ਲੋਕ ਸਭਾ ਚੋਣਾਂ-2024-ਰਾਮਲੱਲਾ ਦੀ ਮੋਦੀ ਸਿਆਸਤ ,ਇਕ ਮਨੋਵਿਗਿਆਨਕ ਯੁਧ

ਲੋਕ ਸਭਾ ਚੋਣਾਂ-2024-ਰਾਮਲੱਲਾ ਦੀ ਮੋਦੀ ਸਿਆਸਤ ,ਇਕ ਮਨੋਵਿਗਿਆਨਕ ਯੁਧ

22 ਜਨਵਰੀ ਨੂੰ ਅਯੁੱਧਿਆ 'ਚ ਰਾਮਲੱਲਾ ਦੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋ ਚੁੱਕੀ ਹੈ।

ਧਾਰਮਿਕ ਸਮਾਗਮ ਦੇ ਨਾਲ-ਨਾਲ ਇਹ ਇਕ ਸਿਆਸੀ ਸਮਾਗਮ ਵੀ ਹੈ। ਇਸ ਦਾ ਮਕਸਦ ਮਈ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਉਸ ਦੇ ਪ੍ਰਭਾਵ ਖੇਤਰ 'ਚ 2019 ਵਾਂਗ 90 ਫ਼ੀਸਦੀ ਤੋਂ ਵਧੇਰੇ ਸੀਟਾਂ ਜਿਤਾਉਣ ਦਾ ਹੈ। ਇਸ ਲਿਹਾਜ਼ ਨਾਲ ਇਹ ਇਕ ਮਨੋਵਿਗਿਆਨਕ ਯੁੱਧ ਵੀ ਹੈ, ਜਿਸ ਤਹਿਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਰਾਮਮਯ ਮਾਹੌਲ ਬਣਾਉਣ ਦੇ ਨਾਲ-ਨਾਲ ਰਾਮ ਅਤੇ ਮੋਦੀ ਨੂੰ ਇਕ-ਦੂਜੇ ਦਾ ਸਮਾਨਰਥੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਵਾਰ ਜੇਕਰ ਜਨਤਾ ਦੀ ਨਜ਼ਰ 'ਚ ਇਹ ਸਥਾਪਿਤ ਹੋ ਗਿਆ ਕਿ ਰਾਮ ਅਤੇ ਮੋਦੀ ਇਕ-ਦੂਜੇ 'ਚ ਸਮਾਏ ਹੋਏ ਹਨ, ਫਿਰ ਲੋਕਾਂ ਦੀਆਂ ਵੋਟਾਂ ਲੈਣ 'ਚ ਭਾਜਪਾ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਇਸ ਮਨੋਵਿਗਿਆਨਕ ਯੁੱਧ ਦੇ ਕੁਝ ਦੂਜੇ ਪਹਿਲੂ ਵੀ ਹਨ। ਦਰਅਸਲ, ਵਿਰੋਧੀ ਧਿਰ ਦੇ ਗੱਠਜੋੜ (ਇੰਡੀਆ) ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਮੂਹਰੀ ਗੱਠਜੋੜ (ਐਨ.ਡੀ.ਏ.) ਵਿਚਾਲੇ ਰਣਨੀਤਕ ਯੁੱਧ (ਹਮਲਾ-ਜਵਾਬੀ ਹਮਲਾ) ਇਸ ਸਮੇਂ ਆਪਣੀਆਂ ਸਿਖ਼ਰਾਂ 'ਤੇ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇੰਜ ਹੋਣਾ ਸੁਭਾਵਿਕ ਹੀ ਸੀ। ਪਰ, ਇਸ ਵਾਰ ਇਹ ਪੈਂਤੜੇਬਾਜ਼ੀ ਇਕ ਨਵੇਂ ਪੱਧਰ ਤੱਕ ਚਲੀ ਗਈ ਹੈ।

ਇਸ ਯੁੱਧ 'ਚ ਚੁੱਕਿਆ ਗਿਆ ਹਰ ਕਦਮ ਅਤੇ ਬੋਲੀ ਗਈ ਹਰ ਗੱਲ ਪਿੱਛੇ ਵਿਰੋਧੀ ਧਿਰ ਦੀਆਂ ਕਮਜ਼ੋਰ ਕੜੀਆਂ ਨੂੰ ਤੋੜਨ ਦਾ ਯੋਜਨਾਬੱਧ ਮਨਸੂਬਾ ਦੇਖਿਆ ਜਾ ਸਕਦਾ ਹੈ। ਇਸ ਮਨੋਵਿਗਿਆਨਕ ਯੁੱਧ ਦੇ ਜੇਕਰ ਦੋ ਪ੍ਰਕਾਰ ਦੇਖਣੇ ਹੋਣ ਤਾਂ ਇਹ ਬਿਹਾਰ (40 ਸੀਟਾਂ) ਅਤੇ ਮਹਾਰਾਸ਼ਟਰ (48 ਸੀਟਾਂ) 'ਤੇ ਦੇਖੇ ਜਾ ਸਕਦੇ ਹਨ। ਇਨ੍ਹਾਂ ਦੋਵਾਂ ਸੂਬਿਆਂ ਦਾ ਮਹੱਤਵ ਇਸ ਲਈ ਹੈ ਕਿ ਇਨ੍ਹਾਂ ਨੂੰ ਉਨ੍ਹਾਂ 11 ਰਾਜਾਂ 'ਚ ਗਿਣਿਆ ਜਾਂਦਾ ਹੈ, ਜਿੱਥੇ 2019 'ਚ ਭਾਜਪਾ ਦੀ ਚੋਣ ਜਿੱਤਣ ਦੀ ਦਰ ਕ੍ਰਮਵਾਰ 99 ਅਤੇ 88 ਫ਼ੀਸਦੀ ਰਹੀ ਸੀ। ਇਸ ਵਾਰ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਹੀ ਰਾਜਾਂ 'ਚ ਭਾਜਪਾ ਲਈ ਪਿਛਲਾ ਨਤੀਜਾ ਦੁਹਰਾਉਣਾ ਮੁਸ਼ਕਿਲ ਹੈ। 'ਇੰਡੀਆ' ਗੱਠਜੋੜ ਬਣਨ ਤੋਂ ਪਹਿਲਾਂ ਹੀ ਇਨ੍ਹਾਂ ਦੋਵਾਂ ਰਾਜਾਂ 'ਚ ਕੁਝ ਅਜਿਹਾ ਰਾਜਨੀਤਕ ਘਟਨਾਕ੍ਰਮ ਚੱਲਿਆ ਕਿ ਭਾਜਪਾ ਖ਼ਿਲਾਫ਼ ਸ਼ਕਤੀਸ਼ਾਲੀ ਗੱਠਜੋੜ ਤਿਆਰ ਹੋ ਗਿਆ। ਬਿਹਾਰ 'ਚ ਮਹਾਗੱਠਬੰਧਨ ਅਤੇ ਮਹਾਰਾਸ਼ਟਰ 'ਚ ਮਹਾਵਿਕਾਸ ਅਘਾੜੀ ਨੂੰ ਉਹ ਤਾਕਤਾਂ ਮਜ਼ਬੂਤ ਕਰ ਰਹੀਆਂ ਹਨ, ਜੋ 2019 'ਚ ਭਾਜਪਾ ਦੇ ਨਾਲ ਸਨ। ਭਾਜਪਾ ਦੇ ਰਣਨੀਤੀਕਾਰ ਸਾਰਾ ਜ਼ੋਰ ਇੱਥੇ ਹੀ ਲਗਾ ਰਹੇ ਹਨ। ਉਹ ਜਾਣਦੇ ਹਨ ਕਿ ਜੇਕਰ ਇਨ੍ਹਾਂ ਸੂਬਿਆਂ 'ਚ ਸੀਟਾਂ ਘੱਟ ਹੋਈਆਂ ਤਾਂ ਉਨ੍ਹਾਂ ਦੀ ਭਰਪਾਈ ਦੂਜੇ ਸੂਬਿਆਂ ਤੋਂ ਹੋਣ ਦੀ ਉਮੀਦ ਬਹੁਤ ਘੱਟ ਹੈ, ਕਿਉਂਕਿ ਉੱਥੇ ਪਹਿਲਾਂ ਤੋਂ ਹੀ ਭਾਜਪਾ ਲਗਭਗ ਸੌ ਫ਼ੀਸਦੀ ਨਤੀਜੇ ਕੱਢ ਚੁੱਕੀ ਹੈ। ਭਾਜਪਾ ਪਹਿਲਾਂ ਅਘਾੜੀ ਅਤੇ ਮਹਾਗੱਠਬੰਧਨ ਨੂੰ ਤੋੜਨ ਦਾ ਉੱਦਮ ਕਰ ਚੁੱਕੀ ਹੈ। ਅਘਾੜੀ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ, ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਨੂੰ ਤੋੜਿਆ ਜਾ ਚੁੱਕਾ ਹੈ। ਉੱਧਰ ਮਹਾਗੱਠਬੰਧਨ ਤੋਂ ਜੀਤਨਰਾਮ ਮਾਂਝੀ, ਉਪੇਂਦਰ ਕੁਸ਼ਵਾਹਾ ਅਤੇ ਮੁਕੇਸ਼ ਸਾਹਨੀ ਨੂੰ ਖੋਹ ਕੇ ਐਨ.ਡੀ.ਏ. 'ਚ ਮਿਲਾਇਆ ਜਾ ਚੁੱਕਿਆ ਹੈ। ਇਹ ਵੱਖਰੀ ਗੱਲ ਹੈ ਕਿ ਇੰਨੀ ਭੰਨ-ਤੋੜ ਕਰਨ ਦੇ ਬਾਵਜੂਦ ਭਾਜਪਾ ਨੂੰ ਬਿਹਾਰ ਅਤੇ ਮਹਾਰਾਸ਼ਟਰ 'ਚ ਆਪਣੀ 2019 ਵਰਗੀ ਜਿੱਤ ਦਾ ਅਜੇ ਵੀ ਭਰੋਸਾ ਨਹੀਂ।

