ਭਾਜਪਾ ਦਾ ਵਿਰੋਧ ਕਰਨ ਲਈ ‘ਆਪ’ ਤੇ ਕਾਂਗਰਸ ਇੱਕਸੁਰ

ਭਾਜਪਾ ਦਾ ਵਿਰੋਧ ਕਰਨ ਲਈ ‘ਆਪ’ ਤੇ ਕਾਂਗਰਸ ਇੱਕਸੁਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਮਿਲੀ ਹਾਰ ਨੇ ‘ਆਪ’ ਅਤੇ ਕਾਂਗਰਸ ਨੂੰ ਹੁਣ ਭਾਜਪਾ ਖ਼ਿਲਾਫ਼ ਹੱਲਾ ਬੋਲਣ ਦੇ ਮਾਮਲੇ ’ਤੇ ਇੱਕਸੁਰ ਕਰ ਦਿੱਤਾ ਹੈ। ਬੇਸ਼ੱਕ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਵਿੱਚ ਭਾਜਪਾ ਆਪਣਾ ਮੇਅਰ ਬਣਾਉਣ ਵਿਚ ਸਫ਼ਲ ਰਹੀ ਹੈ ਪਰ ਹੁਣ ‘ਆਪ’ ਤੇ ਕਾਂਗਰਸ ਨੇ ਸਾਂਝੇ ਤੌਰ ’ਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ। 

ਮੁੱਖ ਮੰਤਰੀ ਭਗਵੰਤ ਮਾਨ ਅਗਲੀਆਂ ਲੋਕ ਸਭਾ ਚੋਣਾਂ ਪੰਜਾਬ ਵਿਚ ਇਕੱਲਿਆਂ ਲੜਨ ਦਾ ਐਲਾਨ ਕਰ ਚੁੱਕੇ ਹਨ ਅਤੇ ਪੰਜਾਬ ਕਾਂਗਰਸ ਵੀ ਸੂਬੇ ਵਿਚ ਆਪਣੇ ਦਮ ’ਤੇ ਲੜਨਾ ਚਾਹੁੰਦੀ ਹੈ। ਹਾਲਾਂਕਿ ਪੰਜਾਬ ਵਿੱਚ ਦੋਵੇਂ ਸਿਆਸੀ ਧਿਰਾਂ ਦੇ ਰਾਹ ਅਲੱਗ-ਅਲੱਗ ਹਨ ਪਰ ਆਗਾਮੀ ਚੋਣਾਂ ਵਿਚ ਦੋਵੇਂ ਧਿਰਾਂ ਕੋਲ ਭਾਜਪਾ ’ਤੇ ਹੱਲਾ ਬੋਲਣ ਲਈ ਇੱਕੋ ਹਥਿਆਰ ਹੋਵੇਗਾ। 

ਚੰਡੀਗੜ੍ਹ ਨਿਗਮ ਦੇ ਮੇਅਰ ਦੀ ਚੋਣ ਨੇ ਗੱਠਜੋੜ ਦੀ ਝੋਲੀ ਹਾਰ ਪਾਈ ਹੈ ਅਤੇ ਇਸ ਨਾਲ ਭਾਜਪਾ ਦਾ ਜਿਆਦਤੀ ਵਾਲਾ ਚਿਹਰਾ ਵੀ ਬੇਪਰਦ ਹੁੰਦਾ ਜਾਪਦਾ ਹੈ। ਸਿਆਸੀ ਹਲਕੇ ਆਖਦੇ ਹਨ ਕਿ ਮੇਅਰ ਦੀ ਚੋਣ ਦੀ ਜਿੱਤ ਦਾ ਭਾਜਪਾ ਨੂੰ ਬਹੁਤਾ ਸਿਆਸੀ ਫਾਇਦਾ ਨਹੀਂ ਮਿਲਣਾ ਪਰ ਇਹ ਚੋਣ ਹਾਰਨ ਦੀ ਸੂਰਤ ਵਿਚ ਭਾਜਪਾ ਨੂੰ ਨੁਕਸਾਨ ਜ਼ਰੂਰ ਹੋਣਾ ਸੀ। ਸਿਆਸੀ ਹਲਕੇ ਆਖਦੇ ਹਨ ਕਿ ਭਾਜਪਾ ਨੇ ਮੇਅਰ ਦੀ ਚੋਣ ਵਿਚ ਜ਼ਿਆਦਤੀ ਵਾਲਾ ਪ੍ਰਭਾਵ ਸਿਰਜ ਕੇ ‘ਆਪ’ ਅਤੇ ਕਾਂਗਰਸ ਨੂੰ ਇੱਕ ਵਧੀਆ ਮੌਕਾ ਦੇ ਦਿੱਤਾ ਹੈ। ‘ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ  ਚੋਣ ਦੇ ਪ੍ਰਜ਼ਾਈਡਿੰਗ ਅਫਸਰ ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਵੱਲੋਂ ਦਖਲ ਦਿੱਤੇ ਜਾਣ ਕਾਰਨ ਭਾਜਪਾ ਨੂੰ ਦਿੱਲੀ ਨਗਰ ਨਿਗਮ ਦੀ ਚੋਣ ਵਿਚ ਕੋਈ ਧਾਂਦਲੀ ਦਾ ਮੌਕਾ ਨਹੀਂ ਮਿਲ ਸਕਿਆ ਸੀ। ਭਾਜਪਾ ਦਿੱਲੀ ਵਿਚ ‘ਆਪ’ ਵੱਲੋਂ ਬਣਾਏ ਮੇਅਰ ਦਾ ਬਦਲਾ ਹੁਣ ਚੰਡੀਗੜ੍ਹ ਵਿਚ ਲੈਂਦੀ ਨਜ਼ਰ ਆਈ ਹੈ।