ਨਾਗਾਲੈਂਡ ਦੇ ਬਾਗੀਆਂ ਅਤੇ ਭਾਰਤ ਸਰਕਾਰ ਦਰਮਿਆਨ ਦਿੱਲੀ ਵਿਚ ਹੋਈ ਬੈਠਕ

ਨਾਗਾਲੈਂਡ ਦੇ ਬਾਗੀਆਂ ਅਤੇ ਭਾਰਤ ਸਰਕਾਰ ਦਰਮਿਆਨ ਦਿੱਲੀ ਵਿਚ ਹੋਈ ਬੈਠਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਾਗਾਲੈਂਡ ਵਿਚ ਅਜ਼ਾਦੀ ਲਈ ਲੜਾਈ ਲੜਨ ਵਾਲੀ ਧਿਰ ਐਨਐਸਸੀਐਨ-ਆਈਐਮ ਅਤੇ ਭਾਰਤ ਸਰਕਾਰ ਦਰਮਿਆਨ ਦਿੱਲੀ ਵਿਖੇ ਬੀਤੇ ਕੱਲ੍ਹ ਇਕ ਅਹਿਮ ਬੈਠਕ ਹੋਈ ਹੈ। ਭਾਰਤ ਸਰਕਾਰ ਵੱਲੋਂ ਬਾਗੀਆਂ ਨਾਲ ਗੱਲ ਕਰਨ ਲਈ ਨਿਯੁਕਤ ਕੀਤੇ ਗਏ ਨਾਗਾਲੈਂਡ ਦੇ ਗਵਰਨਰ ਆਰ.ਐਨ ਰਵੀ ਇਸ ਬੈਠਕ ਵਿਚੋਂ ਗੈਰ ਹਾਜ਼ਰ ਰਹੇ। ਜਾਣਕਾਰੀ ਮੁਤਾਬਕ ਇਸ ਬੈਠਕ ਵਿਚ ਭਾਰਤੀ ਇੰਟੈਲੀਜੈਂਸ ਬਿਊਰੋ (ਆਈ.ਬੀ) ਦੇ ਉੱਚ ਅਫਸਰ ਸ਼ਾਮਲ ਹੋਏ।

ਦੱਸ ਦਈਏ ਕਿ ਭਾਰਤ ਦੇ ਉੱਤਰ ਪੂਰਬੀ ਇਲਾਕੇ ਵਿਚ ਐਨਐਸਸੀਐਨ-ਆਈਐਮ ਸਭ ਤੋਂ ਵੱਡੀ ਬਾਗੀ ਧਿਰ ਹੈ। ਇਹਨਾਂ ਬਾਗੀਆਂ ਅਤੇ ਭਾਰਤ ਸਰਕਾਰ ਦਰਮਿਆਨ 23 ਸਾਲਾਂ ਤੋਂ ਗੋਲੀਬੰਦੀ ਸਮਝੌਤਾ ਹੋਇਆ ਹੈ, ਤੇ ਦੋਵਾਂ ਦਰਮਿਆਨ ਰਾਜਨੀਤਕ ਸਮਝੌਤੇ ਲਈ ਗੱਲਬਾਤ ਚੱਲ ਰਹੀ ਹੈ। ਬਾਗੀਆਂ ਵੱਲੋਂ ਭਾਰਤ ਦੇ ਵਿਚੋਲਗੀ ਲਈ ਨਿਯੁਕਤ ਗਵਰਨਰ ਰਵੀ ਬਾਰੇ ਇਤਰਾਜ਼ ਸਨ ਜਿਸਨੂੰ ਰਵੀ ਦੀ ਬੈਠਕ ਵਿਚੋਂ ਗੈਰ ਹਾਜ਼ਰੀ ਦਾ ਕਾਰਨ ਵੀ ਮੰਨਿਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਦੋਵਾਂ ਧਿਰਾਂ ਦਰਮਿਆਨ ਚੱਲ ਰਹੀ ਰਾਜਨੀਤਕ ਸਮਝੌਤੇ ਦੀ ਗੱਲਬਾਤ ਪਿਛਲੇ ਸਾਲ 31 ਅਕਤੂਬਰ ਨੂੰ ਅਸਹਿਮਤੀਆਂ ਦੇ ਚਲਦਿਆਂ ਟੁੱਟ ਗਈ ਸੀ। ਹੁਣ ਭਾਰਤ ਸਰਕਾਰ ਦੁਬਾਰਾ ਗੱਲਬਾਤ ਨੂੰ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।