ਪ੍ਰਵਾਸੀ ਪੰਜਾਬੀ ਵਿਦੇਸ਼ਾਂ 'ਵਿਚ ਡਾਲਰ ਕਮਾਉਣ ਵਿਚ ਰੁੱਝੇ ,ਬੱਚੇ ਨਸ਼ੇ ਦੀ ਦਲਦਲ 'ਚ

ਪ੍ਰਵਾਸੀ ਪੰਜਾਬੀ ਵਿਦੇਸ਼ਾਂ 'ਵਿਚ ਡਾਲਰ ਕਮਾਉਣ ਵਿਚ ਰੁੱਝੇ ,ਬੱਚੇ ਨਸ਼ੇ ਦੀ ਦਲਦਲ 'ਚ

*ਪੁਲਿਸ, ਰਾਜਨੀਤੀ ਤੇ ਪ੍ਰਸ਼ਾਸਨ ਨਸ਼ਿਆਂ ਲਈ ਜ਼ਿੰਮੇਵਾਰ

ਅੰਮ੍ਰਿਤਸਰ ਟਾਈਮਜ਼

ਜਲੰਧਰ : ਆਦਮਪੁਰ ਸ਼ਹਿਰ ਦੇ ਹਰ ਘਰ ਵਿਚੋਂ ਇਕ ਵਿਅਕਤੀ ਵਿਦੇਸ਼ 'ਵਿਚ ਹੈ। ਪਰਿਵਾਰਕ ਮੈਂਬਰ ਡਾਲਰ ਕਮਾਉਣ 'ਵਿਚ ਰੁੱਝੇ ਹੋਏ ਹਨ ਤੇ ਇੱਥੇ ਬੱਚੇ ਨਸ਼ਿਆਂ ਦੀ ਦਲਦਲ 'ਵਿਚ ਫਸਦੇ ਜਾ ਰਹੇ ਹਨ। ਆਦਮਪੁਰ ਨੇੜਲੇ ਪਿੰਡ ਦਾ ਰਹਿਣ ਵਾਲਾ 32 ਸਾਲਾ ਨੌਜਵਾਨ 13 ਸਾਲ ਤਕ ਨਸ਼ਿਆਂ ਦੀ ਦਲਦਲ 'ਵਿਚ ਫਸਿਆ ਰਿਹਾ।ਹਰਮਨ ਸਿੰਘ (ਬਦਲਿਆ ਹੋਇਆ ਨਾਂ) ਦੇ ਮਾਤਾ-ਪਿਤਾ ਵਿਦੇਸ਼ 'ਵਿਚ ਹਨ। ਇਕਲੌਤਾ ਪੁੱਤਰ ਹਰਮਨ ਇੱਥੇ ਆਪਣੀ ਨਾਨੀ ਤੇ ਮਾਸੀ ਕੋਲ ਰਹਿੰਦਾ ਹੈ। ਜਦੋਂ ਹਰਮਨ ਖ਼ੁਦ ਆਪਣੀ ਹੱਡਬੀਤੀ ਸੁਣਾਉਂਦਾ ਹੈ, ਤਾਂ ਉਸ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਬੀਐਸਸੀ ਆਈਟੀ ਤੇ ਫੁੱਟਬਾਲ ਦਾ ਖਿਡਾਰੀ ਰਿਹਾ ਹਰਮਨ ਯੂਨੀਵਰਸਿਟੀ ਤੋਂ ਕਈ ਮੈਡਲ ਜਿੱਤ ਚੁੱਕਾ ਹੈ।

