ਦੋ ਮੁਸਲਮਾਨਾਂ ਦੇ ਕਤਲਾਂ ਦਾ ਦੋਸ਼ੀ ਮੋਨੂੰ ਮਾਨੇਸਰ ਬਿਸ਼ਨੋਈ ਗੈਂਗ ਵਿਚ ਹੋਣਾ ਚਾਹੁੰਦਾ ਏ ਸ਼ਾਮਲ

ਦੋ ਮੁਸਲਮਾਨਾਂ ਦੇ ਕਤਲਾਂ ਦਾ ਦੋਸ਼ੀ ਮੋਨੂੰ ਮਾਨੇਸਰ ਬਿਸ਼ਨੋਈ ਗੈਂਗ ਵਿਚ ਹੋਣਾ ਚਾਹੁੰਦਾ ਏ ਸ਼ਾਮਲ

ਲਾਰੈਂਸ ਬਿਸ਼ਨੋਈ ਦਾ ਇਕ ਹੋਰ ਵੀਡੀਓ ਵਾਇਰਲ, ਮੋਨੂੰ ਮਾਨੇਸਰ ਤੇ ਬਸੌਦੀ ਨਾਲ ਵਿਖਾਈ ਦਿੱਤਾ

ਵਿਰੋਧੀ ਧਿਰਾਂ ਵਲੋਂ ਪੰਜਾਬ ਦੇ ਮੁਖ ਮੰਤਰੀ ਤੋਂ ਅਸਤੀਫ਼ਾ ਦੀ ਮੰਗ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿਚ ਦੂਜੇ ਪਾਸੇ ਹਰਿਆਣਾ ਨੂਹ ਹਿੰਸਾ ਦਾ ਮੁਲਜ਼ਮ ਮੋਨੂੰ ਮਾਨੇਸਰ ਤੇ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ। ਬਸੌਦੀ ਲਾਰੈਂਸ ਨਾਲ ਬੈਠਾ ਹੈ ਜਦਕਿ ਮੋਨੂੰ ਦੂਜੇ ਪਾਸੇ ਗੱਲ ਕਰ ਰਿਹਾ ਹੈ। ਧਿਆਨ ਰਹੇ ਕਿ ਬੀਤੇ ਦਿਨੀਂ ਇਹ ਗੱਲ ਸਾਹਮਣੇ ਆਈ ਸੀ ਕਿ ਮੋਨੂੰ ਮਾਨੇਸਰ ਬਿਸ਼ਨੋਈ ਗੈਂਗ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ। ਇਸਦੇ ਲਈ ਉਹ ਲਗਾਤਾਰ ਲਾਰੈਂਸ ਗੈਂਗ ਦੇ ਸੰਪਰਕ ਵਿਚ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਤਕ ਉਸਦੀ ਗੱਲ ਲਾਰੈਂਸ ਗੈਂਗ ਨਾਲ ਹੋ ਰਹੀ ਸੀ। ਮੋਨੂੰ ਮਾਨੇਸਰ ਦੀ ਲਾਰੈਂਸ ਬਿਸ਼ਨੋਈ ਨਾਲ ਹੀ ਬਲਕਿ ਵਿਦੇਸ਼ ਵਿਚ ਬੈਠੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵੀ ਇਨਕ੍ਰਿਪਟਿਡ ਐਪ ’ਤੇ ਗੱਲ ਹੋਈ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀ ਜਾਂਚ ਕਰਨ ਦੀ ਗੱਲ ਕਹਿ ਰਹੇ ਹਨ। ਇਸ ਤੋਂ ਪਹਿਲਾਂ ਵੀ ਬਠਿੰਡਾ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਦੀ ਇਕ ਇੰਟਰਵਿਊ ਦਾ ਵੀਡੀਓ ਵਾਇਰਲ ਹੋਇਆ ਸੀ। ਇਸਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਪਰ ਇਸ ਮਾਮਲੇ ਵਿਚ ਕਰੀਬ ਛੇ ਮਹੀਨੇ ਹੋਣ ਨੂੰ ਆਏ ਹਨ ਪਰ ਹਾਲੇ ਤਕ ਜਾਂਚ ਅੱਗੇ ਨਹੀਂ ਵਧ ਸਕੀ। ਨਵਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਮੁੜ ਸਵਾਲ ਉੱਠਣ ਲੱਗੇ ਹਨ ਕਿ ਜੇਲ੍ਹਾਂ ਵਿਚ ਗੈਂਗਸਟਰਾਂ ਨੂੰ ਮੋਬਾਈਲ ਉਪਲਬਧ ਹੋ ਰਹੇ ਹਨ। ਪਰ ਇਹ ਕੌਣ ਉਪਲਬਧ ਕਰਵਾ ਰਿਹਾ ਹੈ।

ਵੀਡੀਓ ਕਦੋਂ ਦੀ ਹੈ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਰੈਂਸ ਲੰਬੇ ਸਮੇਂ ਤੋਂ ਜੇਲ੍ਹ ਵਿਚ ਬੰਦ ਹੈ। ਉੱਥੇ ਰਾਜੂ ਬਸੌਦੀ ਨੂੰ ਦੋ ਸਾਲ ਪਹਿਲਾਂ ਪੁਲਿਸ ਥਾਈਲੈਂਡ ਤੋਂ ਫੜ ਕੇ ਲਿਆਈ ਸੀ। ਮੋਨੂੰ ਨਾਸਿਰ ਤੇ ਜੁਨੈਦ ਦੀ ਹੱਤਿਆ ਦੇ ਦੋਸ਼ ’ਚ ਰਾਜਸਥਾਨ ਪੁਲਿਸ ਦੀ ਗ੍ਰਿਫ਼ਤ ਵਿਚ ਹੈ। ਬਸੌਦੀ ਤੇ ਲਾਰੈਂਸ ਦੀ ਦੋਸਤੀ ਬਹੁਤ ਪੁਰਾਣੀ ਹੈ। ਜਠੇੜੀ ਗੈਂਗ ਦੇ ਜ਼ਰੀਏ ਬਸੌਦੀ ਨੇ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਿਆ ਸੀ।

ਜਾਂਚ ਵਿਚ ਕੀ ਸਾਹਮਣੇ ਆਇਆ

ਹਾਲੇ ਤਕ ਜਾਂਚ ਵਿਚ ਇਹ ਗੱਲ ਪਤਾ ਲੱਗੀ ਹੈ ਕਿ ਮੁਲਜ਼ਮਾਂ ਵਿਚ ਗੱਲਬਾਤ 10 ਅਗਸਤ ਤੋਂ ਸ਼ੁਰੂ ਹੋਈ। ਸਿਗਨਲ ਐਪ ਰਾਹੀਂ ਦੋਵੇਂ ਗੱਲ ਕਰਦੇ ਸਨ। ਇਹ ਡਿਟੇਲ ਸੁਰੱਖਿਆ ਏਜੰਸੀਆਂ ਦੇ ਹੱਥ ਲੱਗੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਜਾ ਰਹੀ। ਵਿਦੇਸ਼ ਵਿਚ ਬੈਠੇ ਅਨਮੋਲ ਬਿਸ਼ਨੋਈ ਨੇ ਅਗਸਤ ’ਚ ਪਹਿਲਾ ਮੈਸੇਜ ਭੇਜਿਆ ਸੀ। ਜਿਸ ਤੋਂ ਬਾਅਦ ਲਗਾਤਾਰ ਗੱਲਬਾਤ ਹੋ ਰਹੀ ਹੈ। ਜੋਕਿ ਬੀਤੀ 10 ਸਤੰਬਰ ਤਕ ਜਾਰੀ ਰਹੀ। ਸਭ ਤੋਂ ਪਹਿਲਾਂ ਵਿਦੇਸ਼ ’ਚ ਬੈਠੇ ਅਨਮੋਲ ਨੇ ਇਹ ਜਾਣਕਾਰੀ ਮੋਨੂੰ ਨੂੰ ਦਿੱਤੀ ਕਿ ਲਾਰੈਂਸ ਦਾ ਫੋਨ ਚੱਲ ਰਿਹਾ ਹੈ। ਮੋਨੂੰ ਨੇ ਲਿਖਿਆ ਵਾਹ ਜੀ ਜੈ ਬਲਕਾਰੀ ਇਸ ਤੋਂ ਬਾਅਦ ਅਨਮੋਲ ਨੇ ਮੋਨੂੰ ਨੂੰ ਭਰਾ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਲਗਾਤਾਰ ਗੱਲਬਾਤ ਹੋ ਰਹੀ ਹੈ।

ਮਾਨ ਸਰਕਾਰ ਤੋਂ ਅਸਤੀਫੇ ਦੀ ਮੰਗ 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਹਰਿਆਣਾ ਵਿੱਚ ਨੂਹ ਹਿੰਸਾ ਦਾ ਮੁੱਖ ਦੋਸ਼ੀ ਮੋਨੂੰ ਮਾਨੇਸਰ ਹੈ। ਇਸ ਵੀਡੀਓ ਦਾ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਬਠਿੰਡਾ ’ਹਾਈ ਸਕਿਓਰਿਟੀ’ ਜੇਲ੍ਹ ਵਿਚ ਬੰਦ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੈਸ਼ਲ ਸਟੇਟ ਗੈਸਟ ਗੈਂਗਸਟਰ ਲਾਰੈਂਸ ਬਿਸ਼ਨੋਈ ਜਦੋਂ ਚਾਹੇ ਇੰਟਰਵਿਊ ਦਿੰਦਾ ਹੈ, ਵੀਡੀਓ ਕਾਲਾਂ ਕਰਦਾ ਹੈ ਤੇ ਜੋ ਜੀ ਆਵੇ ਕਰਦਾ ਹੈ। ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਭਗਵੰਤ ਮਾਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਜੇਕਰ ਹਾਈ ਸਕਿਓਰਿਟੀ ਜੇਲ੍ਹ ਦਾ ਇਹ ਹਾਲ ਹੈ ਤਾਂ ਦੂਜੀਆਂ ਜੇਲ੍ਹਾਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਪੰਜਾਬ ਦੀ ਸੁਰੱਖਿਆ ਇਸ ਵੇਲੇ ਖ਼ਤਰਨਾਕ ਪੜਾਅ ’ਤੇ ਪੁੱਜ ਗਈ ਹੈ । ਕੀ ਬਾਰਡਰ ਸਟੇਟ ਵਿਚ ਲਾਗੂ ਕੀਤਾ ਇਹੋ ਦਿੱਲੀ ਮਾਡਲ ਹੈ ? ਭਗਵੰਤ ਮਾਨ ਨੂੰ ਫੌਰੀ ਅਸਤੀਫਾ ਦੇਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਕਾਂਗਰਸ ਦੇ ਵਿਧਆਇਕ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹਾਂ ਵਿੱਚੋਂ ਵਾਰ-ਵਾਰ ਆ ਰਹੀਆਂ ਵੀਡੀਓ ਭਗਵੰਤ ਮਾਨ ਦੇ ਮੁੱਖ ਮੰਤਰੀ ਤੇ ਬਤੌਰ ਜੇਲ੍ਹ ਮੰਤਰੀ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ। ਇਸ ਤੋਂ ਇਹ ਸਭ ਸਾਬਤ ਹੁੰਦਾ ਕਿ ਕਾਨੂੰਨ ਦਾ ਕੋਈ ਡਰ ਨਹੀਂ ਹੈ, ਜੇਲ੍ਹਾਂ ਵਿੱਚ ਨਸ਼ੇ, ਮੋਬਾਈਲ ਆਦਿ ਸ਼ਰੇਆਮ ਉਪਲਬਧ ਹਨ! ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜੇਲ੍ਹਾਂ ਵਿੱਚ ਵੀ.ਆਈ.ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਬਿਸ਼ਨੋਈ ਦੇ ਜੇਲ੍ਹ ਵਿੱਚੋਂ ਕੀਤੇ ਇੰਟਰਵੀਊ ਬਾਰੇ ਵੀ ਅਜੇ ਤੱਕ ਕੁਝ ਨਹੀਂ ਕੀਤਾ ਹੈ।

ਜਾਣਕਾਰੀ ਮੁਤਾਬਕ ਗਊ ਰੱਖਿਆ ਦਲ ਨਾਲ ਜੁੜਿਆ,ਦੋ ਮੁਸਲਮਾਨਾਂ ਦੇ ਕਤਲਾਂ ਦੇ ਦੋਸ਼ਾਂ ਵਿਚ ਫਸਿਆ ਮੋਨੂੰ ਮਾਨੇਸਰ ਗੈਂਗਸਟਰ ਲਾਰੈਂਸ ਦੇ ਗੈਂਗ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ। ਇਹ ਵੀ ਪਤਾ ਲੱਗਾ ਹੈ ਕਿ ਮੋਨੂੰ ਮਾਨੇਸਰ ਨਾ ਸਿਰਫ ਲਾਰੈਂਸ ਨਾਲ ਬਲਕਿ ਅਨਮੋਲ ਬਿਸ਼ਨੋਈ ਨਾਲ ਵੀ ਗੱਲਬਾਤ ਕਰਦਾ ਸੀ। ਅਨਮੋਲ ਬਿਸ਼ਨੋਈ ਅਮਰੀਕਾ ਵਿੱਚ ਲੁਕਿਆ ਹੋਇਆ ਹੈ ਤੇ ਲਾਰੈਂਸ ਦਾ ਭਰਾ ਹੈ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦਾ ਹੈ। 

ਹੁਣ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵੀਡੀਓ ਕਦੋਂ ਵਾਇਰਲ ਹੋਇਆ। ਲਾਰੈਂਸ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੈ, ਜਦੋਂਕਿ ਰਾਜੂ ਬਸੌਦੀ ਨੂੰ ਪੁਲਿਸ ਨੇ 2020 ਵਿੱਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਮੋਨੂੰ ਮਾਨੇਸਰ ਨਾਸਿਰ ਤੇ ਜੁਨੈਦ ਕਤਲ ਕੇਸ ਵਿੱਚ ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਹੈ ਅਤੇ ਇਹੋ ਕਾਰਨ ਹੈ ਕਿ ਲਾਰੈਂਸ ਦੀਆਂ ਜੇਲ੍ਹ ਵਿੱਚੋਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹੁਣ ਖੁੱਲ੍ਹੇਆਮ ਫੋਨ ਕਾਲਾਂ ਹੋਣ ਦੇ ਤੱਥ ਸਾਹਮਣੇ ਆਉਣ ’ਤੇ ਸਰਕਾਰ ਦਾ ਕੋਈ ਵੀ ਨੁਮਇੰਦਾ, ਆਗੂ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਪੰਜਾਬ ਦੇ ਪ੍ਰਬੰਧ ’ਤੇ ਬੋਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਜਵਾਬ ਦੇਣ ਕਿ ਜੇਲ੍ਹ ਵਿੱਚ ਬੈਠਾ ਬਿਸ਼ਨੋਈ ਇਸ ਤਰ੍ਹਾਂ ਫੋਨ ’ਤੇ ਬਾਹਰ ਸੰਪਰਕ ਬਣਾ ਕੇ ਫ਼ਿਰੌਤੀਆਂ ਮੰਗ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕਿਸੇ ਦਾ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੂੰ ਛੱਡ ਕੇ ਬਾਕੀ ‘ਆਪ’ ਸਰਕਾਰ ਦੇ ਵਿਧਾਇਕ ਗੈਂਗਸਟਰਵਾਦ ਨੂੰ ਹੁਲਾਰਾ ਦੇ ਰਹੇ ਹਨ, ਜਿਸ ਕਾਰਨ ਕੋਈ ਵੀ ਜ਼ੁਬਾਨ ਨਹੀਂ ਖੋਲ੍ਹ ਰਿਹਾ। ਉਨ੍ਹਾਂ ਆਗੂਆਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਤੁਲਨਾ ਪੰਜਾਬ ਵਿੱਚ ਹੁੰਦੇ ਆਮ ਕਤਲਾਂ ਨਾਲ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੁਨੀਆਂ ਦਾ ਸੈਲੀਬ੍ਰਿਟੀ ਸੀ, ਉਸ ਦਾ ਕਤਲ ਕੋਈ ਆਮ ਗੱਲ ਨਹੀਂ ਹੈ ਅਤੇ ਸਰਕਾਰ ਨੂੰ ਇਹ ਹੀ ਆਮ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਕਾਰਨ ਸਹਿਮ ਦਾ ਮਾਹੌਲ ਹੈ ਜਿਨ੍ਹਾਂ ਤੋਂ ਡਰਦੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ।