ਨਨਕਾਣਾ ਸਾਹਿਬ ਵਿੱਚ ਫਸਾਦ ਦੇ ਦੋਸ਼ੀ ਖਿਲਾਫ ਅੱਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ

ਨਨਕਾਣਾ ਸਾਹਿਬ ਵਿੱਚ ਫਸਾਦ ਦੇ ਦੋਸ਼ੀ ਖਿਲਾਫ ਅੱਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ
ਇਮਰਾਨ ਚਿਸ਼ਤੀ

ਨਨਕਾਣਾ ਸਾਹਿਬ: ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਫਸਾਦ ਕਰਨ ਵਾਲੇ ਫਸਾਦੀ ਇਮਰਾਨ ਚਿਸ਼ਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਅਜ਼ਹਰ ਮਸ਼ਵਾਨੀ ਨੇ ਟਵਿੱਟਰ 'ਤੇ ਕੈਦਖਾਨੇ ਅੰਦਰ ਬੰਦ ਇਮਰਾਨ ਚਿਸ਼ਤੀ ਦੀ ਤਸਵੀਰ ਸਾਂਝੀ ਕਰਦਿਆਂ ਇਸ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ।

ਮਸ਼ਵਾਨੀ ਨੇ ਦੱਸਿਆ ਕਿ ਇਸ ਵਿਅਕਤੀ ਖਿਲਾਫ ਅੱਤਵਾਦ ਵਿਰੋਧੀ ਕਾਨੂੰਨ ਦੀ ਧਾਰਾ 7, ਪਾਕਿਸਤਾਨ ਪੈਨਲ ਕੋਡ ਦੀ ਧਾਰਾ 295ਏ (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ), 290, 291, 341, 506, 148 ਅਤੇ 149 ਅਧੀਨ ਮਾਮਲਾ ਦਰਜ ਕੀਤਾ ਹੈ। 

ਅੱਤਵਾਦ ਵਿਰੋਧੀ ਕਾਨੂੰਨ ਦੀ ਧਾਰਾ ਲੱਗਣ ਨਾਲ ਹੁਣ ਦੋਸ਼ੀ ਇਮਰਾਨ ਚਿਸ਼ਤੀ ਨੂੰ ਜ਼ਮਾਨਤ ਵੀ ਨਹੀਂ ਮਿਲ ਸਕਦੀ। 

ਮਸ਼ਵਾਨੀ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਮਰਾਨ ਚਿਸ਼ਤੀ ਦੇ ਰਿਸ਼ਤੇਦਾਰਾਂ ਦੀ ਚਾਹ ਦੀ ਦੁਕਾਨ 'ਤੇ ਮੁਸਲਮਾਨ ਗਾਹਕ ਨਾਲ ਲੜਾਈ ਹੋ ਗਈ ਸੀ ਤੇ ਇਹਨਾਂ ਵੱਲੋਂ ਗਾਹਕ ਦੀ ਕੁੱਟਮਾਰ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਇਹਨਾਂ 'ਤੇ ਕਾਰਵਾਈ ਕੀਤੀ ਗਈ ਤਾਂ ਇਸ ਨੇ ਇਹ ਧਰਮ ਨੂੰ ਅਧਾਰ ਬਣਾ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਡਰਾਮਾ ਕੀਤਾ। 

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਇਜਾਜ਼ ਸ਼ਾਹ ਨੇ ਬੀਤੇ ਕੱਲ੍ਹ ਨਨਕਾਣਾ ਸਾਹਿਬ ਵਿਖੇ ਪਹੁੰਚ ਕੇ ਸਿੱਖ ਭਾਈਚਾਰੇ ਨੂੰ ਸੁਰੱਖਿਆ ਦਾ ਯਕੀਨ ਦਵਾਇਆ। ਉਹਨਾਂ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਜਲਦ ਹੀ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਸੀ। ਇਮਰਾਨ ਖਾਨ ਨੇ ਕਿਹਾ ਸੀ ਕਿ ਇਹ ਘਟਨਾ ਉਹਨਾਂ ਦੀ ਸੋਚ ਦੇ ਉਲਟ ਹੈ ਅਤੇ ਇਸ ਨੂੰ ਉਹ ਬਿਲਕੁਲ ਵੀ ਸਹਿਣ ਨਹੀਂ ਕਰਨਗੇ। 

ਇਸ ਦੇ ਨਾਲ ਹੀ ਉਹਨਾਂ ਭਾਰਤ ਵਿੱਚ ਘੱਟਗਿਣਤੀਆਂ 'ਤੇ ਹੁੰਦੇ ਹਮਲਿਆਂ ਨਾਲੋਂ ਇਸ ਘਟਨਾ ਨੂੰ ਵੱਖ ਕਰਦਿਆਂ ਕਿਹਾ ਸੀ ਕਿ ਭਾਰਤ ਵਿੱਚ ਆਰ.ਐਸ.ਐਸ ਦੀ ਸੋਚ ਵਾਲੀ ਨਰਿੰਦਰ ਮੋਦੀ ਸਰਕਾਰ ਘੱਟਗਿਣਤੀਆਂ 'ਤੇ ਜ਼ੁਲਮਾਂ ਦਾ ਸਮਰਥਨ ਕਰਦੀ ਹੈ ਅਤੇ ਮੁਸਲਮਾਨਾਂ 'ਤੇ ਹਮਲੇ ਉਸ ਦੇ ਅਜੈਂਡੇ ਦਾ ਹਿੱਸਾ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।