ਸੜਕਾਂ 'ਤੇ ਰੁਲਦੇ ਕਿਸਾਨ ਅਤੇ ਮੰਡੀਆਂ 'ਚ ਰੁਲਦਾ ਨਰਮਾ

ਸੜਕਾਂ 'ਤੇ ਰੁਲਦੇ ਕਿਸਾਨ ਅਤੇ ਮੰਡੀਆਂ 'ਚ ਰੁਲਦਾ ਨਰਮਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਵੇਂ ਕਿ ਭਾਰਤ ਦੇ ਕਿਸਾਨ ਵਿਰੋਧੀ ਬਿੱਲ ਅਜੇ ਪੂਰੀ ਤਰ੍ਹਾਂ ਪੰਜਾਬ ਵਿਚ ਲਾਗੂ ਵੀ ਨਹੀਂ ਹੋਏ ਪਰ ਇਹਨਾਂ ਬਿੱਲਾਂ ਤੋਂ ਪਹਿਲਾਂ ਹੀ ਕਿਸਾਨੀ ਦੀ ਮਾੜੀ ਹਾਲਤ ਮੰਡੀਆਂ ਵਿਚ ਜਾ ਕੇ ਦੇਖੀ ਜਾ ਸਕਦੀ ਹੈ। ਪੰਜਾਬ ਦੀ ਮਾਲਵਾ ਪੱਟੀ ਵਿਚ ਕਿਸਾਨਾਂ ਵੱਲੋਂ ਮਿਹਨਤ ਨਾਲ ਪੈਦਾ ਕੀਤਾ ਚਿੱਟੇ ਸੋਨੇ ਵਜੋਂ ਜਾਣਿਆ ਜਾਂਦਾ ਨਰਮਾ ਕੋਡੀਆਂ ਦੇ ਭਾਅ ਵਿਕ ਰਿਹਾ ਹੈ। ਵਪਾਰੀਆਂ ਨੇ ਮਿਲੀਭੁਗਤ ਨਾਲ ਨਰਮੇ ਦਾ ਰੇਟ ਬਹੁਤ ਹੇਠਾਂ ਸੁੱਟ ਦਿੱਤਾ ਹੈ ਅਤੇ ਧੜਾ-ਧੜ ਘੱਟ ਰੇਟ 'ਤੇ ਨਰਮਾ ਖਰੀਦ ਰਹੇ ਹਨ।

ਸੀਸੀਆਈ ਨੇ ਪੰਜਾਬ ਵਿਚ 21 ਖ਼ਰੀਦ ਕੇਂਦਰ ਬਣਾਏ ਹਨ ਅਤੇ ਬਠਿੰਡਾ ਜ਼ਿਲ੍ਹੇ ਅੰਦਰ 7 ਕੇਂਦਰਾਂ ਨੂੰ ਮਾਨਤਾ ਦਿੱਤੀ ਗਈ ਹੈ। ਬਠਿੰਡਾ, ਮੋੜ, ਗੋਨਿਆਣਾ ਮੰਡੀ ਵਿਚ ਵਪਾਰੀਆਂ ਵੱਲੋਂ ਨਰਮੇ ਦੇ ਸਰਕਾਰੀ ਭਾਅ ਤੋਂ ਘੱਟ ਚਿੱਟੇ ਸੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਸਰਕਾਰੀ ਭਾਅ 5725 ਰੁਪਏ ਹੈ। ਗੋਨਿਆਣਾ ਵਿਚ ਕਿਸਾਨ ਗੁਰਜੰਟ ਸਿੰਘ ਦਿਓਣ , ਪ੍ਰੀਤਮ ਸਿੰਘ ਦਿਓਣ, ਸਤਨਾਮ ਸਿੰਘ ਆਕਲੀਆ, ਮੁਖ਼ਤਿਆਰ ਸਿੰਘ ਭੋਖੜਾ ਨੇ ਦੱਸਿਆ ਕਿ ਏ.ਬੀ ਕੋਟ ਸਪਿੰਨ ਜੈਤੋ ਵੱਲੋਂ ਚੰਗੇ ਨਰਮੇ ਦੀ ਖ਼ਰੀਦ 4700 ਤੋਂ 4800 ਪ੍ਰਤੀ ਕੁਇੰਟਲ ਕੀਤੀ ਗਈ ਹੈ।

ਕਾਟਨ ਕਰੋਪੋਰੇਸ਼ਨ ਆਫ਼ ਇੰਡੀਆ ਵੱਲੋਂ 1 ਅਕਤੂਬਰ ਤੋਂ ਮੰਡੀਆਂ ਵਿਚ ਨਰਮੇ ਦੀ ਫ਼ਸਲ ਖ਼ਰੀਦਣ ਦਾ ਐਲਾਨ ਕੀਤਾ ਹੋਇਆ ਹੈ ਪਰ ਨਰਮਾ ਮੰਡੀਆਂ ਵਿਚ ਆ ਚੁੱਕਿਆ ਹੈ ਅਤੇ ਵਪਾਰੀ ਇਸ ਨੂੰ ਘੱਟ ਰੇਟ 'ਤੇ ਧੜਾ ਧੜ ਖਰੀਦ ਰਹੇ ਹਨ। ਕਪਾਹ ਨਿਗਮ ਦੇ ਜਰਨਲ ਮੈਨੇਜਰ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਕਪਾਹ ਨਿਗਮ ਖ਼ਰੀਦ ਲਈ ਮੈਦਾਨ ਵਿਚ ਆ ਚੁੱਕਾ ਹੈ ਪਰ ਹਾਲੇ ਤੱਕ ਨਰਮਾ ਉਨ੍ਹਾਂ ਦੀਆਂ ਸ਼ਰਤਾਂ ਮੁਤਾਬਿਕ ਮੰਡੀ ਵਿਚ ਨਹੀਂ ਆਇਆ। ਅਗਲੇ ਹਫ਼ਤੇ ਤੱਕ ਨਰਮੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ।