ਨਨਕਾਣਾ ਸਾਹਿਬ ਘਟਨਾ: ਸਿਰਫਿਰੇ ਫਸਾਦੀ ਤੋਂ ਭਾਰਤ-ਪਾਕਿ ਇਲਜ਼ਾਮ ਤਰਾਸ਼ੀ ਤੱਕ

ਨਨਕਾਣਾ ਸਾਹਿਬ ਘਟਨਾ: ਸਿਰਫਿਰੇ ਫਸਾਦੀ ਤੋਂ ਭਾਰਤ-ਪਾਕਿ ਇਲਜ਼ਾਮ ਤਰਾਸ਼ੀ ਤੱਕ

ਸੁਖਵਿੰਦਰ ਸਿੰਘ
ਸ਼ੁਕਰਵਾਰ ਸ਼ਾਮ ਨੂੰ ਨਨਕਾਣਾ ਸਾਹਿਬ ਵਿਖੇ ਇਮਰਾਨ ਚਿਸ਼ਤੀ ਨਾਮੀਂ ਇੱਕ ਸਿਰਫਿਰੇ ਵਿਅਕਤੀ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਜਨਮ ਅਸਥਾਨ ਦੇ ਬਾਹਰ ਹੜਦੁੰਗ ਮਚਾਇਆ ਤੇ ਸਿੱਖ ਭਾਈਚਾਰੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ। ਮੋਬਾਈਲ ਕੈਮਰਿਆਂ 'ਚ ਰਿਕਾਰਡ ਹੋਈ ਇਹ ਘਟਨਾ ਮਿੰਟਾਂ 'ਚ ਜੰਗਲ ਦੀ ਅੱਗ ਵਾਂਗ ਸਾਰੀ ਦੁਨੀਆ ਤੱਕ ਪਹੁੰਚ ਗਈ। ਸਿੱਖਾਂ ਨੂੰ ਖਤਮ ਕਰਨ ਦੀਆਂ ਧਮਕੀਆਂ ਦੇ ਰਹੀ ਇਸ ਭੀੜ 'ਤੇ ਸਿੱਖਾਂ ਦਾ ਰੋਹ ਜਾਗਣਾ ਸੁਭਾਵਿਕ ਸੀ। 

