ਯੂਪੀ ਵਿਚ ਸਿੱਖ ਨੌਜਵਾਨ ਨਾਲ ਭੀੜ ਨੇ ਕੁੱਟਮਾਰ ਕੀਤੀ; ਪੁਲਸ 'ਤੇ ਦੋਸ਼ੀਆਂ ਦਾ ਸਾਥ ਦੇਣ ਦਾ ਦੋਸ਼

ਯੂਪੀ ਵਿਚ ਸਿੱਖ ਨੌਜਵਾਨ ਨਾਲ ਭੀੜ ਨੇ ਕੁੱਟਮਾਰ ਕੀਤੀ; ਪੁਲਸ 'ਤੇ ਦੋਸ਼ੀਆਂ ਦਾ ਸਾਥ ਦੇਣ ਦਾ ਦੋਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਤੋਂ ਬਾਹਰ ਹਿੰਦੀ ਖੇਤਰ ਦੇ ਸੂਬਿਆਂ ਵਿਚ ਸਿੱਖਾਂ 'ਤੇ ਹਮਲੇ ਲਗਾਤਾਰ ਵਧ ਰਹੇ ਹਨ। ਤਾਜਾ ਮਾਮਲਾ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਦੇ ਅਮਰੋਹਾ ਜ਼ਿਲ੍ਹੇ ਨਾਲ ਸਬੰਧਤ ਸਾਹਮਣੇ ਆਇਆ ਹੈ ਜਿੱਥੇ ਮੰਡੀ ਧਨੌਰਾ ਵਿਚ ਭੂਤਰੀ ਭੀੜ ਨੇ ਇੱਕ ਸਿੱਖ ਨੋਜਵਾਨ ਨਾਲ ਕੁੱਟਮਾਰ ਕੀਤੀ ਗਈ ਤੇ ਉਸਦੀ ਦਸਤਾਰ ਲਾਹ ਕੇ ਗੰਦੀ ਨਾਲੀ ‘ਚ ਸੁੱਟੀ ਗਈ। 14 ਜੂਨ ਨੂੰ ਵਾਪਰੀ ਇਸ ਘਟਨਾ 'ਤੇ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ।

ਸੋਸ਼ਲ ਮੀਡੀਆ 'ਤੇ ਇਸ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਭਾਨੂੰ ਦੇ ਬਲਾਕ ਪ੍ਰਧਾਨ ਨੋਜਵਾਨ ਦਿਲਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਚਾਂਦਰਾ ਜੋ ਆਪਣੀ ਕਾਰ ਰਾਹੀਂ ਦਵਾਈ ਲੈਣ ਚਾਰ ਕਿਲੋਮੀਟਰ ਦੀ ਵਿੱਥ 'ਤੇ ਸ਼ਹਿਰ ਸ਼ੇਰਪੁਰ ਗਿਆ ਸੀ ਤੇ ਓਥੇ ਉਸ ਦੀ ਕਾਰ ਅਤੇ ਟਰਾਲੀ ਦੀ ਆਪਸ ‘ਚ ਮਾਮੂਲੀ ਰਗੜਬਾਜ਼ੀ ਹੋ ਗਈ। ਟਰੈਕਟਰ ਸਵਾਰ ਜਾਟਵ ਬਰਾਦਰੀ ਦੇ ਲੋਕਾਂ ਨੇ ਜਦ ਗੁੰਡਾਗਰਦੀ ਕਰਦਿਆਂ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਗਲ ਪੈਣ ਦਾ ਯਤਨ ਕੀਤਾ ਤਾਂ ਉਕਤ ਨੌਜਵਾਨ ਨੇ ਚੰਗੇ ਲਫ਼ੇੜੇ ਝਾੜ ਦਿੱਤੇ ਅਤੇ ਘਰੇ ਵਾਪਸ ਆ ਗਿਆ। ਉਕਤ ਬਰਾਦਰੀ ਦੇ ਲੋਕ ਇਸ ਸਬੰਧੀ ਸ਼ਿਕਾਇਤ ਲੈ ਕੇ ਚੌਂਕੀ ਸ਼ੇਰਪੁਰ ਪਹੁੰਚ ਗਏ।

ਉਹਨਾਂ ਦੱਸਿਆ ਕਿ ਚੌਂਕੀ ਵਿਚੋਂ ਦੋ ਸਿਪਾਹੀ ਉਕਤ ਸਿੱਖ ਨੌਜਵਾਨ ਦੇ ਘਰ ਚਾਂਦਰਾ ਫਾਰਮ ਆਏ ਅਤੇ ਚੌਂਕੀ ਆਉਂਣ ਦੀ ਗੱਲ ਕਹੀ। ਪੰਜਾਬੀ ਧਿਰ ਅੱਲੋਂ ਹਲੇ ਚੌਂਕੀ ਪਹੁੰਚਣਾ ਹੀ ਸੀ ਕਿ ਪਤਾ ਲੱਗਿਆ ਉਕਤ ਨੋਜਵਾਨ ਦਾ ਵੱਡਾ ਭਰਾ ਗੁਰਵਿੰਦਰ ਸਿੰਘ ਜੋ ਕਿਤੇ ਬਾਹਰੋਂ ਟਰੈਟਰ ਲੈ ਕੇ ਆ ਰਿਹਾ ਸੀ ਤਾਂ ਸ਼ੇਰਪੁਰ ‘ਚ ਉਸ ਨੂੰ ਜਾਟਵ ਬਰਾਦਰੀ ਨੇ ਘੇਰ ਕੁੱਟਮਾਰ ਕਰ ਦਿੱਤੀ। 

