਲੇਖੇ ਦੂਰ ਕੀਤੇ।

ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੇ ਨਿਰਮਾਣ ਸਮੇਂ ਭਾਈ ਜੇਠਾ ਜੀ ਇਕ ਨਿਮਾਣੇ ਸਿੱਖ ਵਾਂਗ ਸਿਰ 'ਤੇ ਟੋਕਰੀ ਢੋਅ ਕੇ ਸੇਵਾ ਕਰਿਆ ਕਰਦੇ ਸਨ। ਇਕ ਦਿਨ ਜਦੋਂ ਉਹ ਤਨ-ਮਨ ਨਾਲ ਸੇਵਾ ਵਿਚ ਲੀਨ ਸਨ ਤਾਂ ਲਾਹੌਰ ਤੋਂ ਉਨ੍ਹਾਂ ਦੇ ਸ਼ਰੀਕੇ-ਭਾਈਚਾਰੇ ਦੇ ਕੁਝ ਲੋਕ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹੋਏ ਸ੍ਰੀ ਗੋਇੰਦਵਾਲ ਵਿਖੇ ਆ ਗਏ। ਜਦੋਂ ਉਨ੍ਹਾਂ ਨੇ ਤੱਕਿਆ ਕਿ ਭਾਈ ਜੇਠਾ ਜੀ ਮਜ਼ਦੂਰਾਂ ਵਾਂਗੂ ਸਿਰ 'ਤੇ ਟੋਕਰੀ ਚੁੱਕੀ ਜਾ ਰਹੇ ਹਨ ਤਾਂ ਉਹ ਕ੍ਰੋਧਿਤ ਹੋ ਉੱਠੇ ਤੇ ਸ਼ਿਸ਼ਟਾਚਾਰ ਦਾ ਪੱਲਾ ਛੱਡ ਬੈਠੇ। ਉਹ ਭਰੇ-ਪੀਤੇ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, 'ਸਾਡੇ ਭਰਾ ਜੇਠੇ ਕੋਲੋਂ ਮਜ਼ਦੂਰੀ ਕਰਵਾ ਕੇ ਤੁਸੀਂ ਸਾਡੇ ਮਾਣ-ਸਤਿਕਾਰ ਨੂੰ ਢਾਹ ਲਾਈ ਹੈ। ਤੁਹਾਡੇ ਇਸ ਵਤੀਰੇ ਨਾਲ ਸਾਨੂੰ ਬੜੀ ਨਮੋਸ਼ੀ ਹੋਈ ਹੈ।'ਸ਼ਰੀਕੇ-ਭਾਈਚਾਰੇ ਦੀਆਂ ਖਰ੍ਹਵੀਆਂ ਗੱਲਾਂ ਕਾਰਨ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗੀ ਤੇ ਕਹਿਣ ਲੱਗੇ, 'ਸੱਚੇ ਪਾਤਸ਼ਾਹ ਇਹ ਅਣਜਾਣ ਹਨ, ਇਨ੍ਹਾਂ ਦੀਆਂ ਕੌੜੀਆਂ-ਕੁਸੈਲੀਆਂ ਤੇ ਮਨ ਦੀ ਮੈਲੀਆਂ ਗੱਲਾਂ ਨੂੰ ਲੇਖੇ ਵਿਚ ਨਾ ਲਿਆਉਣਾ।' ਇਸ ਤਰ੍ਹਾਂ ਉਨ੍ਹਾਂ ਨੇ ਜਿੱਥੇ ਆਪਣੇ ਸ਼ਰੀਕੇ ਦੀ ਰੱਖ ਦਿਖਾਈ ਉੱਥੇ ਗੁਰੂ ਸਾਹਿਬ ਦੀ ਪ੍ਰਸੰਨਤਾ ਦੇ ਪਾਤਰ ਵੀ ਬਣੇ।ਆਪ ਦੇ ਘਰ ਤਿੰਨ ਪੁੱਤਰਾਂ ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਤੇ (ਗੁਰੂ) ਅਰਜਨ ਦੇਵ ਜੀ ਨੇ ਜਨਮ ਲਿਆ। ਬਾਬਾ ਪ੍ਰਿਥੀ ਚੰਦ ਭਾਵੇਂ ਘਰ ਦਾ ਵੱਡਾ ਪੁੱਤਰ ਸੀ ਪਰ ਲਾਲਚੀ ਤੇ ਵਡਿਆਈ ਖ਼ੋਰੇ ਸੁਭਾਅ ਕਾਰਨ ਆਪਣੇ ਗੁਰੂ-ਪਿਤਾ ਦੀਆਂ ਖ਼ੁਸ਼ੀਆਂ ਲੈਣ ਤੋਂ ਵਾਂਝਾ ਰਹਿ ਗਿਆ। ਗੁਰੂ ਨਾਨਕ ਦੇਵ ਜੀ ਦੁਆਰਾ ਲਗਾਇਆ ਸਿੱਖੀ ਦਾ ਬੂਟਾ ਜਿਵੇਂ-ਜਿਵੇਂ ਜੋਬਨ 'ਤੇ ਆ ਰਿਹਾ ਸੀ, ਇਸ ਦੀ ਮਹਿਕ ਦੂਰ-ਦੁਰਾਡੇ ਫ਼ੈਲ ਰਹੀ ਸੀ। ਇਸੇ ਕਾਰਨ ਸਿੱਖੀ ਦਾ ਪ੍ਰਚਾਰ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਲੈ ਜਾਣ ਦੀ ਵਿਉਂਤਬੰਦੀ ਕੀਤੀ ਗਈ। ਇਸ ਨੂੰ ਅਮਲੀ ਰੂਪ ਦੇਣ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਦਿੱਤੀ ਗਈ। ਆਪ ਜੀ ਨੇ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ।

ਗੁਰੂ ਅਮਰਦਾਸ ਜੀ ਹੁਣ ਸਰੀਰਕ ਤੌਰ 'ਤੇ ਕਾਫ਼ੀ ਬਿਰਧ ਹੋ ਚੁੱਕੇ ਸਨ। ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆਇਆ ਜਾਣ ਕੇ ਉਨ੍ਹਾਂ ਨੇ ਸੰਮਤ 1631 ਦੇ ਭਾਦੋਂ ਮਹੀਨੇ ਸਮੂਹ ਸੰਗਤ ਅਤੇ ਆਪਣੇ ਪਰਿਵਾਰ ਦੇ ਸਨਮੁਖ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਚੌਥਾ ਵਾਰਿਸ ਥਾਪ ਕੇ ਸ੍ਰੀ ਗੁਰੂ ਰਾਮਦਾਸ ਜੀ ਬਣਾ ਦਿੱਤਾ।ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਮਾਝੇ ਦਾ ਇਲਾਕਾ ਬੌਧਿਕ ਅਤੇ ਰੂਹਾਨੀ ਤੌਰ 'ਤੇ ਜਾਗ ਪਿਆ। ਇਸ ਜਾਗ੍ਰਿਤੀ ਕਾਰਨ ਗੁਰੂ ਸਾਹਿਬ ਨੇ ਸੋਚਿਆ ਕਿ ਇਸ ਕੇਂਦਰੀ ਸਥਾਨ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਇਕ ਸ਼ਾਨਦਾਰ ਧਾਰਮਿਕ ਸਥਾਨ ਉਸਾਰਿਆ ਜਾਵੇ, ਜੋ ਸੰਗਤ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰ ਸਕੇ। ਇਸ ਪਵਿੱਤਰ ਅਸਥਾਨ 'ਤੇ ਸਰੋਵਰ ਬਣਾਉਣ ਦੀ ਤਜਵੀਜ਼ ਵੀ ਬਣਾਈ ਗਈ। ਸ੍ਰੀ ਅੰਮ੍ਰਿਤਸਰ ਵਿਖੇ ਪਹਿਲਾਂ ਸਰੋਵਰ ਅਤੇ ਬਾਅਦ ਵਿਚ 'ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋਈ। ਇਨ੍ਹਾਂ ਦੋ ਮਹਾਨ ਉਪਰਾਲਿਆਂ ਨਾਲ ਸਿੱਖ ਧਰਮ ਦੇ ਨਕਸ਼-ਨੁਹਾਰ ਹੋਰ ਵੀ ਨਿਖਰਨ ਲੱਗੇ। ਜਿਵੇਂ ਤੀਸਰੇ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਅਤੇ 52 ਪੀੜ੍ਹਿਆਂ ਦੀ ਸਥਾਪਨਾ ਕੀਤੀ ਸੀ, ਉਸ ਨੂੰ ਅੱਗੇ ਵਧਾਉਂਦਿਆਂ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਆਰੰਭ ਕੀਤੀ। ਇਹ ਮਸੰਦ ਦੂਰ-ਦੁਰਾਡੇ ਇਲਾਕਿਆਂ ਵਿਚ ਸਿੱਖੀ-ਸਿਧਾਂਤਾਂ ਦਾ ਪ੍ਰਚਾਰ ਕਰਦੇ ਅਤੇ ਸਿੱਖੀ ਦੇ ਬੂਟੇ ਨੂੰ ਆਪਣੀ ਸੇਵਾ ਨਾਲ ਸਿੰਜਦੇ ਸਨ।ਭਾਵੇਂ ਗੁਰੂ ਰਾਮਦਾਸ ਜੀ ਕੋਲ ਬਹੁਤ ਸਾਰੇ ਰੁਝੇਵੇਂ ਸਨ ਪਰ ਉਨ੍ਹਾਂ ਦੀ ਤਰਜੀਹ ਹਮੇਸ਼ਾ ਕਾਰ-ਸੇਵਾ ਵਿਚ ਬਣੀ ਰਹਿੰਦੀ। ਵਕਤ ਮਿਲਣ 'ਤੇ ਆਪ ਟੋਕਰੀ ਚੁੱਕ ਲੈਂਦੇ ਅਤੇ ਇੱਟਾਂ, ਗਾਰੇ ਤੇ ਚੂਨੇ ਆਦਿ ਦੀ ਹੱਥੀਂ ਸੇਵਾ ਕਰਦੇ। ਇਹ ਸਭ ਕੁਝ ਉਹ ਕਿਰਤ ਦੇ ਸਿਧਾਂਤ ਨੂੰ ਵਡਿਆਉਣ ਤੇ ਪਕਿਆਉਣ ਲਈ ਵੀ ਕਰਦੇ ਸਨ। ਇਸ ਤਰ੍ਹਾਂ ਕਰਦਿਆਂ ਇਕ ਦਿਨ ਉਹ ਵੀ ਆ ਗਿਆ ਜਿਸ ਦਿਨ ਗੁਰੂ ਰਾਮਦਾਸ ਜੀ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਚੱਜੀ ਅਗਵਾਈ ਤੇ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸਵਰਗ ਦੀ ਝਲਕ (ਸੱਚਖੰਡ ਦੇ ਰੂਪ 'ਚ) ਦਿਖਾਈ ਦੇਣ ਲੱਗੀ। ਅਜੋਕੇ ਸਮੇਂ ਵੀ ਇਹ ਸਥਾਨ ਰੱਬੀ ਸਿਫ਼ਤ-ਸਲਾਹ ਦਾ ਇਕ ਪ੍ਰਮੁੱਖ ਕੇਂਦਰ ਹੈ।

ਗੁਰੂ ਪਰਿਵਾਰ ਦੇ ਤਿੰਨਾਂ ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਸ੍ਰੀ (ਗੁਰੂ) ਅਰਜਨ ਦੇਵ ਜੀ ਦੀਨ-ਦੁਨੀਆ ਦੇ ਮਾਮਲੇ ਵਿਚ ਸਭ ਤੋਂ ਯੋਗ ਸਾਬਤ ਹੋਏ। ਉਹ ਜਿੱਥੇ ਪਰਵਾਰਿਕ ਪੱਖੋਂ ਪੂਰੇ ਜ਼ਿੰਮੇਵਾਰ ਸਨ ਉੱਥੇ ਅਧਿਆਤਮਕ ਪੱਖ ਤੋਂ ਵੀ ਸਰਬ-ਕਲਾ ਸਮਰੱਥ ਸਨ। ਇਸ ਸਮਰਥਾ ਕਾਰਨ ਹੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਅਰਜਨ ਦੇਵ ਜੀ ਨੂੰ ਉਨ੍ਹਾਂ ਨੇ ਗੁਰਿਆਈ ਦੀ ਬਖ਼ਸ਼ਿਸ਼ ਕੀਤੀ। ਗੁਰੂ ਪਿਤਾ ਵੱਲੋਂ ਵੱਡੇ ਪੁੱਤਰ (ਪ੍ਰਿਥੀ ਚੰਦ) ਨੂੰ ਅਣਡਿੱਠ ਕਰ ਕੇ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਕੇ ਘਰ ਦੀ ਵਡਿਆਈ (ਗੁਰਗੱਦੀ) ਦਿੱਤੇ ਜਾਣ ਦਾ ਪ੍ਰਿਥੀ ਚੰਦ ਨੇ ਡਟਵਾਂ ਵਿਰੋਧ ਕੀਤਾ ਪਰ ਗੁਰੂ ਰਾਮਦਾਸ ਜੀ ਨੇ ਕੇਵਲ ਯੋਗਤਾ ਨੂੰ ਹੀ ਪਹਿਲ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰ ਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ। ਕੁਝ ਦਿਨ ਇਥੇ ਟਿਕਾਣਾ ਕਰਨ ਤੋਂ ਬਾਅਦ ਅੱਸੂ ਮਹੀਨੇ ਦੇ ਦੂਜੇ ਦਿਨ, ਮੁਤਾਬਕ ਸੰਮਤ 1638 (ਸਤੰਬਰ 1581 ਈਸਵੀ) ਨੂੰ ਜੋਤੀ ਜੋਤ ਸਮਾ ਗਏ। ਅਧਿਆਤਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਉੱਚ ਕੋਟੀ ਦੇ ਬਾਣੀਕਾਰ ਵੀ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੇ 19 ਰਾਗਾਂ ਦੀ ਵਰਤੋਂ ਕਰਦਿਆਂ ਅਤੇ 11 ਹੋਰ ਰਾਗਾਂ ਸਮੇਤ ਕੁੱਲ 30 ਰਾਗਾਂ ਵਿਚ ਬਾਣੀ ਰਚੀ।