ਆਮ ਤੌਰ 'ਤੇ ਸਿੱਖਾਂ ਨਾਲ ਜੁੜੀਆਂ ਵੱਡੀਆਂ ਘਟਨਾਵਾਂ ਅਤੇ ਭਾਰਤ ਵਿੱਚ ਸਿੱਖਾਂ ਨੂੰ ਜ਼ਲੀਲ ਕਰਨ ਦਿਨ ਨਿੱਤ ਵਾਪਰਦੀਆਂ ਘਟਨਾਵਾਂ ਬਾਰੇ ਅੱਖਾਂ ਬੰਦ ਕਰਕੇ ਰੱਖਦਾ ਭਾਰਤੀ ਮੀਡੀਆ ਵੀ ਇਸ ਘਟਨਾ ਨੂੰ ਪ੍ਰਮੁੱਖਤਾ ਨਾਲ ਚਲਾਉਣ ਲੱਗਿਆ। ਭਾਰਤੀ ਮੀਡੀਆ ਦਾ ਰਵੱਈਆ ਕੁੱਝ ਅਜਿਹਾ ਸੀ ਜਿਵੇਂ ਦੋ ਭਰਾਵਾਂ ਦੀ ਲੜਾਈ ਦਾ ਸ਼ਰੀਕਾਂ ਨੂੰ ਚਾਅ ਚੜ੍ਹ ਜਾਵੇ ਤੇ ਉਹ ਬਲਦੀ 'ਚ ਤੇਲ ਪਾਉਣ ਦਾ ਹਰ ਜ਼ਰੂਰੀ ਪ੍ਰਬੰਧ ਕਰਦੇ ਫਿਰਨ। ਕੁੱਝ ਪਲਾਂ ਲਈ ਸਿੱਖਾਂ ਦੇ ਫਿਕਰਮੰਦ ਬਣੇ ਇਹਨਾਂ ਚੈਨਲਾਂ 'ਤੇ ਭਾਰਤੀ ਮੁੱਖਧਾਰਾ 'ਚ ਸਿੱਖਾਂ ਦੇ ਅਲੰਬਰਦਾਰ ਬਣੇ ਬਾਦਲ ਦਲ ਨਾਲ ਸਬੰਧਿਤ ਆਗੂਆਂ ਦੇ ਬਿਆਨ ਚੱਲਣੇ ਸ਼ੁਰੂ ਹੋਏ। ਇਹਨਾਂ ਬਿਆਨਾਂ ਦਾ ਸਾਰਾ ਨਿਸ਼ਾਨਾ ਪਾਕਿਸਤਾਨ ਸਰਕਾਰ ਨੂੰ ਬਣਾਇਆ ਜਾ ਰਿਹਾ ਸੀ। ਹਲਾਂਕਿ ਹਰ ਨਿਆਣੇ-ਸਿਆਣੇ ਨੂੰ ਦਿਖ ਰਿਹਾ ਸੀ ਕਿ ਸਥਾਨਕ ਪ੍ਰਸ਼ਾਸਨ ਸਿੱਖਾਂ ਦੇ ਨਾਲ ਖੜ੍ਹਾ ਸੀ ਤੇ ਇਸ ਘਟਨਾ ਦਾ ਦੋਸ਼ੀ ਇੱਕ ਸਿਰਫਿਰਿਆ ਸਖਸ਼ ਸੀ। ਸਾਫ ਪ੍ਰਤੀਤ ਹੋ ਰਿਹਾ ਸੀ ਕਿ ਇਹ ਆਗੂ ਸਿੱਖਾਂ ਦੇ ਨੁਮਾਂਇੰਦੇ ਨਹੀਂ ਬਲਕਿ ਭਾਰਤ-ਪਾਕਿ ਕੂਟਨੀਤੀ ਵਿੱਚ ਭਾਰਤ ਦੇ ਬੁਲਾਰੇ ਹਨ। 


ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਪਾਕਿਸਤਾਨ ਐਂਬੈਸੀ ਬਾਹਰ ਪ੍ਰਦਰਸ਼ਨ ਕਰਦੇ ਹੋਏ

ਭਾਰਤ ਸਰਕਾਰ ਦੇ ਵਿਦੇਸ਼ ਮਹਿਕਮੇ ਵੱਲੋਂ ਵੀ ਮਿੰਟਾਂ ਵਿੱਚ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਤੇ ਧਾਰਮਿਕ ਸਥਾਨਾਂ ਦੀ ਭੰਨਤੋੜ ਅਤੇ ਬੇਅਦਬੀ ਨੂੰ ਰੋਕਦਿਆਂ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। 

ਪਾਕਿਸਤਾਨ ਸਰਕਾਰ ਦੇ ਵਿਦੇਸ਼ ਮਹਿਕਮੇ ਨੇ ਇਸ ਘਟਨਾ ਨੂੰ ਧਾਰਮਿਕ ਰੰਗਤ ਦਿੱਤੇ ਜਾਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਚਾਹ ਦੀ ਦੁਕਾਨ 'ਤੇ ਹੋਈ ਇੱਕ ਲੜਾਈ ਤੋਂ ਵਧਿਆ ਮਸਲਾ ਸੀ ਜਿਸ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਬਿਆਨ ਜਾਰੀ ਕਰਦਿਆਂ ਸਿੱਖਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।

