ਕ੍ਰਾਂਤੀਕਾਰੀ ਰਹਿਬਰ ਭਗਤ ਨਾਮਦੇਵ ਜੀ ਮਹਾਰਾਜ
12 ਨਵੰਬਰ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼
ਦਲਬੀਰ ਸਿੰਘ ਧਾਲੀਵਾਲ
ਭਗਤ ਨਾਮਦੇਵ ਜੀ ਦਾ ਆਗਮਨ ਕੱਤਕ ਸੁਦੀ 11, ਸਾਕਾ ਸੰਮਤ 1192 ਨੂੰ ਮਹਾਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹਿੰਗੋਲੀ (ਪੁਰਾਣਾ ਜ਼ਿਲ੍ਹਾ ਪ੍ਰਭਣੀ) ਦੇ ਕਸਬਾ ਰੂਪ ਪਿੰਡ ਨਰਸੀ ਬਾਮਣੀ ਵਿਖੇ ਹੋਇਆ ਸੀ, ਜਿੱਥੇ ਅੱਜਕੱਲ੍ਹ ਇਕ ਆਲੀਸ਼ਾਨ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋ ਚੁੱਕਿਆ ਹੈ । ਇਹ ਪਿੰਡ ਹਜ਼ੂਰ ਸਾਹਿਬ (ਨੰਦੇੜ) ਤੋਂ 100 ਕਿਲੋਮੀਟਰ ਤੇ ਹਿੰਗੋਲੀ ਤੋਂ 16 ਕਿਲੋਮੀਟਰ ਦੂਰ ਹੈ। ਇੱਥੋਂ ਦੀ ਸਰਕਾਰ ਨੇ ਹੁਣ ਇਸ ਦਾ ਨਾਂ ਨਰਸੀ ਨਾਮਦੇਵ ਰੱਖ ਦਿੱਤਾ ਹੈ । ਇਤਿਹਾਸਕਾਰਾਂ ਅਨੁਸਾਰ ਨਾਮਦੇਵ ਜੀ ਦੇ ਪਿਤਾ ਜੀ ਦਾ ਨਾਂ ਦਾਮਸੇਠ, ਮਾਤਾ ਦਾ ਨਾਂ ਗੋਨਾਬਾਈ ਸੀ। ਉਨ੍ਹਾਂ ਦੀ ਇੱਕੋ ਹੀ ਭੈਣ ਸੀ, ਜਿਸ ਦਾ ਨਾਂ ਔਬਾਈ ਲਿਖਿਆ ਗਿਆ ਹੈ । ਆਪ ਜੀ ਦੇ ਮਾਤਾ-ਪਿਤਾ ਛੀਂਬਾ ਜਾਤੀ ਦੇ ਹੋਣ ਕਾਰਨ ਕੱਪੜੇ ਸਿਉਂਣ ਤੇ ਰੰਗਣ ਦਾ ਕੰਮ ਕਰਦੇ ਸਨ । ਆਪ ਜੀ ਨੇ ਸੁਰਤ ਸੰਭਾਲਦਿਆਂ ਹੀ ਆਪਣੇ ਆਸ-ਪਾਸ ਪਸਰੇ ਹੋਏ ਉਸ ਮਾਹੌਲ ਨੂੰ ਗਹੁ ਨਾਲ ਵਾਚਣਾ ਸ਼ੁਰੂ ਕਰ ਦਿੱਤਾ, ਜਿੱਥੇ ਦਲਿਤ, ਗ਼ਰੀਬ ਤੇ ਕਮਜ਼ੋਰ ਲੋਕਾਂ ਨੂੰ ਸਹੀ ਧਾਰਮਿਕ ਅਤੇ ਸਮਾਜਿਕ ਗਿਆਨ ਤੋਂ ਦੂਰ ਰੱਖਦਿਆਂ ਉਸ ਸਮੇਂ ਦੇ ਪਖੰਡੀ ਤੇ ਪੁਜਾਰੀ ਸਿਸਟਮ ਦਾ ਸ਼ਿਕਾਰ ਤਾਂ ਬਣਾਇਆ ਹੀ ਜਾ ਰਿਹਾ ਸੀ ਪਰ ਇਸ ਦੇ ਨਾਲ ਹੀ ਹੁਕਮਰਾਨਾਂ ਵੱਲੋਂ ਜੋ ਜ਼ੁਲਮ ਇਨ੍ਹਾਂ ਉੱਪਰ ਢਾਏ ਜਾ ਰਹੇ ਸਨ, ਜਿਸ ਪ੍ਰਤੀ ਭਗਤ ਨਾਮਦੇਵ ਜੀ ਨੇ ਸੱਚੀ ਪ੍ਰਭੂ ਭਗਤੀ ਦੀ ਅਰਾਧਨਾ ਕਰਦਿਆਂ ਆਪਣੇ ਗਿਆਨ ਦਾ ਸਹੀ ਨਜ਼ਰੀਆ ਇਨ੍ਹਾਂ ਗ਼ਰੀਬ ਲੋਕਾਂ ਵਿਚ ਫੈਲਾ ਕੇ ਉਨ੍ਹਾਂ ਦੇ ਮਨਾਂ ’ਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ । ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਅੱਤਿਆਚਾਰੀ ਧਾਰਮਿਕ ਪਖੰਡੀਆਂ ਦੀ ਬੇਖ਼ੌਫ਼ ਤੇ ਨਿਧੜਕ ਹੋ ਕੇ ਨਿਖੇਧੀ ਕੀਤੀ ਜਿਵੇਂ ਉਨ੍ਹਾਂ ਦੀ ਬਾਣੀ ਹੈ :-
ਹਿੰਦੂ ਅੰਨ੍ਹਾ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥
ਸਮਾਜ ਸੁਧਾਰ ਦਾ ਚੁੱਕਿਆ ਬੀੜਾ
ਉਨ੍ਹਾਂ ਸਮਿਆਂ ਵਿਚ ਕਿਸੇ ਉੱਚ ਸ਼੍ਰੇਣੀ ਦੇ ਵਿਅਕਤੀ ਵੱਲੋਂ ਬ੍ਰਾਹਮਣਵਾਦ ਦੀ ਕੀਤੀ ਨੁਕਤਾਚੀਨੀ ਤਾਂ ਬਰਦਾਸ਼ਤ ਹੋ ਸਕਦੀ ਸੀ ਪਰ ਇਹ ਗੱਲ ਬਿਲਕੁਲ ਸਹਿਣ ਨਹੀਂ ਸੀ ਹੋ ਸਕਦੀ ਸੀ ਕਿ ਕੋਈ ਦਲਿਤ ਵਿਅਕਤੀ ਬ੍ਰਾਹਮਣਵਾਦ ਵਿਰੂਧ ਆਪਣੀ ਜ਼ੁਬਾਨ ਖੋਲ੍ਹਣ ਦੀ ਜੁਰਅਤ ਵੀ ਕਰੇ ਪਰ ਭਗਤ ਨਾਮਦੇਵ ਜੀ ਨੇ ਉਦੋਂ ਸਮਾਜ ਸੁਧਾਰਕ ਤੇ ਕ੍ਰਾਂਤੀਕਾਰੀ ਲਫ਼ਜ਼ ਆਪਣੀ ਬਾਣੀ ਰਾਹੀ ਕਹੇ, ਜਿਸ ਲਈ ਆਪ ਜੀ ਨੂੰ ਇਕ ਬਹੁਤ ਵੱਡੇ ਸਮਾਜ ਸੁਧਾਰਕ ਤੇ ਕ੍ਰਾਂਤੀਕਾਰੀ ਮਹਾਪੁਰਖ ਵੀ ਕਿਹਾ ਜਾ ਸਕਦਾ ਹੈ। ਆਪ ਜੀ ਦੀ ਬਾਣੀ ਦੱਸਦੀ ਹੈ ਕਿ ਅੰਨ੍ਹੀ ਧਾਰਮਿਕ ਕੱਟੜਤਾ ਈਰਖਾ ਨੂੰ ਜਨਮ ਦਿੰਦੀ ਹੈ । ਲੋਕ ਮੰਦਰ, ਮਸਜਿਦ ਤੇ ਹੋਰ ਧਰਮ ਸਥਾਨਾਂ ਦੇ ਨਾਂ ’ਤੇ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਹਨ ਪਰ ਉਨ੍ਹਾਂ ਵਿਚ ਨੈਤਿਕ ਤੇ ਦੈਵੀ ਗੁਣ ਖਤਮ ਹੋ ਜਾਂਦੇ ਹਨ, ਜਿਸ ਪ੍ਰਤੀ ਭਗਤ ਨਾਮਦੇਵ ਜੀ ਨੇ ਆਪਣੇ ਵਿਚਾਰ ਇੰਝ ਪ੍ਰਗਟ ਕੀਤੇ ਹਨ :
ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ॥
ਮੂਰਤੀ ਪੂਜਾ ਦੇ ਸਖ਼ਤ ਖ਼ਿਲਾਫ਼
ਭਗਤ ਨਾਮਦੇਵ ਜੀ ਦੇ ਗੁਰੂ ਵਿਸ਼ੋਭਾ ਖੇਚਰ ਸਨ, ਜੋ ਮੂਰਤੀ ਪੂਜਾ ਦੇ ਸਖ਼ਤ ਵਿਰੋਧੀ ਸਨ। ਉਨ੍ਹਾਂ ਨੇ ਇਹ ਬਾਣੀ ਵੀ ਉਚਾਰੀ ਹੈ ਕਿ ‘ਪਾਸ਼ਨਾ-ਚਾ ਦੇਵ ਬੇਲਚੇ ਨਾ ਕਧੀ’ ਭਾਵ ਪੱਥਰ ਦੇ ਦੇਵਤੇ ਕਦੇ ਬੋਲਦੇ ਨਹੀਂ । ਗੁਰੂ ਧਾਰਨ ਉਪਰੰਤ ਭਗਤ ਨਾਮਦੇਵ ਜੀ ਨਿਰਾਕਾਰ ਪ੍ਰਭੂ ਦੀ ਹੋਰ ਦਿ੍ੜਤਾ ਨਾਲ ਅਰਾਧਨਾ ਵਿਚ ਲੱਗ ਗਏ, ਉਹ ਹਰ ਸ਼ੈਅ ਤੇ ਪ੍ਰਾਣੀ ’ਚ ਵਿਆਪਕ ਪ੍ਰਭੂ ਵੇਖਣ ਲੱਗੇ। ਇਸ ਲਈ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਤੇ ਬਰਾਬਰ ਸਮਝਣ ਦਾ ਸੰਦੇਸ਼ ਵੀ ਦਿੱਤਾ ਹੈ । ਉਨ੍ਹਾਂ ਨੇ ਆਪਣੇ ਗੁਰੂ ਜੀ ਦੀ ਵਿਚਾਰਧਾਰਾ ਤੋਂ ਪ੍ਰਾਪਤ ਕੀਤੇ ਗਿਆਨ ਅਨੁਸਾਰ ਹੀ ਇਹ ਪਾਵਨ ਬਚਨ ਉਚਾਰਨ ਕੀਤੇ ਹਨ :
ਏਕੈ ਪਾਥਰ ਕੀਜੈ ਭਾਉ॥
ਦੂਜੈ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥
ਕਹਿ ਨਾਮਦੇਉ, ਹਮ ਹਰਿ ਕੀ ਸੇਵਾ॥
ਭਾਵ ਅਜੀਬ ਗੱਲ ਹੈ ਕਿ ਇਕ ਪੱਥਰ ਨੂੰ ਦੇਵਤਾ ਬਣਾ ਕੇ ਪੂਜਿਆ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਰੱਖਿਆ ਜਾਂਦਾ ਹੈ । ਜੇ ਪੂੁਜਣ ਵਾਲਾ ਪੱਥਰ ਕੋਈ ਫਲ ਦੇ ਸਕਦਾ ਹੈ ਤਾਂ ਦੂਜੇ ਨੂੰ ਵੀ ਅਜਿਹਾ ਫਲ ਦੇਣਾ ਚਾਹੀਦਾ ਹੈ । ਨਾਮਦੇਵ ਜੀ ਕਹਿੰੰਦੇ ਹਨ ਕਿ ਪੱਥਰਾਂ ਨੂੰ ਛੱਡ ਕੇ ਸੱਚੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਜੇ ਭਗਤ ਨਾਮਦੇਵ ਜੀ ਦੇ ਇਤਿਹਾਸ ਦੀ ਪੂਰੀ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੀ ਬਾਣੀ ’ਚ ਪ੍ਰਭੂ ਦੀ ਸੱਚੀ ਭਗਤੀ ਕਰਨ ਵਾਲਿਆਂ ਨੂੰ ਤੀਰਥ ਯਾਤਰਾ, ਯੱਗਾਂ ਵਿਚ ਬਲੀਆਂ ਦੇਣਾ, ਵਰਤ ਰੱਖਣੇ, ਮੂਰਤੀ ਪੂਜਾ ਆਦਿ ਅੰਧ ਵਿਸ਼ਵਾਸਾਂ, ਧਾਰਮਿਕ ਭੇਖਾਂ ਤੇ ਵਰਣ ਵੰਡ ’ਤੇ ਆਧਾਰਿਤ ਜਾਤ-ਪਾਤ ਜਿਹੇ ਵਿਕਾਰਾਂ ਤੋਂ ਵਰਜਿਆ ਹੈ । ਇਸ ਤਰ੍ਹਾਂ ਆਪ ਜੀ ਦੀ ਬਾਣੀ ਵਿਚ ਪ੍ਰਗਟਾਏ ਵਿਚਾਰ ਗੁਰਬਾਣੀ ਨਾਲ ਮਿਲਦੇ ਜੁਲਦੇ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿਚ ਜੋ ‘ਨਾਮ ਜਪੋ ਤੇ ਕਿਰਤ ਕਰੋ’ ਦਾ ਉਪਦੇਸ਼ ਖ਼ੁਦ ਖੇਤਾਂ ਵਿਚ ਹਲ ਚਲਾ ਕੇ ਦਿੱਤਾ ਸੀ, ਉਵੇਂ ਹੀ ਭਗਤ ਨਾਮਦੇਵ ਜੀ ਨੇ ਤਾਂ ਇਸ ਤੋਂ 200 ਸਾਲ ਪਹਿਲਾਂ ਹੀ 13ਵੀਂ ਸਦੀ ਵਿਚ ਹੀ ਅਜਿਹੀ ਵਿਚਾਰਧਾਰਾ ਪ੍ਰਗਟ ਕੀਤੀ ਸੀ।
ਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ
ਆਖ਼ਰੀ ਦਿਨਾਂ ’ਚ ਭਗਤ ਨਾਮਦੇਵ ਜੀ ਮਹਾਰਾਸ਼ਟਰ ਤੋਂ ਪੰਜਾਬ ਆ ਗਏ ਸਨ । ਆਪ ਜੀ ਨੇ ਜੀਵਨ ਦੇ ਆਖ਼ਰੀ ਲਗਭਗ 20 ਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਗੁਜ਼ਾਰੇ ਸਨ, ਜਿੱਥੇ ਉਹ 15 ਜਨਵਰੀ, 1350 ਨੂੰ ਅਕਾਲ ਚਲਾਣਾ ਕਰ ਗਏ । ਇਤਿਹਾਸਕਾਰ ਪੂਰਨ ਸਿੰਘ ਦੇ ਲਿਖੇ ਮੁਤਾਬਿਕ ਇਸ ਜਗ੍ਹਾ ’ਤੇ ਮੁਹੰਮਦ ਤੁਗ਼ਲਕ ਦੇ ਪੁੱਤਰ ਫ਼ਿਰੋਜ਼ ਤੁਗਲਕ ਨੇ ਉਨ੍ਹਾਂ ਦੀ ਸਮਾਧ ਬਣਵਾਈ ਸੀ, ਜੋ ਅੱਜ ਤਕ ਵੀ ਮੌਜੂਦ ਹੈ । ਹੁਣ ਇੱਥੇ ਇਕ ਸ਼ਾਨਦਾਰ ਗੁਰੂ ਘਰ ਵੀ ਬਣਾਇਆ ਗਿਆ ਹੈ । ਇੱਥੇ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੁੰਦੀ ਹੈ। ਇੱਥੇ ਹਰ ਸਾਲ ਮਾਘ ਦੀ ਦੂਜ ਨੂੰ ਭਾਰੀ ਮੇਲਾ ਲੱਗਦਾ ਹੈ । ਅਜੋਕੇ ਦੌਰ ’ਚ ਜਦੋਂ ਸਾਡੀ ਮਨੁੱਖਤਾ ਧਾਰਮਿਕ, ਸਮਾਜਿਕ, ਰਾਜਨੀਤਕ ਤੇ ਆਰਥਿਕ ਪੱਖੋਂ ਆਪਸੀ ਭੇਦ-ਭਾਵ, ਗ਼ੈਰ-ਇਖ਼ਲਾਕੀ ਕਦਰਾਂ-ਕੀਮਤਾਂ ਤੇ ਅਨਿਸ਼ਚਿਤਤਾ ਵਾਲੇ ਮਾਹੌਲ ’ਚੋਂ ਗੁਜ਼ਰ ਰਹੀ ਹੈ ਤਾਂ ਅਜਿਹੇ ਸਮੇਂ ਸਾਨੂੰ ਸਭ ਨੂੰ ਭਗਤ ਨਾਮਦੇਵ ਜੀ ਦੀ ਬਾਣੀ ਤੋਂ ਸਿੱਖਿਆ ਲੈਣ ਦੀ ਸਖ਼ਤ ਜ਼ਰੂਰਤ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਿਲ ਕੀਤੀ ਬਾਣੀ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮਦੇਵ ਜੀ ਦੀ ਬਾਣੀ ਉਨ੍ਹਾਂ ਦੇ ਸ਼ਰਧਾਲੂਆਂ ਤੋਂ ਇਕੱਤਰ ਕੀਤੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਂ ਉਸ ਨੂੰ ਵੱਖ- ਵੱਖ ਰਾਗਾਂ ਵਿਚ ਸਤਿਕਾਰ ਸਹਿਤ ਦਰਜ ਕੀਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 61 ਸ਼ਬਦ, 18 ਰਾਗਾਂ ਵਿਚ ਦਰਜ ਮਿਲਦੇ ਹਨ । ਆਪ ਜੀ ਦੀ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਵਿਚ ਦਰਜ ਹੈ, ਉਹ ਉਸ ਸਮੇਂ ਦੇ ਭਾਰਤ ਦੀ ਸਰਬਸਾਂਝੀ ਬੋਲੀ ਵਿਚ ਹੈ ਜੋ ਆਮ ਤੌਰ ’ਤੇ ਸਾਧ ਭਾਖਾ ਹੀ ਹੈ । ਕਈ ਲਫ਼ਜ਼ ਮਰਾਠੀ, ਪ੍ਰਾਕਿ੍ਰਤ, ਸੰਸਕਿ੍ਰਤ ਤੇ ਫ਼ਾਰਸੀ ਦੇ ਵੀ ਵਰਤੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਆਪ ਜੀ ਦੇ ਨਾਂ ਦੀ ਬਾਣੀ ਭਾਰੀ ਮਾਤਰਾ ’ਵਿਚ ਬਾਣੀ ਦੇ ਰੂਪ ਵਿਚ ਮਿਲਦੀ ਹੈ, ਜੋ ਮਰਾਠੀ ਵਿਚ ਹੈ ਤੇ ਕੁਝ ਸ਼ਬਦ ਹਿੰਦੀ ਵਿਚ ਵੀ ਹਨ । ਇਸ ਬਾਣੀ ਦੇ ਸੰਗ੍ਰਹਿ ਨੂੰ ਨਾਮਦੇਵ ਗਾਥਾ ਕਿਹਾ ਜਾਂਦਾ ਹੈ। ਅੱਜ ਸਾਡਾ ਸਮਾਜ ਫੋਕੇ ਵਹਿਮਾਂ- ਭਰਮਾਂ ਤੇ ਗ਼ਲਤ ਰਿਵਾਜਾਂ ਵਿਚ ਫਸ ਕੇ ਕਰਜ਼ੇ ਤੇ ਅਨਪੜ੍ਹਤਾ ਦਾ ਸ਼ਿਕਾਰ ਹੋ ਰਿਹਾ ਹੈ, ਉਸ ਨੂੰ ਭਗਤ ਨਾਮਦੇਵ ਜੀ ਦੀ ਬਾਣੀ ਉੱਤੇ ਜ਼ਰੂਰ ਅਮਲ ਕਰਨਾ ਚਾਹੀਦਾ ਹੈ।
ਸੰਜੀਵਨੀ ਬੂਟੀ ਸਾਬਤ ਹੋਈ ਭਗਤੀ ਲਹਿਰ
ਸਾਡੇ ਪੁਰਾਤਨ ਭਾਰਤੀ ਸਮਾਜ ਵਿਚ ਭਗਤ ਨਾਮਦੇਵ ਜਿਹੇ ਧਾਰਮਿਕ ਮਹਾਪੁਰਖਾਂ ਦਾ ਆਗਮਨ ਜਦੋਂ 12ਵੀਂ-13ਵੀਂ ਸਦੀ ਵਿੱਚ ਹੋਇਆ ਤਾਂ ਉਦੋਂ ਇੱਥੇ ਜਾਤ-ਪਾਤ, ਊੁਚ- ਨੀਚ ਤੇ ਵਰਣ ਵੰਡ ਦੇ ਸਿਸਟਮ ਜਿਹੀਆਂ ਕੁਰੀਤੀਆਂ ’ਚ ਭਾਰਤੀ ਸਮਾਜ ਜਕੜਿਆ ਹੋਇਆ ਸੀ, ਜਿਸ ਵਿਚ ਬ੍ਰਾਹਮਣਵਾਦੀ ਤੇ ਧਨਾਢ ਲੋਕਾਂ ਦਾ ਬੋਲਬਾਲਾ ਸੀ । ਅਜਿਹੇ ਸਮਿਆਂ ’ਚ ਇੱਥੇ ਭਗਤੀ ਲਹਿਰ ਸ਼ੁਰੂ ਹੋਈ ਜੋ ਸਮਾਜ ਸੁਧਾਰਕ ਤੇ ਨਵੀਂ ਕ੍ਰਾਂਤੀ ਦਾ ਧਾਰਮਿਕ ਸੰਦੇਸ਼ ਦਿੰਦੀ ਸੀ। ਇਹ ਲਹਿਰ ਉਦੋਂ ਦੇ ਦੱਬੇ ਕੁਚਲੇ ਤੇ ਲਤਾੜੇ-ਪਛਾੜੇ ਲੋਕਾਂ ਲਈ ਇਕ ਸੰਜੀਵਨੀ ਬੂਟੀ ਸਾਬਤ ਹੋਈ।
-
Comments (0)