ਸੰਘਰਸ਼ ਵਿਚੋਂ ਹੀ ਪੈਦਾ ਹੁੰਦੇ ਹਨ ਮਹਾਂਪੁਰਸ਼
ਸਾਡਾ ਦੇਸ਼ ਗੁਰੂਆਂ-ਪੀਰਾਂ, ਅਵਤਾਰਾਂ ਅਤੇ ਪੈਗ਼ੰਬਰਾਂ ਦੀ ਪਵਿੱਤਰ ਭੂਮੀ ਹੈ। ਹੋਰ ਦੇਸ਼ਾਂ ਵਾਂਗ, ਸਗੋਂ ਉਨ੍ਹਾਂ ਤੋਂ ਕਾਫ਼ੀ ਵੱਡੀ ਸੰਖਿਆ ਵਿਚ, ਇਥੇ ਗੁਰੂ-ਪੀਰ ਅਤੇ ਅਵਤਾਰ-ਪੈਗ਼ੰਬਰ ਪੈਦਾ ਹੁੰਦੇ ਰਹੇ ਹਨ।
ਇਥੋਂ ਇਹ ਧਾਰਨਾ ਵੀ ਬਣੀ ਕਿ ਜਦੋਂ ਧਰਤੀ ਉੱਪਰ ਪਾਪ ਅਤੇ ਜ਼ੁਲਮ ਵਧ ਜਾਂਦਾ ਹੈ ਤਾਂ ਆਮ ਲੋਕਾਂ ਦੀ ਰੱਖਿਆ ਲਈ ਅਵਤਾਰ ਅਤੇ ਪੈਗ਼ੰਬਰ ਜਨਮ ਲੈਂਦੇ ਹਨ। ਇਨ੍ਹਾਂ ਨੂੰ ਪ੍ਰਭੂ ਆਪ ਭੇਜਦਾ ਹੈ, ਕਿਉਂਕਿ ਉਹ ਆਪਣੇ ਸਾਰੇ ਲੋਕਾਂ ਦੀ ਭਲਾਈ ਅਤੇ ਸੁੱਖ-ਸਹੂਲਤਾਂ ਲਈ ਪ੍ਰਤੀਬੱਧ ਹੁੰਦਾ ਹੈ। ਅਵਤਾਰਾਂ ਦੇ ਰੂਪ ਵਿਚ ਉਹ ਅਤਿਅੰਤ ਬਲਵਾਨ ਅਤੇ ਪਰਾਕ੍ਰਮੀ ਪੁਰਸ਼ ਭੇਜਦਾ ਹੈ, ਜੋ ਜ਼ਾਲਮ ਸ਼ਹਿਨਸ਼ਾਹਾਂ ਨੂੰ ਦੰਡ ਦੇਣ ਦੇ ਸਮਰੱਥ ਹੁੰਦੇ ਹਨ। ਉਨ੍ਹਾਂ ਦੇ ਪੌਰੁਸ਼ ਅਤੇ ਵੀਰਤਾ ਨੂੰ ਦੇਖ ਕੇ ਆਮ ਆਦਮੀ ਉਨ੍ਹਾਂ ਦੇ ਜੀਵਨ-ਬਿਰਤਾਂਤ ਨਾਲ ਅਨੇਕ ਕਰਾਮਾਤਾਂ ਵੀ ਜੋੜ ਦਿੰਦੇ ਹਨ, ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਕੋਈ ਸਾਧਾਰਨ ਵਿਅਕਤੀ, ਜ਼ਾਲਮ ਸ਼ਹਿਨਸ਼ਾਹਾਂ ਨੂੰ ਨੱਥ ਪਾਉਣ ਦੇ ਕਾਬਲ ਨਹੀਂ ਹੋ ਸਕਦਾ।
ਸਾਡੇ ਦੇਸ਼ ਦੇ ਪੁਰਾਣਾਂ, ਸਾਖੀਆਂ ਅਤੇ ਧਾਰਮਿਕ ਗ੍ਰੰਥਾਂ ਵਿਚ ਵਾਰ-ਵਾਰ ਅਵਤਾਰਾਂ ਅਤੇ ਪੈਗ਼ੰਬਰਾਂ ਦਾ ਗੁਣ-ਗਾਨ ਹੁੰਦਾ ਰਿਹਾ ਹੈ। ਸ੍ਰੀਰਾਮ ਅਤੇ ਸ੍ਰੀਕ੍ਰਿਸ਼ਨ ਵਰਗੇ ਪ੍ਰਤਾਪੀ ਪੁਰਸ਼, ਵਿਸ਼ਨੂੰ-ਦੇਵਤੇ ਦੇ ਅਵਤਾਰ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਰਾਵਣ ਅਤੇ ਕੰਸ ਵਰਗੇ ਜ਼ਾਲਮਾਂ-ਆਪਹੁਦਰਿਆਂ ਦਾ ਅੰਤ ਕੀਤਾ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਅੱਤਿਆਚਾਰਾਂ ਤੋਂ ਮੁਕਤ ਕਰਵਾਇਆ। ਇਤਿਹਾਸ-ਯੁੱਗ ਵਿਚ ਹਜ਼ਰਤ ਈਸਾ, ਪੈਗ਼ੰਬਰ ਮੁਹੰਮਦ (ਸਲ.) ਅਤੇ ਗੁਰੂ ਨਾਨਕ ਸਾਹਿਬ ਵਰਗੇ ਮਹਾਨ ਰਹਿਬਰ ਪੈਦਾ ਹੋਏ, ਜਿਨ੍ਹਾਂ ਨੇ ਆਮ ਲੋਕਾਂ ਨੂੰ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਨਾ ਅਤੇ ਉਤਸ਼ਾਹ ਦਿੱਤਾ। ਇਉਂ ਹਰ ਦੇਸ਼ ਦੇ ਇਤਿਹਾਸ ਅਤੇ ਵਿਧੀ-ਵਿਧਾਨ ਨੂੰ ਗੁਰੂਆਂ ਅਤੇ ਪੈਗ਼ੰਬਰਾਂ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ।
ਪਿਛਲੀਆਂ ਕੁਝ ਸਦੀਆਂ ਵਿਚ ਵਿਗਿਆਨ ਅਤੇ ਵਿਵੇਕ ਦੀ ਪ੍ਰਗਤੀ ਦੇ ਕਾਰਨ ਗੁਰੂਆਂ-ਪੀਰਾਂ ਦੇ ਬਿਰਤਾਂਤ ਵਿਚ ਕੁਝ ਨਵੇਂ ਅਧਿਆਇ ਵੀ ਜੁੜ ਗਏ ਹਨ। ਡਾਰਵਿਨ ਨੇ ਵਿਕਾਸਵਾਦ ਦੀ ਧਾਰਨਾ ਪ੍ਰਗਟ ਕਰਕੇ ਇਹ ਦਰਸਾਇਆ ਕਿ ਸ੍ਰਿਸ਼ਟੀ ਵਿਚ ਉਤਪੰਨ ਸਾਰੇ ਜੀਵ-ਜੰਤੂ ਆਪਣੀ 'ਫਿਟਨੈੱਸ' (ਤੰਦਰੁਸਤੀ) ਦੇ ਆਧਾਰ ਉੱਤੇ ਜੀਉਂਦੇ ਹਨ। ਸ੍ਰਿਸ਼ਟੀ ਦੇ ਸਰੂਪ ਵਿਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ, ਕਿਉਂਕਿ ਸਾਡਾ ਬ੍ਰਹਿਮੰਡ ਇਕ ਜਿਊਂਦਾ-ਧੜਕਦਾ ਪੁੰਜ ਹੈ ਅਤੇ ਕਿਸੇ ਵੀ ਪੁੰਜ ਦੇ ਜਿਊਂਦੇ-ਧੜਕਦੇ ਹੋਣ ਦੀ ਪ੍ਰਮੁੱਖ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਬਦਲਦਾ ਰਹਿੰਦਾ ਹੈ। ਜਿਹੜੀਆਂ ਜੀਵ-ਜਾਤੀਆਂ ਇਸ ਤਬਦੀਲੀ ਦੇ ਅਨੁਕੂਲ, ਆਪਣੇ ਆਚਾਰ-ਵਿਹਾਰ ਅਤੇ ਜੀਵਨ-ਸ਼ੈਲੀ ਨੂੰ ਬਦਲ ਲੈਂਦੀਆਂ ਹਨ, ਉਹ ਜੀਊਂਦੀਆਂ ਰਹਿੰਦੀਆਂ ਹਨ ਅਤੇ ਬਾਕੀ ਮਰ-ਮੁੱਕ ਜਾਂਦੀਆਂ ਹਨ। ਇਸ ਸੂਰਤ ਵਿਚ ਹਰ ਜਾਤੀ ਨੂੰ ਨਿਰੰਤਰ ਤਬਦੀਲੀ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਦਾ ਅਸਤਿਤਵ (ਹੋਂਦ) ਖ਼ਤਰੇ ਵਿਚ ਪੈ ਸਕਦਾ ਹੈ।
ਸਾਡੇ ਦੇਸ਼ ਦੇ ਲੋਕਾਂ ਦੀ ਇਹ ਬਦਕਿਸਮਤੀ ਰਹੀ ਕਿ ਇਨ੍ਹਾਂ ਨੇ ਬਦਲਣਾ ਨਹੀਂ ਸਿੱਖਿਆ। ਇਹ ਇਕੋ ਤਰ੍ਹਾਂ ਦਾ ਜੀਵਨ ਜੀਉਂਦੇ-ਜੀਉਂਦੇ ਜੜ ਹੋ ਚੁੱਕੇ ਹਨ। ਮਹਾਨ ਗੁਰੂ ਅਤੇ ਪੀਰ ਵੀ ਇਨ੍ਹਾਂ ਨੂੰ ਬਦਲਣ ਦੀ ਜਾਚ ਨਹੀਂ ਸਿਖਾ ਸਕੇ। ਭੂਗੋਲਿਕ ਕਾਰਨਾਂ ਦੇ ਪ੍ਰਭਾਵ ਸਦਕਾ ਹੀ ਇਹ ਜੜ ਹੁੰਦੇ ਰਹੇ ਹਨ। ਜੜਤਾ ਦੇ ਕਾਰਨ ਇਸ ਦੇਸ਼ ਦੇ ਵਾਸੀਆਂ ਨੂੰ ਕਈ ਸਦੀਆਂ ਦੀ ਗ਼ੁਲਾਮੀ ਭੋਗਣੀ ਪਈ। ਹੁਣ ਭਾਵੇਂ ਸਾਡੇ ਦੇਸ਼ ਦੇ ਲੋਕ ਪਿਛਲੇ ਸੱਤ-ਅੱਠ ਦਹਾਕਿਆਂ ਤੋਂ ਆਜ਼ਾਦ ਹੋ ਚੁੱਕੇ ਹਨ ਪਰ ਇਹ ਅਜੇ ਵੀ ਤਬਦੀਲੀ ਅਤੇ ਪਰਿਵਰਤਨ ਦੀ ਰਮਜ਼ ਨਹੀਂ ਸਮਝ ਸਕੇ। ਇਕ ਪ੍ਰਸਿੱਧ ਕਵੀ ਨੇ ਸਾਡੇ ਲੋਕਾਂ ਦੀ ਯਥਾਸਥਿਤੀਵਾਦੀ ਸੋਚ ਉੱਪਰ ਟਿੱਪਣੀ ਕਰਦਿਆਂ ਹੋਇਆਂ ਬਿਲਕੁਲ ਸਹੀ ਲਿਖਿਆ ਸੀ : ਉੱਦਮ ਨੂੰ ਜੋ ਕਹਿਣ ਭਿਅੰਕਰ, ਬਦਲ ਦੇਣ ਨੂੰ ਕਾਰਾ, ਉਸ ਦੁਨੀਆ ਦਾ ਕੌਣ ਕਰੂ ਨਿਸਤਾਰਾ? (ਪ੍ਰੀਤਮ ਸਿੰਘ ਸਫ਼ੀਰ)
ਸਾਨੂੰ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਆਪ ਚਾਹੇ ਬਦਲਣ ਦੀ ਚੇਤੰਨ ਕੋਸ਼ਿਸ਼ ਨਾ ਕਰੀਏ ਪਰੰਤੂ ਕੁਦਰਤ ਬਦਲਣ ਲਈ ਮਜਬੂਰ ਕਰ ਹੀ ਦਿੰਦੀ ਹੈ। ਧਰਤੀ ਉੱਪਰ ਪੈਣ ਵਾਲੇ ਅਨੇਕਮੁਖੀ ਦਬਾਵਾਂ ਦੇ ਕਾਰਨ ਨਵੇਂ-ਨਵੇਂ ਜੀਵ-ਜੰਤੂ, ਰੁੱਖ-ਬੂਟੇ ਅਤੇ ਇਸਤਰੀ-ਪੁਰਸ਼ ਪੈਦਾ ਹੁੰਦੇ ਰਹਿੰਦੇ ਹਨ। ਪਰਾਕ੍ਰਮੀ ਅਤੇ ਪ੍ਰਤਾਪੀ ਪੁਰਖ ਵੀ ਪ੍ਰਿਥਵੀ ਅਤੇ ਇਸ ਦੇ ਲੋਕਾਂ ਉੱਪਰ ਪੈਣ ਵਾਲੇ ਦਬਾਵਾਂ ਅਤੇ ਜ਼ੁਲਮਾਂ ਸਿਤਮਾਂ ਵਿਚੋਂ ਪੈਦਾ ਹੁੰਦੇ ਹਨ। ਵੱਖ-ਵੱਖ ਦੇਸ਼ਾਂ ਵਿਚ ਰਾਜਨੀਤਕ ਤੇ ਸਮਾਜਿਕ ਅੰਦੋਲਨ ਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਆਗੂ ਵੀ ਉਨ੍ਹਾਂ ਦੇਸ਼ਾਂ ਵਿਚ ਪੈਦਾ ਹੋਣ ਵਾਲੇ ਹਾਲਾਤ ਦੀ ਦੇਣ ਹੁੰਦੇ ਹਨ। ਬੇਸ਼ੱਕ, ਹਰ ਖਿੱਤੇ ਜਾਂ ਧਰਤੀ ਨੂੰ ਜਿਹੋ-ਜਿਹੇ ਜੀਵ-ਜੰਤੂਆਂ ਜਾਂ ਇਸਤਰੀ-ਪੁਰਖਾਂ ਦੀ ਜ਼ਰੂਰਤ ਹੁੰਦੀ ਹੈ, ਉਹੋ ਜਿਹੇ ਪੈਦਾ ਹੁੰਦੇ ਰਹਿੰਦੇ ਹਨ। ਚੰਗੇ ਵੀ, ਮਾੜੇ ਵੀ, ਸੂਝਵਾਨ ਅਤੇ ਬੇਸੂਝ ਵੀ, ਚੇਤੰਨ ਅਤੇ ਗਾਫ਼ਲ ਵੀ। ਸ੍ਰਿਸ਼ਟੀ ਦਾ ਵਿਕਾਸ ਇਸੇ ਪ੍ਰਕਾਰ ਹੁੰਦਾ ਹੈ। ਇਹ ਇਕ ਜੈਸੀ ਜਾਂ ਇਕਰੰਗੀ ਨਹੀਂ ਹੋ ਸਕਦੀ।
ਪਰੰਤੂ ਤਾਂ ਵੀ ਹਰ ਵਿਅਕਤੀ ਨੂੰ ਇਹ ਸੋਚ-ਸਮਝ ਲੈਣਾ ਚਾਹੀਦਾ ਹੈ ਕਿ ਧਰਤੀ ਦੇ ਜਿਸ ਟੁਕੜੇ ਉੱਪਰ ਉਹ ਪੈਦਾ ਹੋਇਆ ਹੈ, ਉਸ ਦੇ ਵਿਕਾਸ ਲਈ ਉਹ ਆਪ ਜ਼ਿੰਮੇਵਾਰ ਹੈ। ਉਸ ਨੂੰ ਆਪਣੀ ਜ਼ਿੰਮੇਵਾਰੀ ਓਟ ਲੈਣੀ ਚਾਹੀਦੀ ਹੈ। ਉਹ ਆਪਣੇ ਹਿੱਸੇ ਦੀ ਧਰਤੀ ਨੂੰ ਸੰਵਾਰੇ ਜਾਂ ਵਿਗਾੜੇ, ਇਹ ਉਸ ਦਾ ਆਪਣਾ ਪ੍ਰਾਜੈਕਟ ਹੁੰਦਾ ਹੈ। ਕਈ ਵਾਰ ਸੰਵਾਰਨ ਦੀ ਕੋਸ਼ਿਸ਼ ਕਰਨ ਵਾਲੇ ਵਿਗਾੜ ਜਾਂਦੇ ਹਨ ਅਤੇ ਵਿਗਾੜਨ ਵਾਲੇ ਸੰਵਾਰ ਜਾਂਦੇ ਹਨ। ਕੁਦਰਤ ਦੇ ਕਾਰਜ-ਕ੍ਰਮ ਦਾ ਲੇਖਾ-ਜੋਖਾ ਬਹੁਤ ਸਮਾਂ ਬਾਅਦ ਵਿਚ ਹੁੰਦਾ ਹੈ। ਸੋ, ਕਰਮਸ਼ੀਲ ਰਹੋ, ਕੁਝ ਨਾ ਕੁਝ ਕਰਦੇ ਰਹੋ।
ਡਾਕਟਰ ਬ੍ਰਹਮ ਜਗਦੀਸ਼ ਸਿੰਘ
Comments (0)