ਬੁਖਲਾਇਆ ਬੌਬ ਢਿੱਲੋਂ ਧੱਕੇਸ਼ਾਹੀ 'ਤੇ ਉਤਰਿਆ

ਬੁਖਲਾਇਆ ਬੌਬ ਢਿੱਲੋਂ ਧੱਕੇਸ਼ਾਹੀ 'ਤੇ ਉਤਰਿਆ

ਸੈਨਹੋਜੇ/ਏ.ਟੀ. ਨਿਊਜ਼ : ਗੁਰਦੁਆਰਾ ਸਾਹਿਬ ਸੈਨਹੋਜੇ ਵਿਚ ਬੌਬ ਢਿੱਲੋਂ ਦੇ ਗਰੁੱਪ ਵਲੋਂ ਵੋਟਰ ਸੂਚੀ ਵਿਚ ਕਥਿਤ ਹੇਰਾਫੇਰੀ ਦੇ ਕੋਰਟ ਕੇਸ ਕਰਕੇ ਚੋਣਾਂ ਮੁਲਤਵੀ ਹੋ ਗਈਆਂ ਸਨ, ਜਿਸ ਕਰਕੇ ਬੌਬ ਢਿੱਲੋਂ ਦੀ ਕਮੇਟੀ ਦੀ 2 ਸਾਲ ਮਿਆਦ ਪੁੱਗ ਚੁੱਕੀ ਹੈ। ਸੰਗਤ ਵਲੋਂ ਬੌਬ ਢਿੱਲੋਂ ਗਰੁੱਪ ਨੂੰ ਪਾਸੇ ਕਰਨ ਲਈ ਜਨਰਲ ਬਾਡੀ ਕਰਾਉਣ ਲਈ ਦਸਤਖਤ ਕਰਾਏ ਜਾ ਰਹੇ ਹਨ। ਕੈਲੀਫੋਰਨੀਆ ਕੋਡ ਮੁਤਾਬਕ 5% ਮੈਂਬਰ ਜਨਰਲ ਬਾਡੀ ਕਰਾ ਸਕਦੇ ਹਨ ਤੇ ਉੱਥੇ ਨਵੇਂ ਕਮੇਟੀ ਮੈਂਬਰ ਚੁਣ ਸਕਦੇ ਹਨ। 
ਪਿਛਲੇ ਐਤਵਾਰ ਜਦੋਂ ਸਾਧ ਸੰਗਤ ਸਲੇਟ ਵਲੋਂ ਸੰਗਤ ਤੋਂ ਦਸਤਖਤ ਕਰਾਉਣ ਲਈ ਮੇਜ ਲਾਇਆ ਤਾਂ ਮੌਜੂਦਾ ਕਮੇਟੀ ਦੇ ਬਾਬ ਢਿੱਲੋਂ ਨੇ ਸਕਿਓਰਿਟੀ ਸੱਦ ਕੇ ਉਨ੍ਹਾਂ ਦਾ ਮੇਜ ਉਥੋਂ ਚੁੱਕਾ ਦਿੱਤਾ। ਫੇਰ ਕਾਫ਼ੀ ਗਰਮ ਬਹਿਸ ਦੌਰਾਨ ਬੌਬ ਢਿੱਲੋਂ ਨੇ ਪਹਿਲਾਂ ਵਾਂਗ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਦੇ ਹੋਏ ਪੁਲਿਸ ਸੱਦ ਲਈ। ਪੁਲਿਸ ਨੂੰ ਪਤਾ ਨਹੀਂ ਕੀ ਝੂਠ ਬੋਲਿਆ ਗਿਆ ਕਿਉਂਕਿ ਪੁਲਿਸ ਦੀਆਂ 15-20 ਕਾਰਾਂ ਆ ਗਈਆਂ। ਜਦੋਂ ਉਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਪੁਲਿਸ ਨੇ ਕਿਹਾ ਕਿ ਸਾਧ ਸੰਗਤ ਸਲੇਟ ਦਾ ਪੂਰਾ ਹੱਕ ਹੈ ਤੇ ਉਹ ਸੰਗਤ ਤੋਂ ਦਸਤਖਤ ਕਰਵਾ ਸਕਦੇ ਹਨ। ਸਾਧ ਸੰਗਤ ਸਲੇਟ ਦੇ ਬੁਲਾਰੇ ਭਾਈ ਜਸਪਾਲ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਕਮੇਟੀ ਪੂਰੇ ਧੱਕੇਸ਼ਾਹੀ 'ਤੇ ਉਤਰੀ ਹੋਈ ਹੈ ਅਤੇ ਜਿਹੜੀ ਸਾਡੇ ਹੱਕਾਂ 'ਤੇ ਵੀ ਡਾਕਾ ਮਾਰਨ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਹੁਣ ਬੌਬ ਢਿੱਲੋਂ ਗਰੁੱਪ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ ਅਤੇ ਸੰਗਤ ਮੰਗ ਕਰਦੀ ਹੈ ਕਿ ਇਹ ਗੁਰੂ ਦੀ ਗੋਲਕ ਵਿਚੋਂ ਪੈਸਾ ਨਾ ਖਰਚੇ, ਕਿਉਂਕਿ ਕੋਰਟ ਕੇਸ ਇਨ੍ਹਾਂ ਵਲੋਂ ਹੀ ਵੋਟਰ ਸੂਚੀ ਵਿਚ ਕਥਿਤ ਹੇਰਾਫੇਰੀ ਕਾਰਨ ਹੋਇਆ ਹੈ। ਇਹ ਸੰਗਤ ਦਾ ਪੈਸਾ ਆਪਣੀ ਗਲਤੀ ਨੂੰ ਠੀਕ ਠਹਿਰਾਉਣ ਲਈ ਕਿਵੇਂ ਵਰਤ ਕਰ ਸਕਦਾ ਹੈ? ਉਨ੍ਹਾਂ ਨੇ ਦੱਸਿਆ ਕਿ ਜਨਰਲ ਬਾਡੀ ਕਰਕੇ ਸੰਗਤ ਨਵੀਂ ਕਮੇਟੀ ਚੁਣ ਸਕਦੀ ਹੈ। ਅਸੀਂ ਅਗਲੇ ਦਿਨਾਂ ਵਿਚ ਜਨਰਲ ਬਾਡੀ ਦੀ ਤਰੀਕ ਬਾਰੇ ਦੱਸਾਂਗੇ।