ਮੁਸਲਮਾਨ ਨੇਤਾ ਅਮਰੀਕਾ ਦੇ ਵਿਰੋਧ ਵਿਚ
*ਬਲਿੰਕਨ ਅਤੇ ਅਰਬ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮੀਟਿੰਗ ਬੇਸਿੱਟਾ ਰਹੀ
ਗਾਜ਼ਾ ਪੱਟੀ ’ਚ ਯੁੱਧਬੰਦੀ ’ਤੇ ਗੱਲਬਾਤ ਲਈ ਜਾਰਡਨ ਦੀ ਰਾਜਧਾਨੀ ਅਮਾਨ ’ਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਰਬ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਇੱਕ ਮੀਟਿੰਗ ਹੋਈ, ਜੋ ਬੇਸਿੱਟਾ ਰਹੀ। ਇਸ ਮੀਟਿੰਗ ਵਿਚ ਅਮਰੀਕਾ ਅਤੇ ਅਰਬ ਵਰਲਡ ਦੇ ਸਹਿਯੋਗੀ ਦੇਸ਼ਾਂ ਵਿਚਾਲੇ ਮਤਭੇਦ ਹੋਰ ਵਧ ਗਏ। ਜਾਰਡਨ ਦੇ ਵਿਦੇਸ਼ ਮੰਤਰੀ ਵੱਲੋਂ ਬੁਲਾਏ ਗਏ ਸਿਖਰ ਸੰਮੇਲਨ ’ਚ ਅਮਰੀਕੀ ਵਿਦੇਸ਼ ਮੰਤਰੀ ਤੋਂ ਇਲਾਵਾ ਮਿਸਰ, ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਦੇ ਸਿਖਰਲੇ ਨੇਤਾਵਾਂ ਦੇ ਨਾਲ-ਨਾਲ ਫਲਸਤੀਨੀ ਮੁਕਤੀ ਸੰਗਠਨ (ਪੀ ਐੱਲ ਓ) ਦੇ ਜਨਰਲ ਸਕੱਤਰ ਵੀ ਸ਼ਾਮਲ ਹੋਏ। ਸੰਮੇਲਨ ’ਚ ਅਰਬ ਨੇਤਾਵਾਂ ਨੇ ਗਾਜ਼ਾ ’ਚ ਤੁਰੰਤ ਯੁੱਧਬੰਦੀ ਦਾ ਸੱਦਾ ਦਿੱਤਾ, ਪਰ ਬਲਿੰਕਨ ਨੇ ਉਨ੍ਹਾਂ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਗਾਜ਼ਾ ਪੱਟੀ ’ਚ ਯੁੱਧਬੰਦੀ ਨਾਲ ਹਮਾਸ ਨੂੰ ਫਿਰ ਤੋਂ ਇਕੱਠਾ ਹੋਣ ਅਤੇ ਇਜ਼ਰਾਈਲ ’ਤੇ ਇੱਕ ਹੋਰ ਹਮਲਾ ਸ਼ੁਰੂ ਕਰਨ ਦਾ ਸਮਾਂ ਮਿਲ ਜਾਵੇਗਾ।
ਇਸ ਤੋਂ ਪਹਿਲਾਂ ਜਾਰਡਨ ਦੇ ਵਿਦੇਸ਼ ਮੰਤਰੀ ਅਯਮਾਨ ਸਫਾਦੀ ਅਤੇ ਮਿਸਰ ਦੇ ਵਿਦੇਸ਼ ਮੰਤਰੀ ਸਮੇਹ ਹਸਨ ਸ਼ੌਕਰੀ ਨੇ ਅਮਰੀਕਾ ਦੇ ਉਸ ਤਰਕ ਨੂੰ ਖਾਰਜ ਕਰ ਦਿੱਤਾ, ਜਿਸ ’ਚ ਕਿਹਾ ਗਿਆ ਸੀ ਕਿ ਇਜ਼ਰਾਇਲ ਨੂੰ ਆਪਣੀ ਰੱਖਿਆ ਦਾ ਅਧਿਕਾਰ ਹੈ। ਸਫ਼ਾਦੀ ਨੇ ਕਿਹਾ, ‘ਅਸੀਂ ਇਹ ਸਵੀਕਾਰ ਨਹੀਂ ਕਰਦੇ ਕਿ ਇਹ ਖੁਦ ਦੀ ਰੱਖਿਆ ਹੈ। ਇਸ ਨੂੰ ਕਿਸੇ ਵੀ ਬਹਾਨੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਨਾਲ ਨਾ ਤਾਂ ਇਜ਼ਰਾਇਲ ਨੂੰ ਸੁਰੱਖਿਆ ਮਿਲੇਗੀ ਅਤੇ ਨਾ ਹੀ ਖੇਤਰ ਵਿਚ ਸ਼ਾਂਤੀ ਆਵੇਗੀ।’
ਮਿਸਰ ਦੇ ਵਿਦੇਸ਼ ਮੰਤਰੀ ਸਮੇਹ ਸ਼ੌਕਰੀ ਨੇ ਕਿਹਾ, ‘ਇਜ਼ਰਾਈਲ ਨਿਰਦੋਸ਼ ਨਾਗਰਿਕਾਂ, ਮੈਡੀਕਲ ਸੁਵਿਧਾਵਾਂ ਅਤੇ ਪੈਰਾ-ਮੈਡੀਕਲ ਨੂੰ ਨਿਸ਼ਾਨਾ ਬਣਾ ਕੇ ਸਮੂਹਿਕ ਸਜ਼ਾ ਦੇ ਰਿਹਾ ਹੈ। ਇਸ ਤੋਂ ਇਲਾਵਾ ਫਲਸਤੀਨੀਆਂ ਨੂੰ ਆਪਣੀ ਜ਼ਮੀਨ ਛੱਡਣ ਅਤੇ ਪਲਾਇਨ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਕਿਸੇ ਵੀ ਸੂਰਤ ’ਚ ਕਾਨੂੰਨੀ ਸਵੈ-ਸੁਰੱਖਿਆ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਸਹੀ ਠਹਿਰਾਇਆ ਜਾਣਾ ਚਾਹੀਦਾ ਹੈ।’
ਸਿਖਰ ਸੰਮੇਲਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਇੱਕ ਹੀ ਨਕਤੇ ’ਤੇ ਅੜੇ ਰਹੇ। ਪੱਤਰਕਾਰ ਸੰਮੇਲਨ ’ਚ ਵੀ ਜਾਰਡਨ ਅਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨੇ ਤਤਕਾਲ ਯੁੱਧਬੰਦੀ ਦਾ ਸੱਦਾ ਦਿੱਤਾ ਅਤੇ ਗਾਜ਼ਾ ’ਚ ਇਜ਼ਰਾਇਲੀ ਹਮਲੇ ਦੀ ਸਖ਼ਤ ਨਿੰਦਾ ਕੀਤੀ।
Comments (0)