ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਅਤੇ ਸੁਰਿੰਦਰ ਸਿੰਘ ਨੇ 'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਜੁਆਇਨ ਕੀਤਾ

ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਅਤੇ ਸੁਰਿੰਦਰ ਸਿੰਘ ਨੇ 'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਜੁਆਇਨ ਕੀਤਾ

ਚੰਡੀਗੜ੍ਹ/ਏ.ਟੀ. ਨਿਊਜ਼
ਲੰਬਾ ਸਮਾਂ ਅਕਾਸ਼ਵਾਣੀ ਨਾਲ ਰੇਡੀਓ ਪੱਤਰਕਾਰ ਵਜੋਂ ਸੇਵਾ ਨਿਭਾ ਚੁੱਕੇ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਨੇ ਬਤੌਰ ਮੈਨੇਜਿੰਗ ਐਡੀਟਰ 'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਜੁਆਇਨ ਕਰ ਲਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਦੀ ਤਾਲੀਮ ਹਾਸਲ ਕਰਕੇ ਪੰਜਾਬੀ ਪੱਤਰਕਾਰੀ ਵਿਚ ਪ੍ਰਵੇਸ਼ ਕਰਨ ਵਾਲੇ ਸ੍ਰੀ ਰੁਪਾਲ ਦਾ ਇਸ ਖੇਤਰ ਵਿਚ ਲਗਭਗ 35 ਸਾਲ ਦਾ ਤਜਰਬਾ ਹੈ। ਉਹ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਰਿਪੋਰਟਰ ਅਤੇ 'ਪੰਜਾਬ ਕੋਆਪ੍ਰੇਸ਼ਨ' ਮੈਗਜ਼ੀਨ ਦੇ ਸੰਪਾਦਕ ਰਹਿ ਚੁੱਕੇ ਹਨ। ਉਹ ਨਵੀਂ ਦਿੱਲੀ ਵਿਚ ਆਲ ਇੰਡੀਆ ਰੇਡੀਓ ਦੇ ਨਾਲ ਨਾਲ ਜ਼ੀ.ਟੀ.ਵੀ. ਵੀ ਸੇਵਾਵਾਂ ਦੇ ਚੁੱਕੇ ਹਨ। ਪੰਜਾਬ ਦੇ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਮਾਮਲਿਆਂ 'ਤੇ ਉਨ੍ਹਾਂ ਦੀ ਵਿਸ਼ੇਸ਼ ਪਕੜ ਹੈ। ਟੈਲੀਵੀਜ਼ਨ ਪੱਤਰਕਾਰੀ ਵਿਚ ਸਰਗਰਮ ਰਹੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਨੇ ਕੈਲੀਫੋਰਨੀਆ 'ਚ ਬਤੌਰ ਐਡੀਟਰ 'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਜੁਆਇਨ ਕਰ ਲਿਆ ਹੈ। ਉਹ ਪਹਿਲਾਂ ਜ਼ੀ ਪੰਜਾਬੀ, ਪੰਜਾਬ ਟੁਡੇ, ਏਸ਼ੀਆ ਨਿਊਜ਼ ਨੈੱਟਵਰਕ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨਾਲ ਕੰਮ ਕਰ ਚੁੱਕੇ ਸੁਰਿੰਦਰ ਸਿੰਘ ਨੇ ਐਮਿਟੀ ਯੂਨੀਵਰਸਿਟੀ ਨੌਇਡਾ ਦੇ ਪੱਤਰਕਾਰੀ ਵਿਭਾਗ 'ਚ ਬਤੌਰ ਅਧਿਆਪਕ ਵੀ ਆਪਣੀਆਂ ਸੇਵਾਵਾਂ ਦਿੱਤੀਆਂ। 3 ਸਾਲ ਤੋਂ ਵੱਧ ਸਮੇਂ ਤੱਕ 'ਡੇਅ ਐਂਡ ਨਾਈਟ' ਟੀਵੀ ਚੈਨਲ ਨਾਲ ਸੀਨੀਅਰ ਪ੍ਰੋਡਿਊਸਰ ਦੇ ਤੌਰ 'ਤੇ ਕੰਮ ਕਰਨ ਦੇ ਬਾਅਦ ਪਿਛਲੇ 6 ਸਾਲਾਂ ਤੋਂ ਉਹ 'ਟਾਕਿੰਗ ਪੰਜਾਬ' ਟੀਵੀ ਪ੍ਰੋਗ੍ਰਾਮ ਜ਼ਰੀਏ ਸਰਗਰਮ ਪੱਤਰਕਾਰੀ ਕਰਦਾ ਆ ਰਿਹਾ ਹੈ। ਜਸਜੀਤ ਸਿੰਘ ਅਤੇ ਅਦਾਰਾ 'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਦੋਵਾਂ ਦਾ ਸੁਆਗਤ ਕਰਦਾ ਹੈ।

ਮਨਜੀਤ ਸਿੰਘ ਟਿਵਾਣਾ ਦਾ ਧੰਨਵਾਦ
ਫਰੀਮੌਂਟ : ਏ.ਟੀ. ਨਿਊਜ਼
ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਮਨਜੀਤ ਸਿੰਘ ਟਿਵਾਣਾ ਦੇ ਪੰਜਾਬ ਤੋਂ ਅਮਰੀਕਾ ਆ ਕੇ ਆਪਣਾ ਕਾਰੋਬਾਰ ਚਲਾਉਣ ਲਈ ਸੇਵਾ ਤੋਂ ਰੁਖਸਤ ਹੋ ਗਏ ਹਨ। ਅਦਾਰਾ 'ਅੰਮ੍ਰਿਤਸਰ ਟਾਈਮਜ਼' ਉਨ੍ਹਾਂ ਵਲੋਂ ਨਿਭਾਈ ਸੇਵਾ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਾ ਹੈ। ਸ੍ਰੀ ਟਿਵਾਣਾ ਨੇ ਇਕ ਸੁਲਝੇ ਹੋਏ ਤਜ਼ਰਬੇਕਾਰ ਪੱਤਰਕਾਰ ਦੇ ਤੌਰ 'ਤੇ ਅੰਮ੍ਰਿਤਸਰ ਟਾਈਮਜ਼ ਦੀ ਸੁਯੋਗ ਅਗਵਾਈ ਕੀਤੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ। 'ਅੰਮ੍ਰਿਤਸਰ ਟਾਈਮਜ਼' ਸ੍ਰੀ ਟਿਵਾਣਾ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗਾ।