ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿਖੇ ਚੜ੍ਹਦੀਕਲਾ ਨਾਲ ਮਨਾਇਆ ਗਿਆ ਗੁਰਪੁਰਬ

ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿਖੇ ਚੜ੍ਹਦੀਕਲਾ ਨਾਲ ਮਨਾਇਆ ਗਿਆ ਗੁਰਪੁਰਬ

ਨਿਊਯਾਰਕ/ ਨਨਕਾਣਾ ਸਾਹਿਬ (ਗੋਗਨਾ): ਬੀਤੇਂ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੂਰੇ ਸੰਸਾਰ ਵਿੱਚ ਸਿੱਖ ਸੰਗਤਾਂ ਵੱਲੋਂ ਪੋਹ ਦੇ ਦੇਸੀ ਮਹੀਨੇ ਤੇ ਜਨਵਰੀ ਵਿੱਚ ਮਨਾਇਆ ਗਿਆ। ਇਸ ਮੌਕੇ ਸਜੇ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਅਤੇ ਢਾਡੀ ਵਾਰਾਂ ਗਾਈਆਂ ਗਈਆਂ। ਲੰਗਰਾਂ ਦੀ ਸੇਵਾ 'ਚ ਸੰਗਤਾਂ ਵੱਲੋਂ ਅਥਾਹ ਸੇਵਾ ਕੀਤੀ ਗਈ। ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿਖੇ ਵੀ ਬੜੀ ਚੜ੍ਹਦੀਕਲਾ ਤੇ ਜਾਹੋ ਜਲਾਲ ਨਾਲ ਦਸਮੇਸ਼ ਪਿਤਾ ਦਾ ਗੁਰਪੁਰਬ ਮਨਾਇਆ ਗਿਆ। ਪਿਛਲੇ ਦਿਨੀਂ ਨਨਕਾਣਾ ਸਾਹਿਬ ਵਿਖੇ ਕੁਝ ਅਨਸਰਾਂ ਕਰਕੇ ਹਾਲਾਤ ਥੋੜੇ ਖਰਾਬ ਨਜ਼ਰ ਆ ਰਹੇ ਸਨ, ਪਰ ਗੁਰੂ ਦੀ ਕ੍ਰਿਪਾ ਸਦਕਾ ਸਬੰਧਤ ਅਨਸਰਾਂ ਨੇ ਮੁਆਫੀ ਮੰਗਕੇ ਹਾਲਾਤਾਂ ਨੂੰ ਆਮ ਵਰਗਾ ਕਰ ਦਿੱਤਾ ਤੇ ਪ੍ਰਸ਼ਾਸਨ ਵੱਲੋਂ ਉਕਤ ਵਿਅਕਤੀ ਨੂੰ ਘ੍ਰਿਫਤਾਰ ਕਰਨ ਦੀਆਂ ਵੀ ਖਬਰਾਂ ਹਨ। ਜਿਸ ਸਦਕਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪਿਛਲੇ ਸਾਲਾਂ ਨਾਲ ਵੱਧ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਇਮਰਾਨ ਗੁੰਦਲ ਸੈਕਟਰੀ ਸ਼ਰਾਇਨ ਪਾਕਿਸਤਾਨ ਦੇ ਹਵਾਲੇ ਨਾਲ ਇਸ ਸਾਲ ਸੰਗਤਾਂ ਦਾ ਇਕੱਠ ਦੁੱਗਣਾ ਸੀ। ਨਨਕਾਣਾ ਸਾਹਿਬ ਤੜਕੇ ਤੋਂ ਹੀ ਸੰਗਤਾਂ ਦਾ ਆਉਣਾ-ਜਾਣਾ ਬਣਿਆ ਰਿਹਾ। ਉਸੇ ਤਰ੍ਹਾਂ ਕਰਤਾਰਪੁਰ ਸਾਹਿਬ ਵੀ ਸੰਗਤਾਂ ਦਾ ਇਕੱਠ ਸਾਰੇ ਹੱਦ ਬੰਨੇ ਪਾਰ ਕਰ ਗਿਆ ਹੈ। ਸੰਗਤਾਂ ਨੂੰ ਵੱਖ-ਵੱਖ ਜਥਿਆਂ ਨੇ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਪੰਜਾਬ ਦੇ ਪੀਰ ਸੱਯਦ ਸ਼ਾਹ ਮੰਤਰੀ ਪੰਜਾਬ, ਪੀਰ ਰਾਜਾ ਅਲੀ ਸ਼ਾਹ ਗੱਦੀ ਨਸ਼ੀਨ ਸਾਈਂ ਮੀਆਂ ਮੀਰ ਦਰਬਾਰ, ਬ੍ਰਿਗੇਡੀਅਰ ਅਯਾਜ਼ ਸ਼ਾਹ ਇਨਟੀਰੀਅਰ, ਮੀਆਂ ਮੋਮਨ ਅਰਸ਼ੀਦ ਪ੍ਰੋਵਿਨਸਲ ਮੰਤਰੀ ਨੇ ਵੀ ਵਿਸ਼ੇਸ਼ ਤੋਰ 'ਤੇ ਸ਼ਿਰਕਤ ਕੀਤੀ। ਜਿੱਥੇ ਇਨ੍ਹਾਂ ਨੇ ਦ੍ਰਿੜ ਸੁਨੇਹਾ ਦਿੱਤਾ ਕਿ ਪਾਕਿਸਤਾਨ ਸਰਕਾਰ ਅਤੇ ਮੁਸਲਿਮ ਭਾਈਚਾਰਾ ਸਿੱਖ ਭਾਈਚਾਰੇ ਨਾਲ ਖੜ੍ਹਾ ਹੈ, ਉੱਥੇ ਉਨ੍ਹਾਂ ਕਿਹਾ ਕਿ ਇਸ ਰਿਸ਼ਤੇ ਵਿੱਚ ਕਦੇ ਵੀ ਦਰਾੜ ਨਹੀਂ ਪੈ ਸਕਦੀ।

ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਸੁਨੇਹਾ ਦਿੱਤਾ ਕਿ ਜੋ ਹਾਲਾਤ ਖਰਾਬ ਕਰ ਰਹੇ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸਬੰਧਤ ਵਿਅਕਤੀ ਨੇ ਮੁਆਫੀ ਮੰਗ ਲਈ ਹੈ, ਫਿਰ ਵੀ ਇਸ ਦੀ ਤਹਿ ਤੱਕ ਜਾ ਕੇ ਅਸਲੀਅਤ ਨੂੰ ਸਿੱਖ ਭਾਈਚਾਰੇ ਸਾਹਮਣੇ ਮੈਂ ਲਿਆਵਾਂਗਾ। ਉਨ੍ਹਾਂ ਕਿਹਾ ਕਿ ਕੁਝ ਲੋਕੀਂ ਹਿੰਦੋਸਤਾਨ ਵਿੱਚ ਸਿਆਸੀ ਰੋਟੀਆਂ ਸੇਕ ਰਹੇ ਹਨ ਅਤੇ ਹਾਲਾਤ ਨੂੰ ਖਰਾਬੀ ਵਾਲੇ ਪਾਸੇ ਲਿਜਾ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸ਼ਾਂਤੀ ਦਾ ਸਬੂਤ ਦੇਣ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ। ਇਮਰਾਨ ਖਾਨ ਨੇ ਕਿਹਾ ਕਿ ਇਸ ਸਾਲ ਦੇ ਗੁਰਪੁਰਬ ਦਾ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਵਿਖੇ ਇਕੱਠ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸਬੂਤ ਰਿਹਾ ਹੈ।

ਇਮਰਾਨ ਗੁੰਦਲ ਸੈਕਟਰੀ ਧਾਰਮਿਕ ਥਾਂਵਾਂ ਪਾਕਿਸਤਾਨ ਨੇ ਦੱਸਿਆ ਕਿ ਗੁਰੂਆਂ-ਪੀਰਾਂ ਦੇ ਸੁਨੇਹੇ ਅਤੇ ਸਿੱਖਿਆਵਾਂ ਸਾਨੂੰ ਜੋੜਨ ਅਤੇ ਮਜ਼ਬੂਤੀ ਨਾਲ ਵਿਚਰਨ ਲਈ ਭਾਈਚਾਰੇ ਵੱਲ ਤੋਰਦੀਆਂ ਹਨ। ਸਾਨੂੰ ਇਸ ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਦੋਹਾਂ ਥਾਂਵਾਂ ਤੇ ਇੱਕ ਸਮੇਂ ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਦੇ ਗੁਰਪੁਰਬ  ਮਨਾਏ ਗਏ ਜੋ ਕਿ ਸੰਗਤਾਂ ਦੀ ਅਦੁੱਤੀ ਸ਼ਾਨ, ਜਾਹੋ ਜਲਾਲ ਅਤੇ ਭਾਈਚਾਰਕ ਸਾਂਝ ਦਾ ਸਬੂਤ ਦੇ ਗਏ। ਇਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਸੇਵਾ ਭਾਵਨਾ ਸਲਾਹੁਣਯੋਗ ਸੀ। ਸਮੁੱਚਾ ਭਾਈਚਾਰਾ ਖੁਸ਼ੀ ਅਤੇ ਪਿਆਰ ਵੰਡਦਾ ਆਮ ਨਜ਼ਰ ਆਇਆ ਤੇ ਇੱਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਲੋਕਾਂ ਨੂੰ ਵੇਖਣਾ ਸਮੁੱਚੀ ਕੌਮ ਲਈ ਬੜੀ ਫਖਰ ਵਾਲੀ ਗੱਲ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।