ਬਿਹਾਰ 'ਚ ਭਾਜਪਾ ਦੇ ਰਣਨੀਤੀਕਾਰਾਂ ਦਾ ਖ਼ਾਸ ਜ਼ੋਰ ਬਿਹਾਰ 'ਚ ਨਿਤਿਸ਼ ਕੁਮਾਰ ਨੂੰ ਕਮਜ਼ੋਰ ਕੜੀ ਮੰਨਣ 'ਤੇ ਹੈ। ਉਹ ਚਾਹੁੰਦੇ ਹਨ ਕਿ ਜਾਂ ਤਾਂ ਨਿਤਿਸ਼ ਦੀ ਸਾਖ਼ ਡੇਗ ਦਿੱਤੀ ਜਾਵੇ ਜਾਂ ਉਨ੍ਹਾਂ ਨੂੰ 'ਇੰਡੀਆ' ਗੱਠਜੋੜ ਕੋਲੋਂ ਖੋਹ ਕੇ ਐਨ.ਡੀ.ਏ. 'ਚ ਮਿਲਾ ਲਿਆ ਜਾਵੇ। ਇਸ ਲਈ ਪਿਛਲੇ ਕੁਝ ਮਹੀਨਿਆਂ ਤੋਂ ਦੋ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਪਹਿਲੀ, ਨਿਤਿਸ਼ ਨੂੰ ਬਿਮਾਰ ਦੱਸਣ ਦੇ ਨਾਲ-ਨਾਲ ਇਸ ਨੂੰ ਲਾਲੂ-ਤੇਜਸਵੀ ਦੀ ਸਾਜਿਸ਼ ਦਾ ਸ਼ਿਕਾਰ ਕਰਾਰ ਦੇਣਾ। ਦੂਜੀ, ਲਗਾਤਾਰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਉਡਾਉਣਾ ਕਿ ਉਹ 'ਇੰਡੀਆ' ਗੱਠਜੋੜ 'ਚ ਆਪਣੀਆਂ ਉਮੀਦਾਂ ਤੋਂ ਦੁਖੀ ਹੋ ਕੇ ਮੁੜ ਪਲਟੀ ਮਾਰ ਕੇ ਐਨ.ਡੀ.ਏ. 'ਚ ਆਉਣ ਕੰਢੇ ਪਹੁੰਚ ਚੁੱਕੇ ਹਨ। ਇਸ ਮਨੋਵਿਗਿਆਨਕ ਯੁੱਧ 'ਚ ਬੜੀ ਚਲਾਕੀ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਗਿਰੀਰਾਜ ਸਿੰਘ, ਸੁਸ਼ੀਲ ਮੋਦੀ ਅਤੇ ਜੀਤਨਰਾਮ ਮਾਂਝੀ ਆਪੋ-ਆਪਣੀ ਭੂਮਿਕਾ ਨਿਭਾ ਰਹੇ ਹਨ। ਮਾਂਝੀ ਕਹਿ ਰਹੇ ਹਨ ਕਿ ਨਿਤਿਸ਼ ਨੂੰ ਸਾਜਿਸ਼ ਤਹਿਤ ਇਕ ਖੁਫ਼ੀਆ ਦਵਾਈ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਣ। ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਾਲੂ-ਤੇਜਸਵੀ ਨਿਤਿਸ਼ ਥੱਲਿਉਂ ਕੁਰਸੀ ਖਿੱਚਣ ਦੀ ਯੋਜਨਾ 'ਤੇ ਕਦੇ ਵੀ ਅਮਲ ਕਰ ਸਕਦੇ ਹਨ ਤਾਂ ਕਿ ਤੇਜਸਵੀ ਨੂੰ ਉਸ 'ਤੇ ਬਿਠਾਇਆ ਜਾ ਸਕੇ। ਉੱਧਰ ਅਮਿਤ ਸ਼ਾਹ ਨੇ ਜਿਵੇਂ ਹੀ ਅਰਥਪੂਰਨ ਢੰਗ ਨਾਲ ਕਿਹਾ ਕਿ ਜੇਕਰ (ਨਿਤਿਸ਼ ਵਲੋਂ) ਕੋਈ ਪ੍ਰਸਤਾਵ ਆਇਆ ਤਾਂ ਉਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ, ਉਵੇਂ ਹੀ ਮਾਂਝੀ ਕੋਲੋਂ ਕਹਾ ਦਿੱਤਾ ਗਿਆ ਕਿ ਨਿਤਿਸ਼ ਜੇਕਰ ਐਨ.ਡੀ.ਏ. 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ।

ਬਿਹਾਰ 'ਚ 'ਇੰਡੀਆ' ਗੱਠਜੋੜ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਭਾਜਪਾ ਦੇ ਇਸ ਮਨੋਵਿਗਿਆਨਕ ਹਮਲੇ ਨੂੰ ਕਿਸੇ ਵੀ ਤਰ੍ਹਾਂ ਸਫ਼ਲ ਨਾ ਹੋਣ ਦਿੱਤਾ ਜਾਏ। ਫ਼ਿਲਹਾਲ ਹਾਲੇ ਤੱਕ ਤਾਂ ਨਿਤਿਸ਼, ਤੇਜਸਵੀ ਅਤੇ ਲਾਲੂ ਇਸ ਤੋਂ ਬਚਦੇ ਹੋਏ ਦਿਖਾਈ ਦੇ ਰਹੇ ਹਨ।

ਮਹਾਰਾਸ਼ਟਰ 'ਚ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਵਲੋਂ ਸ਼ਿਵ ਸੈਨਾ ਦੇ ਦਲਬਦਲੀ ਕਰਨ ਵਾਲੇ ਵਿਧਾਇਕਾਂ ਸੰਬੰਧੀ ਦਿੱਤਾ ਗਿਆ ਲੰਬਾ ਫ਼ੈਸਲਾ ਦਰਅਸਲ ਇਸ ਮਨੋਵਿਗਿਆਨਕ ਯੁੱਧ ਦਾ ਇਕ ਔਜ਼ਾਰ ਬਣ ਗਿਆ ਹੈ। ਨਾਰਵੇਕਰ ਨੇ ਚਲਾਕੀ ਨਾਲ ਸ਼ਿਵ ਸੈਨਾ ਦੇ ਦੋਵਾਂ ਧੜਿਆਂ 'ਚੋਂ ਕਿਸੇ ਦੇ ਵੀ ਵਿਧਾਇਕਾਂ ਨੂੰ ਅਯੋਗ ਨਹੀਂ ਠਹਿਰਾਇਆ, ਪਰ ਅਜਿਹੇ ਹਾਲਾਤ ਬਣਾ ਦਿੱਤੇ ਹਨ, ਜਿਸ ਤਹਿਤ ਊਧਵ ਠਾਕਰੇ ਦੇ ਵਿਧਾਇਕਾਂ ਨੂੰ ਵੀ ਏਕਨਾਥ ਸ਼ਿੰਦੇ ਦੇ ਆਦੇਸ਼ਾਂ ਨੂੰ ਹੀ ਨਹੀਂ ਮੰਨਣਾ ਹੋਵੇਗਾ, ਸਗੋਂ ਉਨ੍ਹਾਂ ਦੀ ਪਾਰਟੀ ਲਾਈਨ 'ਤੇ ਵੀ ਚੱਲਣਾ ਹੋਵੇਗਾ। ਨਹੀਂ ਤਾਂ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋ ਜਾਵੇਗੀ। ਇਸ ਤਰ੍ਹਾਂ ਇਸ ਅਨੋਖੇ ਫ਼ੈਸਲੇ ਨੇ ਵਿਧਾਨ ਸਭਾ ਚੋਣਾਂ ਤੱਕ ਲਗਾਤਾਰ ਨਾ ਚਾਹੁੰਦਿਆਂ ਹੋਇਆ ਵੀ ਊਧਵ ਦੇ ਵਿਧਾਇਕਾਂ ਨੂੰ ਸ਼ਿੰਦੇ ਦੇ ਨਾਲ ਜੋੜ ਦਿੱਤਾ ਗਿਆ ਹੈ। ਇਸ ਪ੍ਰਕਿਰਿਆ 'ਚ ਇਨ੍ਹਾਂ ਵਿਧਾਇਕਾਂ ਦੀ ਅਣਇੱਛਾ ਕਦੇ ਵੀ ਇੱਛਾ 'ਚ ਬਦਲ ਸਕਦੀ ਹੈ।

ਭਾਵ ਇਹ ਫ਼ੈਸਲਾ ਊਧਵ ਦੀ ਰਾਜਨੀਤਕ ਤਾਕਤ ਹੌਲੀ-ਹੌਲੀ ਘਟਾਉਣ ਅਤੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਮਜ਼ਬੂਤ ਬਣਾਉਣ ਦੀ ਭੂਮਿਕਾ ਨਿਭਾਉਂਦਾ ਹੋਇਆ ਦਿਖਾਈ ਦੇਵੇਗਾ। ਮਹਾਰਾਸ਼ਟਰ ਦੀ ਸਿਆਸਤ 'ਚ ਊਧਵ ਦੇ ਕਮਜ਼ੋਰ ਹੁੰਦੇ ਜਾਣ ਅਤੇ ਭਾਜਪਾ 'ਤੇ ਨਿਰਭਰ ਰਹਿਣ ਵਾਲੇ ਸ਼ਿੰਦੇ ਦਾ ਮਤਲਬ ਇਹ ਹੋਵੇਗਾ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਜ਼ਿਆਦਾ ਸੀਟਾਂ ਵਾਲੇ ਇਸ ਸੂਬੇ 'ਚ ਭਾਜਪਾ ਦਾ ਦਬਦਬਾ ਵਧਦਾ ਚਲਿਆ ਜਾਵੇਗਾ। ਭਾਜਪਾ ਨੇ ਰਾਸ਼ਟਰਵਾਦੀ ਕਾਂਗਰਸ ਨੂੰ ਵੀ ਵੰਡ ਦਿੱਤਾ ਹੈ।

