ਮੋਦੀ ਸਰਕਾਰ  ਭਗਵੇਂ ਏਜੰਡਿਆਂ ਨੂੰ ਪੂਰਾ ਕਰਨ ਲਈ ਸਰਗਰਮ

ਮੋਦੀ ਸਰਕਾਰ  ਭਗਵੇਂ ਏਜੰਡਿਆਂ ਨੂੰ ਪੂਰਾ ਕਰਨ ਲਈ ਸਰਗਰਮ

*ਪਿਛਲੇ ਸਾਢੇ ਨੌਂ ਸਾਲ ਦੇ ਸਮੇਂ ਦੌਰਾਨ ਮੋਦੀ ਨੇ ਸੰਵਿਧਾਨਕ ਸੰਸਥਾਵਾਂ ਨੂੰ ਆਪਣੀਆਂ ਗੁਲਾਮ ਬਣਾਇਆ

*ਚੋਣ ਕਮਿਸ਼ਨ ਦੀ ਨਿਰਪੱਖ ਭੂਮਿਕਾ ਵੀ ਖ਼ਤਮ 

*ਹੁਣ ਯੂ ਜੀ ਸੀ ਤੇ ਐੱਨ ਸੀ ਈ ਆਰ ਟੀ ਵਿਭਾਗ ਪੂਰੀ ਤਨਦੇਹੀ ਨਾਲ ਪਾਠਕ੍ਰਮਾਂ ਵਿੱਚ ਤਬਦੀਲੀ ਕਰਨ ਵਿੱਚ ਰੁਝੇ 

ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਦੇ ਅੰਤਲੇ ਸਾਲ ਆਪਣੇ ਰਹਿੰਦੇ ਏਜੰਡਿਆਂ ਨੂੰ ਪੂਰਾ ਕਰਨ ਲਈ ਪੂਰੀ ਤੇਜ਼ੀ ਨਾਲ ਲੱਗੀ ਹੋਈ ਹੈ। ਪਿਛਲੇ ਸਾਢੇ ਨੌਂ ਸਾਲ ਦੇ ਸਮੇਂ ਦੌਰਾਨ ਉਸ ਨੇ ਲੱਗਭੱਗ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਆਪਣੀਆਂ ਗੁਲਾਮ ਬਣਾ ਲਿਆ ਹੈ। ਈ ਡੀ, ਸੀ ਬੀ ਆਈ ਤੇ ਆਮਦਨ ਟੈਕਸ ਵਿਭਾਗ ਨੇ ਵਿਰੋਧੀ ਪਾਰਟੀਆਂ ਵਿਰੁੱਧ ਉਹ ਹਰ ਹੱਥਕੰਡਾ ਵਰਤਿਆ, ਜੋ ਹਕੂਮਤ ਚਾਹੁੰਦੀ ਸੀ। ਇਨ੍ਹਾਂ ਏਜੰਸੀਆਂ ਦੀ ਵਰਤੋਂ ਕਰਕੇ ਭਾਜਪਾ ਸਰਕਾਰ ਨੇ ਵਿਰੋਧੀ ਸਰਕਾਰਾਂ ਨੂੰ ਤੋੜਣ ਲਈ ਵਿਧਾਇਕਾਂ ਨੂੰ ਡਰਾ ਕੇ ਆਪਣੇ ਪਾਲੇ ਵਿੱਚ ਲਿਆਂਦਾ ਤੇ ਸਰਕਾਰਾਂ ਬਣਾਈਆਂ। ਇਹ ਸਿਲਸਿਲਾ ਹਾਲੇ ਤੱਕ ਵੀ ਜਾਰੀ ਹੈ। ਚੋਣ ਕਮਿਸ਼ਨ ਦੀ ਨਿਰਪੱਖ ਭੂਮਿਕਾ ਵੀ ਖ਼ਤਮ ਕਰ ਦਿੱਤੀ ਗਈ ਹੈ। ਨਿਆਂਪਾਲਿਕਾ ਨੂੰ ਨੱਥ ਪਾਉਣ ਦੇ ਲਗਾਤਾਰ ਯਤਨ ਜਾਰੀ ਹਨ।

ਹੁਣ ਯੂਨੀਅਨ ਗਰਾਂਟਸ ਕਮਿਸ਼ਨ (ਯੂ ਜੀ ਸੀ) ਤੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨ ਸੀ ਈ ਆਰ ਟੀ) ਵਿਭਾਗ ਪੂਰੀ ਤਨਦੇਹੀ ਨਾਲ ਪਾਠਕ੍ਰਮਾਂ ਵਿੱਚ ਤਬਦੀਲੀ ਕਰਨ ਵਿੱਚ ਰੁਝੇ ਹੋਏ ਹਨ, ਜਿਹੜੀ ਸੱਤਾਧਾਰੀ ਧਿਰ ਦੀ ਵਿਚਾਰਧਾਰਾ ਲਈ ਲਾਹੇਵੰਦ ਹੈ।

ਨਵੀਂ ਸਿੱਖਿਆ ਨੀਤੀ ਸਾਡੇ ਸਿੱਖਿਆ ਢਾਂਚੇ ਦੇ ਬੁਨਿਆਦੀ ਸਰੂਪ ਨੂੰ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਇਸ ਰਾਹੀਂ ਵਿਦਿਆਰਥੀਆਂ ਦੇ ਦਿਮਾਗਾਂ ਵਿੱਚ ਹਿੰਦੂ ਰਾਸ਼ਟਰ ਦਾ ਕੂੜਾ-ਕਰਕਟ ਭਰਨ ਦੀ ਕੋਸ਼ਿਸ਼ ਹੋਵੇਗੀ।

ਯੂ ਜੀ ਸੀ ਵੱਲੋਂ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਸਭ ਕਾਲਜਾਂ ਵਿੱਚ ‘ਸੈਲਫੀ ਪੁਆਇੰਟ’ ਬਣਾਏ ਜਾਣ, ਜਿਸ ਦੇ ਪਿਛੋਕੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹੋਵੇ। ਇਹ ਸਿੱਧੇ ਤੌਰ ਉਤੇ ਲੋਕਤੰਤਰਿਕ ਅਸੂਲਾਂ ਦੀ ਉਲੰਘਣਾ ਹੈ। ਇਹ ਉਦੋਂ ਕੀਤਾ ਜਾ ਰਿਹਾ ਹੈ, ਜਦੋਂ 2024 ਦੀਆਂ ਲੋਕ ਸਭਾ ਚੋਣਾਂ ਸਿਰ ਉੱਤੇ ਹਨ।

ਇਸ ਦੇ ਨਾਲ ਹੀ ਇਹ ਨਿਰਦੇਸ਼ ਵੀ ਦਿੱਤਾ ਗਿਆ ਹੈ ਕਿ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਹਿੱਸੇ ਵਜੋਂ ‘ਮਹਾਂਭਾਰਤ’ ਤੇ ‘ਰਮਾਇਣ’ ਦੀ ਪੜ੍ਹਾਈ ਕਰਾਈ ਜਾਵੇ। ਸਵਾਲ ਇਹ ਵੀ ਹੈ ਕਿ ਕਿਹੜੀ ਰਮਾਇਣ। ਏ ਕੇ ਰਾਮਾਨੁਜਨ ਦੇ ਇੱਕ ਲੇਖ ਮੁਤਾਬਕ ਵੱਖ-ਵੱਖ ਭਾਸ਼ਾਵਾਂ ਤੇ ਇਲਾਕਿਆਂ ਵਿੱਚ 300 ਦੇ ਕਰੀਬ ਰਮਾਇਣਾਂ ਹਨ। ਇਹ ਲੇਖ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਸੀ, ਪਰ ਏ ਬੀ ਵੀ ਪੀ ਦੇ ਵਿਰੋਧ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਸੀ। ਅਸਲ ਵਿੱਚ ਹਿੰਦੂਤਵੀ ਇੱਕ ਵਿਸ਼ੇਸ਼ ਰਮਾਇਣ ਦੀ ਹੀ ਵਕਾਲਤ ਕਰਦੇ ਹਨ, ਜੋ ਉਨ੍ਹਾਂ ਦੀ ਸਨਾਤਨੀ ਵਿਚਾਰਧਾਰਾ ਨੂੰ ਮਜ਼ਬੂਤ ਕਰਦੀ ਹੈ।

ਹੁਣ ਇਹ ਵੀ ਹੁਕਮ ਜਾਰੀ ਹੋ ਗਿਆ ਹੈ ਕਿ ‘ਇੰਡੀਆ’ ਸ਼ਬਦ ਦੀ ਥਾਂ ਉਤੇ ਭਾਰਤ ਲਿਖਿਆ ਜਾਵੇ। ਇਸ ਲਈ ਇਹ ਕਿਹਾ ਜਾ ਰਿਹਾ ਹੈ ਕਿ ਇੰਡੀਆ ਨਾਂਅ ਅੰਗਰੇਜ਼ਾਂ ਨੇ ਦਿੱਤਾ ਸੀ, ਇਸ ਲਈ ਇਹ ਗੁਲਾਮੀ ਦਾ ਪ੍ਰਤੀਕ ਹੈ। ਹਾਲਾਂਕਿ ਸੱਚਾਈ ਇਹ ਹੈ ਕਿ ਅੰਗਰੇਜ਼ਾਂ ਤੋਂ ਪਹਿਲਾਂ ਵੀ ਭਾਰਤ ਨੂੰ ਇੰਡੀਆ ਨਾਲ ਮਿਲਦੇ-ਜੁਲਦੇ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਈਸਾ ਪੂਰਬ 303 ਵਿੱਚ ਮੈਗਜਥਨੀਜ਼ ਨੇ ਇਸ ਦੇਸ਼ ਨੂੰ ਇੰਡਿਕਾ ਕਿਹਾ ਸੀ।

ਸਿੱਖਿਆ ਖੇਤਰ ਨਾਲ ਜੁੜੀਆਂ ਯੂ ਜੀ ਸੀ ਤੇ ਐੱਨ ਸੀ ਈ ਆਰ ਟੀ ਦਾ ਇੱਕੋ ਏਜੰਡਾ ਹੈ ਹਿੰਦੂ ਰਾਸ਼ਟਰਵਾਦ। ਇਨ੍ਹਾਂ ਸੰਸਥਾਵਾਂ ਵਿੱਚ ਬੈਠੇ ਸੰਘੀ ਅਗਿਆਨੀਆਂ ਦਾ ਇੱਕੋ-ਇੱਕ ਕੰਮ ਸਮੁੱਚੇ ਇਤਿਹਾਸ ਨੂੰ ਬਦਲ ਕੇ ਅਜਿਹੇ ਗੈਰ-ਵਿਗਿਆਨਕ ਤੇ ਅੰਧ-ਵਿਸ਼ਵਾਸੀ ਸਮਾਜ ਦੀ ਸਿਰਜਣਾ ਹੈ, ਜਿਹੜਾ ਸੋਚਣ ਤੋਂ ਅਸਮਰੱਥ ਹੋ ਜਾਵੇ।