ਭਾਰਤ ਨੂੰ ਸਵਿਟਜ਼ਰਲੈਂਡ ਨੇ ਸੌਂਪੀ ਸਵਿਸ ਬੈਂਕ ਖਾਤਿਆਂ ਦੇ ਵੇਰਵੇ ਦੀ ਤੀਜੀ ਸੂਚੀ

ਭਾਰਤ ਨੂੰ ਸਵਿਟਜ਼ਰਲੈਂਡ ਨੇ ਸੌਂਪੀ ਸਵਿਸ ਬੈਂਕ ਖਾਤਿਆਂ ਦੇ ਵੇਰਵੇ ਦੀ ਤੀਜੀ ਸੂਚੀ

*ਸਵਿਟਜ਼ਰਲੈਂਡ ਸਤੰਬਰ 2022 ’ਚ ਅਗਲੀ ਸੂਚੀ ਸਾਂਝੀ ਕਰੇਗਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ : ਭਾਰਤ ਨੂੰ ਸਵਿਟਜ਼ਰਲੈਂਡ ਤੋਂ ਸਵਿਸ ਬੈਂਕ ਖਾਤਿਆਂ ਦੇ ਵੇਰਵੇ ਦੀ ਤੀਜੀ ਸੂਚੀ ਮਿਲ ਗਈ ਹੈ। ਸਵਿਟਜ਼ਰਲੈਂਡ ਨੇ 96 ਦੇਸ਼ਾਂ ਦੇ ਇਕੱਠੇ ਸਾਲਾਨਾ ਅਭਿਆਸ ਤਹਿਤ ਲਗਪਗ 33 ਲੱਖ ਵਿੱਤੀ ਖਾਤਿਆਂ ਦਾ ਵੇਰਵਾ ਸਾਂਝਾ ਕੀਤਾ ਹੈ। ਸਵਿਟਜ਼ਰਲੈਂੜ ਦੇ ਸੰਘੀ ਕਰ ਪ੍ਰਸ਼ਾਸਨ ਨੇ  ਕਿਹਾ ਕਿ ਇਸ ਸਾਲ ਸੂਚਨਾਵਾਂ ਦੇ ਲੈਣ-ਦੇਣ ’ਚ 10 ਹੋਰ ਦੇਸ਼-ਐਂਟੀਗੁਆ ਅਤੇ ਬਾਰਬੁੜਾ, ਅਜ਼ਰਬੈਜਾਨ, ਡੋਮਿਨਿਕਾ, ਘਾਨਾ, ਲਿਬਨਾਨ, ਮਕਾਊ, ਪਾਕਿਸਤਾਨ, ਕਤਰ, ਸਮੋਆ ਅਤੇ ਵੁਆਤੂ ਸ਼ਾਮਲ ਹਨ। ਜਿੱਥੇ 70 ਦੇਸ਼ਾਂ ਦੇ ਨਾਲ ਰਵਾਇਤੀ ਲੈਣ-ਦੇਣ ਕੀਤਾ ਗਿਆ, ਸਵਿਟਜ਼ਰਲੈਂਡ ਨੇ 26 ਦੇਸ਼ਾਂ ਦੇ ਮਾਮਲੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਦਾ ਕਾਰਨ ਇਹ ਸੀ ਕਿ ਜਾਂ ਤਾਂ ਇਹ ਦੇਸ਼ (14 ਦੇਸ਼) ਅਜੇ ਤਕ ਖੁਫ਼ੀਆ ਅਤੇ ਡਾਟਾ ਸੁਰੱਖਿਆ ’ਤੇ ਕੌਮਾਂਤਰੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਜਾਂ ਉਨ੍ਹਾਂ ਨੇ (12 ਦੇਸ਼) ਡਾਟਾ ਹਾਸਲ ਕਰਨਾ ਜ਼ਰੂਰੀ ਨਹੀਂ ਸਮਝਿਆ।

96 ਦੇਸ਼ਾਂ ਨਾਲ ਲਗਪਗ 33 ਲੱਖ ਖਾਤਿਆਂ ਦਾ ਵੇਰਵਾ ਕੀਤਾ ਸਾਂਝਾ

ਐੱਫਟੀਏ ਨੇ ਸਾਰੇ 96 ਦੇਸ਼ਾਂ ਦੇ ਨਾਂਵਾਂ ਅਤੇ ਜ਼ਿਆਦਾਤਰ ਵੇਰਵੇ ਨੂੰ ਉਜਾਗਰ ਨਹੀਂ ਕੀਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਲਗਾਤਾਰ ਤੀਜੇ ਸਾਲ ਸੂਚਨਾ ਮਿਲੀ ਹੈ ਅਤੇ ਭਾਰਤੀ ਅਧਿਕਾਰੀਆਂ ਨਾਲ ਸਾਂਝੇ ਕੀਤੇ ਗਏ ਵੇਰਵੇ ਵੱਡੀ ਗਿਣਤੀ ’ਚ ਵਿਅਕਤੀਆਂ ਅਤੇ ਕੰਪਨੀਆਂ ਦੇ ਸਵਿਸ ਵਿੱਤੀ ਸੰਸਥਾਵਾਂ ’ਚ ਸਥਿਤ ਖਾਤਿਆਂ ਨਾਲ ਸਬੰਧਿਤ ਹਨ। ਇਹ ਲੈਣ-ਦੇਣ ਪਿਛਲੇ ਮਹੀਨੇ ਹੋਇਆ ਸੀ ਅਤੇ ਸਵਿਟਜ਼ਰਲੈਂਡ ਸਤੰਬਰ 2022 ’ਚ ਅਗਲੀ ਸੂਚੀ ਸਾਂਝੀ ਕਰੇਗਾ।