ਨਾਰਵੇਕਰ ਨੇ ਅਜੀਤ ਪਵਾਰ ਦੇ ਵਿਧਾਇਕਾਂ ਬਾਰੇ ਵੀ ਫ਼ੈਸਲਾ ਦੇਣਾ ਹੈ। ਪਰ ਅਜੀਤ ਪਵਾਰ ਦਾ ਇਕ ਪੈਰ ਹਮੇਸ਼ਾ ਆਪਣੇ ਚਾਚੇ (ਸ਼ਰਦ ਪਵਾਰ) ਦੀ ਬੇੜੀ 'ਚ ਰਹਿੰਦਾ ਹੈ। ਇਸ ਲਈ ਇੰਜ ਨਹੀਂ ਕਿਹਾ ਜਾ ਸਕਦਾ ਕਿ ਅਜਿਹਾ ਮਨੋਵਿਗਿਆਨਕ ਯੁੱਧ ਉੱਥੇ ਉਸੇ ਤਰ੍ਹਾਂ ਕਾਮਯਾਬ ਹੋ ਸਕੇਗਾ।

ਉੱਤਰ ਪ੍ਰਦੇਸ਼ 'ਚ ਇਹ ਮਨੋਵਿਗਿਆਨਕ ਯੁੱਧ ਦੋਵਾਂ ਧਿਰਾਂ ਵਲੋਂ ਮਾਇਆਵਤੀ ਦੀ ਰਾਜਨੀਤੀ ਦੇ ਪ੍ਰਬੰਧਨ 'ਤੇ ਟਿਕਿਆ ਹੋਇਆ ਹੈ। ਹਾਲੇ ਤੱਕ ਤਾਂ ਇਹੀ ਦਿਖਾਈ ਦੇ ਰਿਹਾ ਹੈ ਕਿ ਇਸ 'ਚ ਭਾਜਪਾ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ। ਮਾਇਆਵਤੀ ਦੇ ਇਕੱਲਿਆਂ ਚੋਣਾਂ ਲੜਨ ਦਾ ਵਿਵਹਾਰਕ ਨਤੀਜਾ ਭਾਜਪਾ ਦੀਆਂ 10 ਤੋਂ 12 ਸੀਟਾਂ ਵਧਣ ਦੇ ਰੂਪ ਹੋ ਸਕਦਾ ਹੈ ਅਤੇ 'ਇੰਡੀਆ' ਗੱਠਜੋੜ ਦੇ ਨਾਲ ਜਾਣ ਦਾ ਨਤੀਜਾ ਭਾਜਪਾ ਕੋਲੋਂ 30 ਤੋਂ 35 ਸੀਟਾਂ ਖੋਹਣ ਵਿਚ ਨਿਕਲ ਸਕਦਾ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਮਾਇਆਵਤੀ ਐਨ ਮੌਕੇ 'ਤੇ ਭਾਵ ਮਾਰਚ ਤੋਂ ਠੀਕ ਪਹਿਲਾਂ ਪਲਟੀ ਮਾਰ ਜਾਵੇ ਅਤੇ 'ਇੰਡੀਆ' ਗੱਠਜੋੜ ਨਾਲ ਚਲੀ ਜਾਵੇ।

ਕਾਂਗਰਸ ਦੀ ਉਨ੍ਹਾਂ ਨਾਲ ਪਰਦੇ ਦੇ ਪਿੱਛੇ ਤੋਂ ਚੱਲ ਰਹੀ ਗੱਲਬਾਤ ਤੋਂ ਇਹੀ ਉਮੀਦ ਲਗਾਈ ਜਾ ਰਹੀ ਹੈ। ਕਾਂਗਰਸ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਾਇਆਵਤੀ ਦੇ ਵੱਖਰੇ ਲੜਨ ਦਾ ਨਤੀਜਾ ਉਨ੍ਹਾਂ ਨੂੰ ਸਿਰਫ਼ 5 ਤੋਂ 10 ਫ਼ੀਸਦੀ ਵੋਟਾਂ ਅਤੇ ਨਾਂਹ ਦੇ ਬਰਾਬਰ ਸੀਟਾਂ ਮਿਲਣ 'ਚ ਨਿਕਲ ਸਕਦਾ ਹੈ। ਮਾਇਆਵਤੀ ਦੀ ਰਾਜਨੀਤੀ 'ਤੇ ਅਜਿਹਾ ਨਤੀਜਾ ਇਕ ਮਾਰੂ ਹਮਲਾ ਹੋਵੇਗਾ।

 

ਅਭੈ ਕੁਮਾਰ ਦੂਬੇ