ਜਦੋਂ ਇਸ ਘਟਨਾ ਨੂੰ ਹਵਾ ਦੇ ਕੇ ਚਾਰਾਂ ਪਾਸਿਆਂ ਤੋਂ ਇਹ ਕੋਸ਼ਿਸ਼ ਹੋ ਰਹੀ ਸੀ ਕਿ ਬੀਤੇ ਸਮੇਂ ਤੋਂ ਮਜ਼ਬੂਤ ਹੋਏ ਸਿੱਖ-ਮੁਸਲਿਮ ਸਬੰਧਾਂ ਨੂੰ ਕਮਜ਼ੋਰ ਕੀਤਾ ਜਾਵੇ ਤਾਂ ਸਮੁੱਚਾ ਮੁਸਲਿਮ ਭਾਈਚਾਰਾ ਸਿੱਖਾਂ ਤੋਂ ਅੱਗੇ ਹੋ ਕੇ ਇਸ ਘਟਨਾ ਖਿਲਾਫ ਸਾਹਮਣੇ ਆਇਆ। ਮੁਸਲਿਮ ਧਰਮ ਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਧਾਰਮਿਕ ਆਗੂਆਂ ਨੇ ਇਸ ਸਿਰਫਿਰੇ ਵਿਅਕਤੀ ਨੂੰ ਇਸਲਾਮ ਦਾ ਵਿਰੋਧੀ ਐਲਾਨਿਆ ਤੇ ਸਿੱਖਾਂ ਨਾਲ ਡਟ ਕੇ ਖੜ੍ਹੇ ਹੋਏ। ਨਨਕਾਣਾ ਸਾਹਿਬ ਪ੍ਰਸ਼ਾਸਨ ਨੇ ਸਿਰਫ ਬਿਆਨ ਬਾਜ਼ੀ ਨਾ ਕਰਕੇ ਸਿੱਖਾਂ ਨੂੰ ਸੁਰੱਖਿਆ ਦਾ ਜ਼ਮੀਨੀ ਅਹਿਸਾਸ ਕਰਾਇਆ। ਇਲਾਹੀ ਇਨਸਾਫ ਅਤੇ ਮਜ਼ਹਬੀ ਮੁਹੱਬਤ ਦਾ ਅਕਾਲੀ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਨੇ ਇੱਕ ਵਾਰ ਫੇਰ ਇਸ ਸੁਨੇਹੇ ਨੂੰ ਅਮਲੀ ਰੂਪ ਧਾਰਦਿਆਂ ਵੇਖਿਆ ਜਦੋਂ ਮੁਸਲਿਮ ਧਰਮ ਦੇ ਧਾਰਮਿਕ ਆਗੂਆਂ ਨੇ ਨਨਕਾਣਾ ਸਾਹਿਬ ਦੇ ਉਸੇ ਦਰਵਾਜ਼ੇ 'ਤੇ ਫੁੱਲਾਂ ਦੀ ਬਰਸਾਤ ਕੀਤੀ ਜਿਸ ਦਰਵਾਜ਼ੇ 'ਤੇ ਇੱਕ ਸ਼ਾਮ ਪਹਿਲਾਂ ਕੁੱਝ ਸਿਰਫਿਰਿਆਂ ਵੱਲੋਂ ਪੱਥਰ ਮਾਰਨ ਦੀਆਂ ਖਬਰਾਂ ਆਈਆਂ ਸਨ। ਮੁਸਲਿਮ ਭਾਈਚਾਰੇ ਵੱਲੋਂ ਸਿੱਖਾਂ ਨਾਲ ਖੜ੍ਹਨ ਦਾ ਹੀ ਨਤੀਜਾ ਸੀ ਕਿ ਉਹ ਸਿਰਫਿਰਿਆ ਵਿਅਕਤੀ ਜੋ ਕੁੱਝ ਘੰਟੇ ਪਹਿਲਾਂ ਨਨਕਾਣਾ ਸਾਹਿਬ ਵਿੱਚੋਂ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਗੱਲ ਕਰ ਰਿਹਾ ਸੀ ਅਤੇ ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀ ਗੱਲ ਕਰ ਰਿਹਾ ਸੀ, ਉਸਨੇ ਜਨਤਕ ਰੂਪ ਵਿੱਚ ਸਮੁੱਚੀ ਸਿੱਖ ਕੌਮ ਕੋਲੋਂ ਉਸ ਘਟਨਾ ਲਈ ਮੁਆਫੀ ਮੰਗੀ।


ਪਾਕਿਸਤਾਨ ਐਂਬੈਸੀ ਬਾਹਰ ਪ੍ਰਦਰਸ਼ਨ ਵਿੱਚ ਸ਼ਾਮਿਲ ਭਾਜਪਾ ਦੇ ਬੈਨਰ

ਸਿੱਖਾਂ ਅਤੇ ਮੁਸਲਮਾਨ ਸਿਆਣਿਆਂ ਦੀ ਸਿਆਣਪ ਨੇ ਸ਼ਰੀਕਾਂ ਦੇ ਮਨਸੂਬੇ ਕਾਫੀ ਹੱਦ ਤੱਕ ਨਾਕਾਮ ਕਰ ਦਿੱਤੇ ਹਨ। ਪਰ ਸਿੱਖਾਂ ਦੀਆਂ ਭਾਰਤ ਵਿਚਲੀਆਂ ਸੰਸਥਾਵਾਂ 'ਤੇ ਕਾਬਜ਼ ਸਿੱਖ ਚਿਹਰਿਆਂ ਦਾ ਰਵੱਈਆ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੀ ਰਾਜਨੀਤਕ ਖਿੱਚੋਤਾਣ ਦਾ ਸੱਚ ਸਾਰੀ ਦੁਨੀਆ ਜਾਣਦੀ ਹੈ ਤੇ ਜਿੰਨ੍ਹੀ ਕੁ ਇਹ ਧਰਤੀ ਦੇ ਉੱਤੇ ਨਜ਼ਰੀਂ ਪੈਂਦੀ ਹੈ ਉਸ ਤੋਂ ਕਈ ਗੁਣਾ ਧਰਤੀ ਦੇ ਹੇਠ ਖੂਫੀਆ ਏਜੰਸੀਆਂ ਰਾਹੀਂ ਚਲਦੀ ਹੈ। ਸਿੱਖ ਕੌਮ ਇਹਨਾਂ ਦੋਵਾਂ ਦੀ ਇਸ ਖਿੱਚੋਤਾਣ ਦਾ ਸੰਤਾਪ ਲੰਬੇ ਸਮੇਂ ਤੋਂ ਭੋਗ ਰਹੀ ਹੈ। ਜਿੱਥੇ 1947 ਦੀ ਵੰਡ ਮੌਕੇ ਭਾਰਤ ਨਾਲ ਆਪਣੀ ਕਿਸਮਤ ਜੋੜਨ ਵਾਲੀ ਸਿੱਖ ਕੌਮ ਨੂੰ ਭਾਰਤ ਵਿੱਚ ਵੱਡੇ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਉੱਥੇ ਇਹ ਵੀ ਸੱਚ ਹੈ ਕਿ ਪਾਕਿਸਤਾਨ ਵਿੱਚ '47 ਦੇ ਦੰਗਿਆਂ ਦੇ ਸਮੇਂ ਮਗਰੋਂ ਸਿੱਖਾਂ 'ਤੇ ਕੋਈ ਅਜਿਹਾ ਵੱਡਾ ਸਿੱਧਾ ਹਮਲਾ ਨਹੀਂ ਹੋਇਆ ਜਿਸ ਵਿੱਚ ਸਰਕਾਰ ਦੀ ਸ਼ਮੂਲੀਅਤ ਹੋਵੇ। ਜਦਕਿ ਭਾਰਤ ਵਿੱਚ ਸਰਕਾਰਾਂ ਵੱਲੋਂ ਸਿੱਖਾਂ ਦੇ ਕਤਲੇਆਮ ਕੀਤੇ ਗਏ। ਰਾਜਨੀਤੀ ਅਤੇ ਸਮਾਜ ਵਿਗਿਆਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨਾਲ ਸੁਖਾਵੇਂ ਸਬੰਧ ਸਿੱਖਾਂ ਨੂੰ ਮੁਕਾਬਲਤਨ ਭਾਰਤ ਨਾਲੋਂ ਵੱਧ ਲਾਹੇਵੰਦ ਹੋਣਗੇ। ਪਰ ਸਿੱਖਾਂ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਇੱਕ ਵਿਅਕਤੀ ਵੱਲੋਂ ਕੀਤੀ ਘਟਨਾ ਨੂੰ ਅਧਾਰ ਬਣਾ ਕੇ ਇਹ ਸਿੱਖ ਆਗੂ ਪਾਕਿਸਤਾਨ ਸਰਕਾਰ ਦੀ ਨਵੀਂ ਦਿੱਲੀ ਸਥਿਤ ਐਂਬੈਸੀ ਦੇ ਬਾਹਰ ਧਰਨੇ 'ਤੇ ਜਾ ਬੈਠੇ। 


