ਰਣਜੀਤ ਨਗਾਰਾ ਜਥੇਬੰਦੀ ਨੇ ਜਿਹਲਮ ਵਿਖੇ ਪੈਸੇ ਦੇਕੇ ਮਾਤਾ ਸਾਹਿਬ ਕੌਰ ਦਾ ਅਸਥਾਨ ਮੁਕਤ ਕਰਵਾਇਆ

ਰਣਜੀਤ ਨਗਾਰਾ ਜਥੇਬੰਦੀ ਨੇ ਜਿਹਲਮ ਵਿਖੇ ਪੈਸੇ ਦੇਕੇ ਮਾਤਾ ਸਾਹਿਬ ਕੌਰ ਦਾ ਅਸਥਾਨ ਮੁਕਤ ਕਰਵਾਇਆ

ਪਾਕਿ 'ਚ ਪਹਿਲੀ ਵਾਰ ਖਰੀਦੀ ਖ਼ਾਲਸਾ ਪੰਥ ਦੇ ਨਾਂਅ 'ਤੇ 3.5 ਏਕੜ ਭੂਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਵਿਖੇ ਇਤਿਹਾਸਕ ਰੋਹਤਾਸ ਕਿਲ੍ਹੇ ਦੇ ਅੰਦਰ ਮੌਜੂਦ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਚੋਆ ਸਾਹਿਬ ਦੀ ਸੁੰਦਰੀਕਰਨ ਅਤੇ ਨਵਉਸਾਰੀ ਮੁਕੰਮਲ ਕਰਵਾਉਣ ਵਾਲੀ ਮਨਟੀਕਾ, ਕੈਲੀਫੋਰਨੀਆ (ਯੂ. ਐੱਸ. ਏ.) ਆਧਾਰਿਤ ਸੰਸਥਾ ਰਣਜੀਤ ਨਗਾਰਾ ਵਲੋਂ ਜਲਦੀ ਕਿਲ੍ਹੇ ਵਿਚ ਮੌਜੂਦ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਨੂੰ ਵਿਸ਼ਾਲ ਰੂਪ ਦਿੱਤੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਉਕਤ ਜਥੇਬੰਦੀ ਨੇ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਪਾਕਿ ਵਿਚ ਖ਼ਾਲਸਾ ਪੰਥ ਦੇ ਨਾਂਅ 'ਤੇ 3.5 ਏਕੜ ਭੂਮੀ ਖਰੀਦੀ ਹੈ | ਜਿਸ 'ਤੇ ਰਣਜੀਤ ਨਗਾਰਾ ਸਮੇਤ ਕਿਸੇ ਵੀ ਹੋਰ ਜਥੇਬੰਦੀ ਜਾਂ ਸਰਕਾਰੀ ਅਦਾਰੇ ਦਾ ਖ਼ਾਲਸਾ ਪੰਥ ਦੇ ਇਲਾਵਾ ਅਧਿਕਾਰ ਨਹੀਂ ਹੋਵੇਗਾ । ਉਕਤ ਜਥੇਬੰਦੀ ਦੇ ਡਾਇਰੈਕਟਰ ਸਤਪ੍ਰੀਤ ਸਿੰਘ ਨੇ ਦੱਸਿਆ ਕਿ ਕਿਲ੍ਹਾ ਰੋਹਤਾਸ ਦੇ ਖ਼ਾਸ਼ਕਾਨੀ ਅਤੇ ਕਸ਼ਮੀਰੀ ਗੇਟ ਦੇ ਵਿਚਕਾਰ ਸਥਾਪਿਤ ਮਾਤਾ ਸਾਹਿਬ ਕੌਰ ਜੀ ਦਾ ਜਨਮ ਅਸਥਾਨ ਸਿਰਫ਼ 10 ਫੁੱਟ ਗੁਣਾ 10 ਫੁੱਟ ਦੇ ਸਾਧਾਰਨ ਦੇ ਕਮਰੇ ਵਿਚ ਮੌਜੂਦ ਸੀ । ਉਨ੍ਹਾਂ ਦੱਸਿਆ ਕਿ ਉਕਤ ਮੁਕੱਦਸ ਅਸਥਾਨ 'ਤੇ ਜਿਹਲਮ ਦੀ ਬੀਬੀ ਪਰਵੀਨ ਅਖ਼ਤਰ ਅਤੇ ਉਸ ਦੇ ਪੁੱਤਰਾਂ ਮੁਹੰਮਦ ਜਾਸਿਰ ਤੇ ਮੁਹੰਮਦ ਹਨੀਫ਼ ਦਾ ਕਬਜ਼ਾ ਕਾਇਮ ਸੀ | ਜਿਨ੍ਹਾਂ ਨੂੰ ਜਿਹਲਮ ਦੇ ਡਿਪਟੀ ਕਮਿਸ਼ਨਰ ਰਾਓ ਪਰਵੇਜ਼ ਅਖ਼ਤਰ, ਸਹਾਇਕ ਕਮਿਸ਼ਨਰ ਵੱਕਾਰ ਹੁਸੈਨ, ਪੁਰਾਤਤਵ ਵਿਭਾਗ ਦੇ ਅਧਿਕਾਰੀ ਇਮਰਾਨ ਮਸੂਦ ਅਤੇ ਰਾਜਾ ਵੱਕਾਰ ਦੀ ਮੌਜੂਦਗੀ 'ਚ 20 ਲੱਖ ਰੁਪਏ ਦੀ ਅਦਾਇਗੀ ਕਰਕੇ ਇਹ ਅਸਥਾਨ ਕਬਜ਼ਾ ਮੁਕਤ ਕਰਵਾਇਆ ਗਿਆ । ਇਸ ਦੇ ਬਾਅਦ ਉਕਤ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਰ ਲੱਖਾਂ ਰੁਪਇਆਂ ਦੀ ਅਦਾਇਗੀ ਕਰਕੇ ਜਨਮ ਅਸਥਾਨ ਦੇ ਨਾਲ ਲਗਦੀ 3.5 ਏਕੜ ਭੂਮੀ ਖਰੀਦੀ ਗਈ ਤਾਂ ਕਿ ਅਸਥਾਨ ਨੂੰ ਵਿਸ਼ਾਲ ਰੂਪ ਦਿੱਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਇਸ ਭੂਮੀ ਦੇ ਚੁਫੇਰੇ 10 ਫੁੱਟ ਉੱਚੀ ਕੰਧ ਉਸਾਰੀ ਗਈ ਹੈ । ਉਨ੍ਹਾਂ ਪਾਕਿ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਕਤ ਅਸਥਾਨ ਦੀ ਉਸਾਰੀ ਸਿੱਖ ਕੌਮ ਲਈ ਬੇਹੱਦ ਜ਼ਰੂਰੀ ਹੈ ਅਤੇ ਅਸਥਾਨ ਦੀ ਉਸਾਰੀ ਮੁਕੰਮਲ ਹੋਣ 'ਤੇ ਦੇਖ-ਰੇਖ ਅਤੇ ਸੇਵਾ ਸੰਭਾਲ ਲਈ ਇਸ ਦੀ ਜ਼ਿੰਮੇਵਾਰੀ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਵੇਗੀ ।