ਕੱਟੜਵਾਦੀ ਹੁਕਮਰਾਨ ਸਿੱਖਾਂ ਨੂੰ ਕਛਹਿਰੇ ਉਪਰ ਖਾਕੀ ਨਿੱਕਰਾ ਪਵਾਉਣ ਦੇ ਸਿੱਖ ਵਿਰੋਧੀ ਕਰ ਰਹੇ ਹਨ ਅਮਲ: ਮਾਨ
ਧਾਰਾ 370 ਖਤਮ ਕਰਣ ਨਾਲ ਕੱਟੜਵਾਦੀ ਹੁਕਮਰਾਨਾਂ ਤੇ ਪਾਰਟੀਆ ਨੂੰ ਖੁਸ਼ੀ ਹੋ ਸਕਦੀ ਹੈ, ਸਿੱਖ ਕੌਮ ਨੂੰ ਨਹੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 14 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਸਿੱਖ ਕੌਮ ਇਸ ਇੰਡੀਆਂ ਮੁਲਕ ਦੇ ਨਾਗਰਿਕ ਹਨ । ਉਨ੍ਹਾਂ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰਦੇ ਹੋਏ ਜੋ ਆਨੰਦ ਮੈਰਿਜ ਐਕਟ ਜੰਮੂ-ਕਸ਼ਮੀਰ ਵਿਚ ਲਾਗੂ ਹੋ ਚੁੱਕਿਆ ਹੈ, ਇਹ ਕੋਈ ਵੱਡੀ ਮਾਰਕੇ ਵਾਲੀ ਗੱਲ ਤਾਂ ਨਹੀ ਹੋਈ, ਜਦੋਕਿ ਇਹ ਆਨੰਦ ਮੈਰਿਜ ਐਕਟ ਤਾਂ ਸਮੁੱਚੀ ਪਾਰਲੀਮੈਂਟ ਵਿਚ ਪੂਰਨ ਬਹੁਮੱਤ ਨਾਲ ਪਾਸ ਹੋ ਕੇ ਸਮੁੱਚੇ ਇੰਡੀਆਂ ਵਿਚ ਲਾਗੂ ਹੋਣਾ ਚਾਹੀਦਾ ਹੈ । ਜਿਸ ਨਾਲ ਸਿੱਖ ਕੌਮ ਦੀ ਆਪਣੀ ਵੱਖਰੀ, ਅਣਖੀਲੀ ਪਹਿਚਾਣ ਕੌਮਾਂਤਰੀ ਪੱਧਰ ਤੇ ਹੋਰ ਉਜਾਗਰ ਹੋ ਸਕੇ । ਜੋ ਹੁਕਮਰਾਨਾਂ ਨੇ ਜੰਮੂ-ਕਸ਼ਮੀਰ ਦੇ ਕਸ਼ਮੀਰੀ ਨਿਵਾਸੀਆਂ ਦੀ ਸੰਪੂਰਨ ਖੁਦਮੁਖਤਿਆਰੀ ਨੂੰ ਪ੍ਰਵਾਨ ਕਰਦੀ ਧਾਰਾ 370 ਖਤਮ ਕੀਤੀ ਹੈ, ਉਸ ਨਾਲ ਕੱਟੜਵਾਦੀ ਹੁਕਮਰਾਨਾਂ ਤੇ ਪਾਰਟੀਆ ਨੂੰ ਤਾਂ ਖੁਸ਼ੀ ਹੋ ਸਕਦੀ ਹੈ, ਸਿੱਖ ਕੌਮ ਨੂੰ ਨਹੀ । ਕਿਉਂਕਿ ਸਿੱਖ ਕੌਮ ਤਾਂ ਖੁਦ ਆਪਣੀ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਦੀ ਖੁਦਮੁਖਤਿਆਰੀ ਨੂੰ ਪ੍ਰਾਪਤ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਜੱਦੋ-ਜਹਿਦ ਕਰਦੀ ਆ ਰਹੀ ਹੈ। ਜਿਸ ਜਮਹੂਰੀਅਤ ਵਿਧਾਨ ਲੀਹਾਂ ਤੇ ਕਦਰਾਂ ਕੀਮਤਾਂ ਨੂੰ ਹੁਕਮਰਾਨਾਂ ਨੇ ਇੰਡੀਆ ਵਿਚ ਜ਼ਬਰੀ ਕੁੱਚਲਿਆ ਹੋਇਆ ਹੈ, ਇਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀਆਂ ਵਿਚ ਹੁਕਮਰਾਨਾਂ ਪ੍ਰਤੀ ਦਿਨ-ਬ-ਦਿਨ ਰੋਹ ਵੱਧਦਾ ਜਾ ਰਿਹਾ ਹੈ । ਜਿਸਦੇ ਨਤੀਜੇ ਕਦਾਚਿੱਤ ਲਾਹੇਵੰਦ ਨਹੀ ਹੋ ਸਕਣਗੇ । ਇਸ ਲਈ ਘੱਟ ਗਿਣਤੀ ਕੌਮਾਂ ਵਿਚ ਆਪਣੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਨੂੰ ਲੈਕੇ ਵੱਧਦੀ ਜਾ ਰਹੀ ਬੇਚੈਨੀ ਨੂੰ ਹੁਕਮਰਾਨ ਜਿੰਨੀ ਜਲਦੀ ਹੋ ਸਕੇ, ਸੰਜੀਦਗੀ ਨਾਲ ਦੂਰ ਕਰਨ ਤਾਂ ਬਿਹਤਰ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸਮੀਰ ਦੀ ਧਾਰਾ 370 ਨੂੰ ਹੁਕਮਰਾਨਾਂ ਵੱਲੋ ਖਤਮ ਕਰਨ ਉਤੇ ਕੱਟੜਵਾਦੀ ਹੁਕਮਰਾਨਾਂ ਵੱਲੋ ਮਨਾਈ ਜਾ ਰਹੀ ਖੁਸ਼ੀ ਅਤੇ ਸਾਡੇ ਆਨੰਦ ਮੈਰਿਜ ਐਕਟ ਨੂੰ ਸਮੁੱਚੇ ਮੁਲਕ ਵਿਚ ਲਾਗੂ ਨਾ ਕਰਕੇ ਸਿੱਖ ਕੌਮ ਵਿਚ ਪੈਦਾ ਕੀਤੀ ਜਾ ਰਹੀ ਬੇਚੈਨੀ ਅਤੇ ਆਪਣਾ ਰੋਹ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਜੰਮੂ-ਕਸਮੀਰ ਵਿਚ ਸਭ ਤੋਂ ਮੁਸਕਿਲ ਸਮਾਂ ਸੀ ਅਤੇ ਜਦੋਂ ਕਸਮੀਰੀ ਪੰਡਿਤ ਕਸਮੀਰ ਛੱਡਕੇ ਮੁਲਕ ਦੇ ਹੋਰ ਸੂਬਿਆਂ ਤੇ ਬਾਹਰਲੇ ਮੁਲਕਾਂ ਵਿਚ ਚਲੇ ਗਏ ਸਨ ਉਸ ਸਮੇ ਕਿਸੇ ਇਕ ਵੀ ਸਿੱਖ ਨੇ ਕਸਮੀਰ ਨੂੰ ਨਹੀ ਛੱਡਿਆ। ਬਲਕਿ ਦ੍ਰਿੜਤਾ ਨਾਲ ਮੁਕਾਬਲਾ ਕੀਤਾ । ਫਿਰ ਕਸਮੀਰ ਵਿਚੋਂ ਸਾਡੀ ਪੰਜਾਬੀ ਬੋਲੀ ਦਾ ਸਾਜਸੀ ਢੰਗ ਨਾਲ ਇਨ੍ਹਾਂ ਨੇ ਖਾਤਮਾ ਕਰ ਦਿੱਤਾ ਅਤੇ ਸਿੱਖਾਂ ਨੂੰ ਬਾਅਦ ਵਿਚ ਕਿਸੇ ਤਰ੍ਹਾਂ ਦੀਆਂ ਹਕੂਮਤੀ ਸਹੂਲਤਾਂ ਪ੍ਰਦਾਨ ਨਹੀ ਕੀਤੀਆ ਗਈਆ । ਹੁਕਮਰਾਨਾਂ ਦੀਆਂ ਅਜਿਹੀਆ ਕਾਰਵਾਈਆ ਦੀ ਬਦੌਲਤ ਘੱਟ ਗਿਣਤੀ ਕੌਮਾਂ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਦੋਹਰੇ ਮਾਪਦੰਡ ਅਪਣਾਉਣ ਸੰਬੰਧੀ ਪੀੜ੍ਹਾ ਮਹਿਸੂਸ ਕਰ ਰਹੀਆ ਹਨ । ਇਥੋ ਤੱਕ ਕਿ 2000 ਵਿਚ ਚਿੱਠੀਸਿੰਘਪੁਰਾ ਜੰਮੂ ਕਸਮੀਰ ਵਿਚ 43 ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਫ਼ੌਜ ਵੱਲੋ ਮਾਰਨ ਸੰਬੰਧੀ ਵੀ ਅੱਜ ਤੱਕ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀ ਦਿੱਤਾ । ਇਸ ਵਿਸੇ ਉਤੇ ਅਸੀ ਪ੍ਰੈਜੀਡੈਟ ਇੰਡੀਆ, ਸੁਪਰੀਮ ਕੋਰਟ, ਲੈਫ. ਗਵਰਨਰ ਜੰਮੂ ਕਸਮੀਰ ਅਤੇ ਪਾਰਲੀਮੈਟ ਨੂੰ ਵੀ ਸਮੇ-ਸਮੇ ਤੇ ਲਿਖਤੀ ਰੋਸ ਭੇਜਦੇ ਰਹੇ ਹਾਂ । ਪਰ ਬਹੁਗਿਣਤੀ ਕੱਟੜਵਾਦੀ ਹੁਕਮਰਾਨਾਂ ਨੇ ਅਦਾਲਤਾਂ, ਜੱਜਾਂ ਵੱਲੋ ਕਿਸੇ ਤਰ੍ਹਾਂ ਦਾ ਇਨਸਾਫ਼ ਨਾ ਦੇਣਾ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਰੋਹ ਨੂੰ ਹੋਰ ਪ੍ਰਚੰਡ ਕਰ ਰਿਹਾ ਹੈ । ਜੋ ਇੰਡੀਆ ਦੀ ਸੰਤੁਲਨ ਸਿਆਸਤ ਲਈ ਚੰਗੇ ਨਤੀਜੇ ਨਹੀ ਦੇ ਸਕੇਗਾ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾਂ ਆਪਣੇ ਕਕਾਰ ਕਛਹਿਰੇ ਪਹਿਨਦੇ ਹਨ ਅਤੇ ਜੋ ਇਹ ਕੱਟੜਵਾਦੀ ਹੁਕਮਰਾਨ ਹੁਣ ਸਿੱਖਾਂ ਨੂੰ ਖਾਕੀ ਨਿੱਕਰਾ ਪਵਾਉਣ ਦੇ ਸਿੱਖ ਵਿਰੋਧੀ ਅਮਲ ਕਰ ਰਹੇ ਹਨ, ਸਿੱਖ ਕਦੀ ਵੀ ਕਛਹਿਰਿਆ ਉਪਰੋ ਦੀ ਖਾਕੀ ਨਿੱਕਰਾਂ ਨਹੀ ਪਹਿਨਦੇ ਅਤੇ ਨਾ ਹੀ ਕਦੀ ਦੋਗਲੇ ਚੇਹਰੇ ਦੇ ਮਾਲਕ ਬਣਦੇ ਹਨ ।
Comments (0)