ਅਮਰੀਕਾ ਦੇ ਫਲੋਰਿਡਾ ਰਾਜ ਦੇ ਸਕੂਲਾਂ ਵਿਚ ਸਟਾਫ ਦੀ ਭਾਰੀ ਘਾਟ

ਅਮਰੀਕਾ ਦੇ ਫਲੋਰਿਡਾ ਰਾਜ ਦੇ ਸਕੂਲਾਂ ਵਿਚ ਸਟਾਫ ਦੀ ਭਾਰੀ ਘਾਟ

* ਅਧਿਆਪਕਾਂ ਤੇ ਹੋਰ ਸਟਾਫ ਦੀਆਂ ਹਜਾਰਾਂ ਅਸਾਮੀਆਂ ਖਾਲੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਇਸ ਸਿੱਖਿਆ ਸਾਲ ਦੌਰਾਨ ਜਦੋਂ ਤੋਂ ਸਕੂਲ ਸ਼ੁਰੂ ਹੋਏ ਹਨ ਅਮਰੀਕਾ ਦੇ ਫਲੋਰਿਡਾ ਰਾਜ ਵਿਚ ਅਧਿਆਪਕਾਂ ਤੇ ਹੋਰ ਸਟਾਫ ਦੀ ਭਾਰੀ ਘਾਟ ਪਾਈ ਜਾ ਰਹੀ ਹੈ। ਫਲੋਰਿਡਾ ਐਜੂਕੇਸ਼ਨ ਐਸੋਸੀਏਸ਼ਨ ਤੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਫਲੋਰਿਡਾ ਦੇ ਸਕੂਲਾਂ ਵਿਚ ਅਧਿਆਪਕਾਂ ਦੀਆਂ 5000 ਤੋਂ ਵਧ ਅਸਾਮੀਆਂ ਖਾਲੀ ਹਨ ਤੇ ਹੋਰ ਸਟਾਫ ਦੀਆਂ 4000 ਤੋਂ ਵਧ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ। ਫਲੋਰਿਡਾ ਐਜੂਕੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਐਂਡਰੀਊ ਸਪਾਰ ਨੇ ਕਿਹਾ ਹੈ ਕਿ ਉਨਾਂ ਦੀ ਸੰਸਥਾ ਨੇ ਇਸ ਸਾਲ ਅਗਸਤ ਵਿਚ ਅਸਾਮੀਆਂ ਦੀ ਸਥਿੱਤੀ ਬਾਰੇ ਅੰਕੜੇ ਜਾਰੀ ਕੀਤੇ ਸਨ ਪਰੰਤੂ ਉਸ ਤੋਂ ਬਾਅਦ ਹਾਲਾਤ ਹੋਰ ਨਿਘਰ ਗਏ ਹਨ ਤੇ ਖਾਲੀ ਅਸਾਮੀਆਂ ਦੀ ਗਿਣਤੀ ਘੱਟਣ ਦੀ ਬਜਾਏ ਵਧ ਗਈ ਹੈ। ਇਸ ਵੇਲੇ ਸਕੂਲਾਂ ਵਿਚ 5100 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਉਨਾਂ ਕਿਹਾ ਹੈ ਕਿ ਸਾਡੇ ਪਬਲਿਕ ਸਕੂਲਾਂ ਲਈ ਇਹ ਸਥਿੱਤ ਤੇ ਰੁਝਾਨ ਬਹੁਤ ਖਤਰਨਾਕ ਹੈ। ਇਸ ਵੇਲੇ ਰਾਜ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਵੱਲ ਫੌਰਨ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਅਧਿਆਪਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਕੂਲ ਛੱਡੇ ਰਹੇ ਹਨ ਤੇ ਨੌਜਵਾਨ ਅਧਿਆਪਕ ਵਜੋਂ ਕਰੀਅਰ ਸ਼ੁਰੂ ਕਰਨ ਦੇ ਹੱਕ ਵਿਚ ਨਹੀਂ ਹਨ। ਫਲੋਰਿਡ ਐਜੂਕੇਸ਼ਨ ਐਸੋਸੀਏਸ਼ਨ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਅਧਿਆਪਕਾਂ ਉਪਰ ਦਬਾਅ ਵਧਿਆ ਹੈ ਤੇ ਬੇਯਕੀਨੀ ਵਾਲੇ ਹਾਲਾਤ ਪੈਦਾ ਹੋਏ ਹਨ।  ਘੱਟ ਤਨਖਾਹ ਨੇ ਵੀ ਸਮੱਸਿਆ ਵਿਚ ਵਾਧਾ ਕੀਤਾ ਹੈ। ਫਲੋਰਿਡਾ ਐਜੂਕੇਸ਼ਨ ਐਸੋਸੀਏਸ਼ਨ ਅਨੁਸਾਰ ਅਗਸਤ 2020 ਤੋਂ ਬਾਅਦ ਅਗਸਤ 2021 ਤੱਕ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਵਿਚ 67% ਵਾਧਾ ਹੋਇਆ ਹੈ ਪਰੰਤੂ ਇਸ ਵੇਲੇ ਸਕੂਲ ਅਧਿਆਪਕਾਂ ਦੀ ਘਾਟ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਵੱਡੀਆਂ ਕਲਾਸਾਂ ਨੂੰ ਪੜਾਉਣਾ ਪੈ ਰਿਹਾ ਹੈ ਜੋ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ। ਇਸ ਬਦਲੇ ਜੋ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਉਹ ਰਾਸ਼ਟਰੀ ਔਸਤ ਨਾਲੋਂ ਬਹੁਤ ਘੱਟ ਹਨ।

ਇਹ ਹਾਲਾਤ ਉਸ ਵੇਲੇ ਪੈਦਾ ਹੋਏ ਹਨ ਜਦੋਂ ਸਕੂਲਾਂ ਵਿਚ ਬੱਚਿਆਂ ਦੁਆਰਾ ਮਾਸਕ ਪਾਉਣ ਜਾਂ ਨਾ ਪਾਉਣ ਬਾਰੇ ਚਰਚਾ ਚੱਲ ਰਹੀ ਹੈ। ਅਮਰੀਕੀ ਸਕੂਲ ਵਿਭਾਗ ਨੇ ਹਾਲ ਹੀ ਵਿਚ ਫਲੋਰਿਡਾ ਦੇ ਉਨਾਂ ਅਧਿਆਪਕਾਂ ਲਈ ਤਨਖਾਹਾਂ ਜਾਰੀ ਕੀਤੀਆਂ ਹਨ ਜਿਨਾਂ ਦੀਆਂ ਤਨਖਾਹਾਂ ਗਵਰਨਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਮਾਸਕ ਪਹਿਣਨਾ ਜਰੂਰੀ ਕਰ ਦੇਣ ਦੇ ਸਿੱਟੇ ਵਜੋਂ ਰੋਕ ਲਈਆਂ ਗਈਆਂ ਸਨ। ਗਵਰਨਰ ਦੇ ਆਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਬੱਚਿਆਂ ਨੇ ਮਾਸਕ ਪਾਉਣਾ ਹੈ ਜਾਂ ਨਹੀਂ ਇਸ ਗੱਲ ਦਾ ਨਿਰਨਾ ਮਾਪੇ ਕਰਨਗੇ ਨਾ ਕਿ ਸਕੂਲ ਅਧਿਕਾਰੀ।