ਪੜ੍ਹਾਈ ਤੋਂ ਬਾਅਦ ਉਸਨੇ ਇਕ ਨਿੱਜੀ ਸੁਰੱਖਿਆ ਏਜੰਸੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰਮਨ ਦੱਸਦਾ ਹੈ ਕਿ ਉਸਦੀ ਪ੍ਰੇਮਿਕਾ ਨੇ ਉਸਨੂੰ ਪਿਆਰ 'ਵਿਚ ਧੋਖਾ ਦਿੱਤਾ ਤੇ ਉਹ ਆਪਣਾ ਦੁੱਖ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈ ਬੈਠਾ। ਹੌਲੀ ਹੌਲੀ ਨਸ਼ੇ ਦੀ ਡੋਜ਼ ਵਧਦੀ ਗਈ। ਮਾਸੜ ਨੇ ਲੋਹੇ ਦੀਆਂ ਜ਼ੰਜੀਰਾਂ ਨਾਲ ਦੋਵੇਂ ਹੱਥ ਬੰਨ੍ਹ ਕੇ ਇਕ ਮਹੀਨੇ ਤਕ ਕਮਰੇ ਵਿਚ ਬੰਦ ਰੱਖਿਆ। ਦੋ-ਤਿੰਨ ਵਾਰ ਪੁਲਿਸ ਨੇ ਉਸ ਨੂੰ ਫੜਿਆ ਤੇ ਜੇਲ੍ਹ ਜਾਣਾ ਪਿਆ। ਅਦਾਲਤ 'ਵਿਚ ਕੇਸ ਚੱਲ ਰਹੇ ਹਨ। ਉਹ ਬੁੱਢੀ ਨਾਨੀ ਦੇ ਹੰਝੂਆਂ ਨਾਲ ਪਿਘਲ ਗਿਆ ਤੇ ਨਸ਼ਾ ਛੱਡਣ ਦਾ ਮਨ ਬਣਾ ਲਿਆ। ਇਲਾਜ ਲਈ ਆਉਂਦੇ ਸਮੇਂ ਸੜਕ ਹਾਦਸੇ 'ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਉਹ ਦੱਸਦਾ ਹੈ ਕਿ ਨਸ਼ਾ ਛੁਡਾਊ ਕੇਂਦਰ 'ਵਿਚ ਪੰਜ ਮਹੀਨੇ ਇਲਾਜ ਚੱਲਿਆ ਤੇ ਹੁਣ ਉਹ ਉੱਥੇ ਹੀ ਨੌਕਰੀ ਕਰ ਰਿਹਾ ਹੈ ਤੇ ਹੁਣ ਆਪਣੇ ਮਾਪਿਆਂ ਕੋਲ ਵਿਦੇਸ਼ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਜਲੰਧਰ ਵੈਲਫੇਅਰ ਸੁਸਾਇਟੀ ਦੇ ਮੁਖੀ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਅਧਿਕਾਰੀ ਸਖ਼ਤ ਰਵੱਈਆ ਅਪਣਾਉਣ ਤਾਂ ਨੌਜਵਾਨਾਂ ਨੂੰ ਇਸ ਤੋਂ ਛੁਟਕਾਰਾ ਦਿਵਾਉਣਾ ਸੰਭਵ ਹੈ। ਦੂਜੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਨਸ਼ਾ ਮੁਕਤੀ ਦੇ ਵਾਅਦੇ ਚੋਣਾਂ ਤਕ ਹੀ ਰਹਿ ਗਏ ਹਨ।ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਵਿਚ ਸਹੂਲਤਾਂ ਘੱਟ ਤੇ ਪਰੇਸ਼ਾਨੀ ਜ਼ਿਆਦਾ ਹੈ। ਇਸ ਕਾਰਨ ਇੱਥੇ ਇਲਾਜ ਲਈ ਆਉਣ ਵਾਲੇ ਲੋਕ ਨਸ਼ਾ ਛੱਡਣ 'ਵਿਚ ਕਾਮਯਾਬ ਨਹੀਂ ਹੋ ਪਾ ਰਹੇ ਹਨ। ਇਸ ਦੇ ਲਈ ਸਿੱਧੇ ਤੌਰ 'ਤੇ ਪੁਲਿਸ, ਰਾਜਨੀਤੀ ਤੇ ਪ੍ਰਸ਼ਾਸਨ ਜ਼ਿੰਮੇਵਾਰ ਹਨ, ਜੋ ਵਾਅਦੇ ਤਾਂ ਬਹੁਤ ਕਰਦੇ ਹਨ ਪਰ ਪੂਰੇ ਨਹੀਂ ਕਰਦੇ ।ਬਾਲਸਟਰ ਨਸ਼ਾ ਛੁਡਾਊ ਕੇਂਦਰ ਦੇ ਐਮਡੀ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਡੇਢ ਦਹਾਕੇ ਤੋਂ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਹਨ। ਇਸ ਦੌਰਾਨ ਹਜ਼ਾਰਾਂ ਲੋਕਾਂ ਨੂੰ ਨਸ਼ਾ ਛੁਡਾਉਣ'ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਗਰੀਬ ਤੋਂ ਗਰੀਬ ਤੇ ਅਮੀਰਾਂ ਵਿੱਚੋਂ ਸਭ ਤੋਂ ਅਮੀਰ ਸ਼ਾਮਲ ਹਨ। ਨਸ਼ਾ ਛੱਡਣ ਵਾਲੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿਵਾਇਆ ਹੈ। ਨਸ਼ਾ ਛੱਡਣ ਲਈ ਇਲਾਜ ਕਰਵਾਉਣ ਵਾਲਿਆਂ 'ਵਿਚ ਡਾਕਟਰ, ਇੰਜੀਨੀਅਰ, ਪੁਲਿਸ ਮੁਲਾਜ਼ਮ ਤੇ ਸਿਆਸੀ ਪਾਰਟੀਆਂ ਨਾਲ ਜੁੜੇ 135 ਦੇ ਕਰੀਬ ਉੱਘੇ ਲੋਕ ਵੀ ਸ਼ਾਮਲ ਹਨ। ਹੁਣ ਉਹ ਸ਼ਾਂਤੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।