ਨੌਜਵਾਨ ਨੂੰ ਡੰਡਿਆ ਨਾਲ ਕੁੱਟਦਿਆਂ ਤੇਜਧਾਰ ਹਥਿਆਰ ਵੀ ਮਾਰੇ ਗਏ, ਜਿਸ ਨਾਲ ਉਹ ਕਾਫੀ ਜਖ਼ਮੀ ਹੋ ਗਿਆ। ਜਖ਼ਮੀ ਹਾਲਤ ‘ਚ ਨੌਜਵਾਨ ਨੇ ਉਹਨਾਂ ਕੋਲੋਂ ਕਿਸੇ ਤਰੀਕੇ ਖਹਿੜਾ ਛੁਡਵਾ ਜਾਨ ਬਚਾਈ। ਉਕਤ ਨੌਜਵਾਨ ਦੀ ਦਸਤਾਰ ਵੀ ਨਾ ਮਿਲਣ ਤੇ ਜਦ ਭਾਲ ਕੀਤੀ ਗਈ ਤਾਂ ਇੱਕ ਮਿਸਤਰੀ ਨੇ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਦਸਤਾਰ ਨਾਲੀ ‘ਚ ਪਈ ਹੈ ਤੇ ਪੀੜਤ ਪਰਿਵਾਰ ਨੇ ਪੁਲਸ ਦੀ ਮੋਜੂਦਗੀ ‘ਚ ਦਸਤਾਰ ਬਰਾਮਦ ਕੀਤੀ। ਦਸਤਾਰ ਨੂੰ ਡੰਡੇ ਨਾਲ ਨਾਲੀ ‘ਚ ਧੱਕਿਆ ਗਿਆ ਸੀ। ਪੀੜਤ ਧਿਰ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਇਕੱਲੀ ਧਾਰਾ 151 ਲਾ ਕੇ ਖਾਨਾਪੂਰਤੀ ਕੀਤੀ ਗਈ।

ਪੁਲਸ ਦਾ ਝੂਠ:
ਪੱਤਰਕਾਰ ਸਾਹਿਬ ਸੰਧੂ ਦੀ ਰਿਪੋਰਟ ਮੁਤਾਬਕ ਜਦੋਂ ਉਹਨਾਂ ਇਸ ਸਬੰਧੀ ਚੌਂਕੀ ਇੰਚਾਰਜ਼ ਦੇਵਿੰਦਰ ਕੁਮਾਰ ਐਸਆਈ ਸ਼ੇਰਪੁਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਗੱਲ ਨੂੰ ਘਮਾਉਂਣ ਦਾ ਯਤਨ ਕੀਤਾ। ਅਖ਼ੀਰ ਆਖਿਆ ਕੁੱਟਮਾਰ ਕਰਨ ਆਲਿਆਂ ਚੋਂ ਸੋਨੂੰ, ਰਿੰਕੂ, ਸਤਿਆ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਦ ਪੁੱਛਿਆ ਗਿਆ ਕਿ ਧਾਰਾ ਕੀ ਲਾਈ ਤਾਂ ਆਖਿਆ ਗਿਆ ਕਿ ਐਕਸਰੇ ਰਿਪੋਰਟ ਆਉਣ ਬਆਦ ਬਣਦੀ ਧਾਰਾ ਲਾਈ ਜਾਵੇਗੀ। ਜਦ ਸਵਾਲ ਕੀਤਾ ਗਿਆ ਕਿ ਐਫਆਈਆਰ ਨੰਬਰ ਦੱਸੋ ਤੇ ਕਿਸ ਧਾਰਾ ਅਧੀਨ ਜੇਲ੍ਹ ਭੇਜਿਆ ਗਿਆ ਤਾਂ ਉਸ ਨੇ ਆਖਿਆ 151, ਬਾਕੀ ਦੇਖਦੇ ਹਨ।

ਜਦਕਿ ਕਿਸਾਨ ਆਗੂ ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਚੌਂਕੀ ਇੰਚਾਰਜ਼ ਝੂਠ ਬੋਲ ਰਿਹਾ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਜੇਲ੍ਹ ਨਹੀਂ ਭੇਜਿਆ ਗਿਆ। ਉਹਨਾਂ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਮੌਕੇ 'ਤੇ ਹੀ ਜ਼ਮਾਨਤ ਦੇ ਕੇ ਛੱਡ ਦਿੱਤਾ ਗਿਆ। ਸਿੱਖ ਜਥੇਬੰਦੀਆਂ ਦਸਤਾਰ ਦੀ ਬੇਅਦਬੀ ਲਈ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਧਾਰਾ ਸ਼ਾਮਲ ਕਰਨ ਦੀ ਮੰਗ ਕਰ ਰਹੀਆਂ ਹਨ।