ਅਮਰੀਕਾ ਦੇ ਰਿਚਮੌਂਡ ਹਿਲ ਖੇਤਰ ਵਿਚ ਮਹਾਤਮਾ ਗਾਂਧੀ ਦਾ ਨਵਾਂ ਬੁੱਤ ਲਾਇਆ

ਅਮਰੀਕਾ ਦੇ ਰਿਚਮੌਂਡ ਹਿਲ ਖੇਤਰ ਵਿਚ ਮਹਾਤਮਾ ਗਾਂਧੀ ਦਾ ਨਵਾਂ ਬੁੱਤ ਲਾਇਆ
ਕੈਪਸ਼ਨ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਹਟਾਏ ਜਾਣ ਦਾ ਦ੍ਰਿਸ਼

ਅਗਸਤ 2022 ਵਿਚ ਬੁੱਤ ਦੀ ਕੀਤੀ ਸੀ ਭੰਨਤੋੜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਿਊਯਾਰਕ ਸਿਟੀ ਦੇ ਮੇਅਰ ਏਰਿਕ ਐਡਮਜ ਤੇ ਭਾਰਤੀ ਅਮਰੀਕੀ ਸਟੇਟ ਅਸੰਬਲੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਇਕ ਸਥਾਨਕ ਹਿੰਦੂ ਮੰਦਿਰ ਦੇ ਬਾਹਰ ਮਹਾਤਮਾ ਗਾਂਧੀ ਦੇ ਨਵੇਂ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ। ਰਿਚਮੌੌਂਡ ਹਿਲ ਵਿਚ 111ਵੀਂ ਸਟਰੀਟ 'ਤੇ ਸਥਿੱਤ ਸ਼੍ਰੀ ਤੁਲਸੀ ਮੰਦਿਰ ਦੇ ਸਾਹਮਣੇ ਸਥਾਪਿਤ ਮਹਾਤਮਾ ਗਾਂਧੀ ਦੇ ਬੁੱਤ ਦੀ ਅਗਸਤ 2022 ਵਿਚ ਦੋ ਵਾਰ ਭੰਨਤੋੜ ਕੀਤੀ ਗਈ ਸੀ ਤੇ ਬੁੱਤ ਉਪਰ ਅਪਮਾਨਜਨਕ ਸ਼ਬਦ ਲਿਖ ਦਿੱਤੇ ਗਏ ਸਨ। ਇਸ ਮੌਕੇ ਮੇਅਰ ਐਡਮਜ ਨੇ ਕਿਹਾ ਕਿ ਬੁੱਤ ਨੂੰ ਭਾਵੇਂ ਕੁਝ ਲੋਕਾਂ ਵੱਲੋਂ ਤੋੜ ਦਿੱਤਾ ਗਿਆ ਸੀ ਪਰੰਤੂ ਉਹ ਲੋਕ ਬੁੱਤ ਨੂੰ ਦੁਬਾਰਾ ਬਣਾਉਣ ਲਈ ਸਾਡੀ ਇਕਜੁੱਟਤਾ ਤੇ ਭਾਵਨਾ ਨੂੰ ਨਹੀਂ ਤੋੜ ਸਕੇ। ਉਨਾਂ ਕਿਹਾ ਕਿ ਅੱਜ ਅਸੀਂ ਭਾਰਤੀ ਭਾਈਚਾਰੇ ਦੇ ਨਾਲ ਖੜੇ ਹਾਂ ਤੇ ਇਕ ਆਵਾਜ਼ ਵਿਚ ਐਲਾਨ ਕਰਦੇ ਹਾਂ ਕਿ ਨਫਰਤ ਨੂੰ ਸਾਡੇ ਦੇਸ਼ ਵਿਚ ਕੋਈ ਥਾਂ ਨਹੀਂ ਹੈ। ਸਮਾਗਮ ਵਿਚ ਅਸੰਬਲੀ ਮੈਂਬਰ ਡੇਵਿਡ ਵੈਪਰਿਨ, ਕੌਂਸਲ ਮੈਂਬਰ ਲਿਨ ਸ਼ੁਲਮੈਨ ਤੇ ਪੰਡਿਤ ਲੇਖਰਾਮ ਮਹਾਰਾਜ ਸੰਸਥਾਪਕ ਤੁਲਸੀ ਮੰਦਿਰ ਤੋਂ ਇਲਾਵਾ ਭਾਰਤੀ ਅਮਰੀਕੀ ਭਾਈਚਾਰੇ ਦੀਆਂ ਕਈ ਹੋਰ ਅਹਿਮ ਸਖਸ਼ੀਅਤਾਂ ਹਾਜਰ ਸਨ। ਰਾਜ ਕੁਮਾਰ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਵੀਡੀਓ ਵਿਚ ਪਰਦਾ ਹਟਾਉਣ ਦੀ ਰਸਮ ਸਾਂਝੀ ਕੀਤੀ ਹੈ ਤੇ ਕਿਹਾ ਹੈ ਕਿ ਮੇਅਰ ਐਡਮਜ ਨਾਲ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਉਣ ਦਾ ਅਵਸਰ ਬਹੁਤ ਰੋਚਕ ਸੀ।