ਪਾਕਿਸਤਾਨ ਐਂਬੈਸੀ ਬਾਹਰ ਪ੍ਰਦਰਸ਼ਨ ਵਿੱਚ ਸ਼ਾਮਿਲ ਕਾਂਗਰਸ ਦੇ ਬੈਨਰ

ਜਦਕਿ ਦੂਜੇ ਪਾਸੇ ਕੁੱਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਯੋਗੀ ਅਦਿੱਤਿਆਨਾਥ ਸਰਕਾਰ ਦੀ ਪੁਲਿਸ ਨੇ ਨਗਰ ਕੀਰਤਨ ਕੱਢਦੇ ਸਿੱਖਾਂ ਨੂੰ ਰੋਕਿਆ ਤੇ 55 ਸਿੱਖਾਂ ਖਿਲਾਫ ਮਾਮਲਾ ਦਰਜ ਕੀਤਾ ਅਤੇ ਨਿਸ਼ਾਨ ਸਾਹਿਬ ਵੀ ਜ਼ਬਤ ਕਰ ਲਿਆ। ਅੱਜ ਤੱਕ ਇਹਨਾਂ ਸਿੱਖ ਆਗੂਆਂ ਨੇ ਯੋਗੀ ਅਦਿੱਤਿਆਨਥ ਦੇ ਦਫਤਰ ਨੂੰ ਨਹੀਂ ਘੇਰਿਆ। ਉੜੀਸਾ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸਕ ਅਸਥਾਨ ਮੰਗੂ ਮੱਠ ਢਾਹ ਦਿੱਤਾ ਗਿਆ ਉਦੋਂ ਇਹਨਾਂ ਸਿੱਖ ਆਗੂਆਂ ਤੋਂ ਕੋਈ ਧਰਨਾ ਨਹੀਂ ਲੱਗਿਆ। ਅੱਜ ਤੱਕ ਇਹ ਸਿੱਖ ਆਗੂ 1984 ਵਿੱਚ ਹਰਿਦੁਆਰ ਵਿਖੇ ਢਾਹੇ ਗਏ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਵਾਲੀ ਥਾਂ ਦਾ ਪ੍ਰਬੰਧ ਸਿੱਖਾਂ ਨੂੰ ਨਹੀਂ ਦਵਾ ਸਕੇ। ਕਿਸੇ ਵੀ ਸਮੂਹ ਨੂੰ ਉਸਦੇ ਆਗੂ ਹੀ ਦੁਨੀਆ ਦੇ ਮੰਚ 'ਤੇ ਪੇਸ਼ ਕਰਦੇ ਹਨ ਤੇ ਅਜਿਹੇ ਆਗੂ ਸਿੱਖਾਂ ਦਾ ਸਵਾਰਨ ਦੀ ਵਜਾਏ ਵਗਾੜ੍ਹ ਵੱਧ ਰਹੇ ਹਨ। 

ਇਸ ਸਾਰੇ ਸਮੇਂ ਦੌਰਾਨ ਪਾਕਿਸਤਾਨ ਦੇ ਸਿੱਖ ਨੁਮਾਂਇੰਦਿਆਂ ਵੱਲੋਂ ਅਤੇ ਚੜ੍ਹਦੇ ਪੰਜਾਬ ਤੇ ਵਿਦੇਸ਼ਾਂ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਬੜੇ ਸੁਲਝੇ ਢੰਗ ਨਾਲ ਮਸਲੇ 'ਤੇ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਤੇ ਪਾਕਿਸਤਾਨ ਸਰਕਾਰ ਨੂੰ ਕਿਹਾ ਗਿਆ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।